ਮਾਨਸਾ : ਬਠਿੰਡਾ ਲੋਕ ਸਭਾ ਹਲਕੇ ਤੋਂ ਰਾਜਾ ਵੜਿੰਗ ਜਾਂ ਅੰਮ੍ਰਿਤਾ ਵੜਿੰਗ ਉਮੀਦਵਾਰ ਨਹੀਂ ਹੋਣਗੇ, ਬਲਕਿ ਮਹੇਸ਼ਇੰਦਰ ਸਿੰਘ ਬਾਦਲ ਦੇ ਪੁੱਤਰ ਅਤੇ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤ ਇੰਦਰ ਮੋਫਰ ਵੱਲੋਂ ਅਪਲਾਈ ਕੀਤਾ ਗਿਆ ਹੈ, ਪਾਰਟੀ ਜਿਸ ਨੂੰ ਵੀ ਟਿਕਟ ਦੇਵੇਗੀ ਅਸੀਂ ਉਹਨਾਂ ਨੂੰ ਜਿਤਾਉਣ ਦੇ ਲਈ ਮਿਹਨਤ ਕਰਾਂਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵਰਕਰ ਮੀਟਿੰਗ ਦੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਬਠਿੰਡਾ ਤੋਂ ਕਾਂਗਰਸ ਦਾ ਇਹ ਹੋ ਸਕਦਾ ਉਮੀਦਵਾਰ: ਮਾਨਸਾ ਵਿਖੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਮੋਦੀ ਵਰਸਿਸ ਕਾਂਗਰਸ ਦੀ ਲੜਾਈ ਹੈ ਅਤੇ ਕਾਂਗਰਸ ਪਾਰਟੀ ਹੀ ਮੋਦੀ ਨੂੰ ਟੱਕਰ ਦੇ ਸਕਦੀ ਹੈ। ਇਸ ਲਈ ਰਾਹੁਲ ਗਾਂਧੀ ਨੂੰ ਦੇਸ਼ ਵਿੱਚ ਮਜਬੂਤ ਕਰਨ ਦੇ ਲਈ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਬਠਿੰਡਾ ਲੋਕ ਸਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਅੰਮ੍ਰਿਤਾ ਵੜਿੰਗ ਹੋਣ ਦੀ ਚਰਚਾ 'ਤੇ ਬੋਲਦੇ ਹੋਏ ਕਿਹਾ ਕਿ ਅੰਮ੍ਰਿਤਾ ਵੜਿੰਗ ਜਾਂ ਫਿਰ ਰਾਜਾ ਵੜਿੰਗ ਬਠਿੰਡਾ ਤੋਂ ਉਮੀਦਵਾਰ ਨਹੀਂ ਹੋਣਗੇ, ਕਿਉਂਕਿ ਇਥੋਂ ਮਹੇਸ਼ਇੰਦਰ ਸਿੰਘ ਬਾਦਲ ਦੇ ਪੁੱਤਰ ਫਤਿਹ ਬਾਦਲ ਵੱਲੋਂ ਅਤੇ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਵੱਲੋਂ ਟਿਕਟ ਲਈ ਅਪਲਾਈ ਕੀਤਾ ਹੈ, ਜਿਸ ਨੂੰ ਵੀ ਪਾਰਟੀ ਟਿਕਟ ਦੇਵੇਗੀ ਅਸੀਂ ਉਸ ਦੀ ਮਦਦ ਕਰਾਂਗੇ।
ਜ਼ਹਿਰੀਲੀ ਸ਼ਰਾਬ ਨਾਲ ਮੌਤਾਂ 'ਤੇ ਸੀਬੀਆਈ ਜਾਂਚ ਦੀ ਮੰਗ: ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਚਾਰ ਚੋਣਾਂ ਇਸ ਤੋਂ ਪਹਿਲਾਂ ਲੜ ਚੁੱਕਿਆ ਹੈ, ਇਸ ਲਈ ਇਸ ਵਾਰ 13 ਦੀਆਂ 13 ਲੋਕ ਸਭਾ ਸੀਟਾਂ ਜਿਤਾਉਣ ਦੇ ਲਈ ਪੰਜਾਬ ਭਰ ਦੇ ਵਿੱਚ ਪ੍ਰਚਾਰ ਕਰਨਗੇ। ਸੰਗਰੂਰ ਹਲਕੇ ਦੇ ਵਿੱਚ ਨਜਾਇਜ਼ ਸ਼ਰਾਬ ਦੇ ਨਾਲ ਹੋਈਆਂ ਅੱਠ ਮੌਤਾਂ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਦਾ ਜਿੰਮੇਵਾਰ ਕੌਣ ਹੈ। ਕਾਂਗਰਸ ਦੀ ਸਰਕਾਰ ਵੇਲੇ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ 'ਤੇ ਕੇਜਰੀਵਾਲ ਵੱਲੋਂ ਟਵੀਟ ਕਰਕੇ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਗਈ ਸੀ ਤਾਂ ਹੁਣ ਅਸੀਂ ਵੀ ਸੀਬੀਆਈ ਤੋਂ ਇਸ ਮਾਮਲੇ ਦੀ ਜਾਂਚ ਮੰਗਦੇ ਹਾਂ ਅਤੇ ਮੁੱਖ ਮੰਤਰੀ ਤੇ ਹਰਪਾਲ ਸਿੰਘ ਚੀਮਾ ਇਸ 'ਤੇ ਜਵਾਬ ਜ਼ਰੂਰ ਦੇਣ।
ਕੇਂਦਰ ਦੇ ਅਲਰਟ 'ਤੇ ਵੀ ਮੂਸੇਵਾਲਾ ਦੀ ਸੁਰੱਖਿਆ ਘਟਾਈ: ਸਿੱਧੂ ਮੂਸੇਵਾਲਾ ਦੇ ਪਿਤਾ ਤੋਂ ਬੱਚੇ ਦੇ ਮੰਗੇ ਜਾ ਰਹੇ ਡਾਕੂਮੈਂਟ 'ਤੇ ਰਾਜਾ ਵੜਿੰਗ ਨੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਚਿੱਠੀ ਦੀ ਪੰਜਾਬ ਸਰਕਾਰ ਵੱਲੋਂ ਪਾਲਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਜਾਨ ਨੂੰ ਖਤਰਾ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈ ਲਈ ਗਈ ਸੀ ਤਾਂ ਉਦੋਂ ਕੇਂਦਰ ਸਰਕਾਰ ਦੀ ਚਿੱਠੀ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਤੇ ਅੱਜ ਕੇਂਦਰ ਸਰਕਾਰ ਦੀ ਚਿੱਠੀ ਦੀ ਪਾਲਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਬਹੁਤ ਚਿੱਠੀਆਂ ਕਰਦੀ ਹੈ ਤਾਂ ਤੁਸੀਂ ਉਸ ਚਿੱਠੀ ਨੂੰ ਰੋਕ ਕਿਉਂ ਨਹੀਂ ਲੈਂਦੇ। ਐਸਵਾਈਐਲ 'ਤੇ ਵੀ ਚਿੱਠੀਆਂ ਕੱਢੀਆਂ ਜਾਂਦੀਆਂ ਹਨ ਤਾਂ ਕੀ ਤੁਸੀਂ ਉਹ ਚਿੱਠੀਆਂ ਮੰਨ ਲੈਂਦੇ ਹੋ।
ਚੋਣਾਂ ਦੇ ਚੱਲਦੇ ਸਰਕਾਰ ਨੇ ਲਿਆ ਯੂ ਟਰਨ: ਉਹਨਾਂ ਕਿਹਾ ਕਿ ਅੱਜ ਸਰਕਾਰ ਯੂ ਟਰਨ ਲੈ ਗਈ ਅਤੇ ਸੈਕਟਰੀ ਨੂੰ ਨੋਟਿਸ ਕੱਢ ਦਿੱਤਾ। ਇਸੇ ਤਰ੍ਹਾਂ ਹੀ ਪਹਿਲਾਂ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਕੇ ਯੂ ਟਰਨ ਲੈ ਲਿਆ ਸੀ। ਉਹਨਾਂ ਕਿਹਾ ਕਿ ਮੂਸੇ ਵਾਲਾ ਦੇ ਪਰਿਵਾਰ ਦੇ ਹੱਕ ਵਿੱਚੋਂ ਹੁਣ ਜਦੋਂ ਪੂਰੀ ਦੁਨੀਆਂ ਦੇ ਲੋਕ ਇਕੱਠੇ ਹੋ ਗਏ ਤਾਂ ਇਹਨਾਂ ਨੇ ਚੋਣਾਂ ਨੂੰ ਦੇਖਦੇ ਹੋਏ ਯੂ ਟਰਨ ਲੈ ਲਿਆ ਹੈ ਅਤੇ ਪ੍ਰਿੰਸੀਪਲ ਸੈਕਟਰੀ 'ਤੇ ਗੱਲ ਸੁੱਟ ਦਿੱਤੀ ਹੈ। ਉਹਨਾਂ ਕਿਹਾ ਕਿ ਬਲਕੌਰ ਸਿੰਘ ਅੱਜ ਤੱਕ ਤੁਹਾਡੇ ਤੋਂ ਇਨਸਾਫ਼ ਮੰਗ ਰਿਹਾ ਹੈ ਅਤੇ ਜਿਸ ਬੰਦੇ ਨੇ ਕਤਲ ਕਰਵਾਇਆ ਉਸ ਦੀ ਸ਼ਰੇਆਮ ਇੰਟਰਵਿਊ ਵੀ ਜੇਲ੍ਹ ਦੇ ਵਿੱਚ ਹੋਈ ਅਤੇ ਹਾਈ ਕੋਰਟ ਨੇ ਉਸ 'ਤੇ ਨੋਟਿਸ ਲਿਆ ਹੈ ਪਰ ਅੱਜ ਤੱਕ ਇਹ ਸਰਕਾਰ ਕਹਿ ਰਹੀ ਹੈ, ਸਾਨੂੰ ਪਤਾ ਹੀ ਨਹੀਂ ਕਿ ਇੰਟਰਵਿਊ ਕਿਹੜੀ ਜੇਲ੍ਹ ਦੇ ਵਿੱਚ ਹੋਈ ਹੈ। ਉਹਨਾਂ ਕਿਹਾ ਕਿ ਸ਼ੁਭਕਰਨ ਮਾਮਲੇ ਵਿੱਚ ਵੀ ਬੇਨਾਮ ਲੋਕਾਂ 'ਤੇ ਮਾਮਲਾ ਦਰਜ ਕਰ ਦਿੱਤਾ ਹੈ।
- ਲੋਕ ਸਭਾ ਚੋਣਾਂ 2024: ਪੰਜਾਬ ਵਿੱਚ 100 ਤੋਂ 119 ਸਾਲ ਦੀ ਉਮਰ ਦੇ 5004 ਵੋਟਰ: ਮੁੱਖ ਚੋਣ ਅਧਿਕਾਰੀ - Lok Sabha Elections 2024
- ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਚਾਰ ਮੁਲਜ਼ਮ ਕੀਤੇ ਕਾਬੂ - Sangrur hooch tragedy update
- ਸਿੱਖਿਆ ਵਿਭਾਗ ਦਾ ਵੱਡਾ ਐੈਕਸ਼ਨ, ਬਰਨਾਲਾ ਜ਼ਿਲ੍ਹੇ 'ਚ 26 ਸਕੂਲਾਂ ਦੀ ਮਾਨਤਾ ਕੀਤੀ ਰੱਦ - schools recognition canceled