ਬਠਿੰਡਾ: ਸਵੇਰ ਤੋਂ ਹੀ ਬਠਿੰਡਾ ਜ਼ਿਲ੍ਹੇ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ, ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਇਹ ਬਰਸਾਤ ਕਈ ਇਲਾਕਿਆਂ ਵਿੱਚ ਆਫ਼ਤ ਬਣ ਕੇ ਆਈ ਹੈ। ਬਠਿੰਡਾ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਕਈ ਕਈ ਫੁੱਟ ਪਾਣੀ ਜਮਾਂ ਹੋ ਗਿਆ ਹੈ। ਜਿਸ ਕਾਰਨ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਸ਼ਾਸਨ ਦੇ ਦਾਅਵੇ ਖੋਖਲੇ: ਬਠਿੰਡਾ ਦੇ ਮਾਲ ਰੋਡ ਅਮਰੀਕ ਸਿੰਘ ਰੋਡ ਸਿਰਕੀ ਬਾਜ਼ਾਰ ਅਤੇ ਪਾਵਰਸ ਰੋਡ, ਮਾਨਸਾ ਰੋਡ, ਅੰਡਰ ਬ੍ਰਿਜ ਵਿੱਚ ਬਰਸਾਤ ਦਾ ਪਾਣੀ ਕਈ ਕਈ ਫੁੱਟ ਜਮਾਂ ਹੋ ਗਿਆ। ਇਸ ਜਮਾਂ ਹੋਏ ਪਾਣੀ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ, ਕਿਉਂਕਿ ਪਿਛਲੇ ਦਿਨੀਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਗਿਆ ਸੀ ਕਿ ਬਠਿੰਡਾ ਵਿੱਚ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਮੋਟਰਾਂ ਬੰਦ ਪਈਆਂ: ਬਠਿੰਡਾ ਦੇ ਸਿਰਕੀ ਬਾਜ਼ਾਰ ਬਿਜਲੀ ਪਾਣੀ ਦੀਆਂ ਮੋਟਰਾਂ ਬੰਦ ਹੋਣ ਕਾਰਨ ਬਾਜ਼ਾਰ ਵਿੱਚ ਕਈ ਕਈ ਫੁੱਟ ਪਾਣੀ ਜਮਾਂ ਹੋ ਗਿਆ ਜਿਸ ਕਾਰਨ ਕਾਰੋਬਾਰੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਲਗਭਗ ਅੱਧਾ ਬਾਜ਼ਾਰ ਪਾਣੀ ਜਮਾਂ ਹੋਣ ਕਾਰਨ ਬੰਦ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਬਰਸਾਤ ਦਾ ਪਾਣੀ ਸੜਕਾਂ ਉੱਤੇ ਜਮਾਂ ਹੋਇਆ ਹੈ। ਇਹ ਸਭ ਉਨ੍ਹਾਂ ਦੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਧਰ ਦੂਜੇ ਪਾਸੇ ਬਿਜਲੀ ਨਾ ਹੋਣ ਕਾਰਨ ਪਾਣੀ ਦੀਆਂ ਮੋਟਰਾਂ ਨਹੀਂ ਚੱਲ ਪਈਆਂ ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ। ਸ਼ਹਿਰ ਵਾਸੀ ਕਾਫੀ ਪਰੇਸ਼ਾਨ ਨਜ਼ਰ ਆਏ।
ਮਕਾਨ ਦੀ ਛੱਤ ਡਿੱਗੀ: ਸਵੇਰ ਤੋਂ ਪੈ ਰਹੀ ਬਰਸਾਤ ਕਾਰਨ ਬਠਿੰਡਾ ਦੀ ਪ੍ਰਜਾਪਤ ਕਲੋਨੀ ਵਿੱਚ ਇੱਕ ਮਕਾਨ ਦੀ ਛੱਤ ਡਿੱਗੀ ਗਈ। ਜਦੋਂ ਮਕਾਨ ਦੀ ਛੱਤ ਡਿੱਗੀ ਤਾਂ ਮਕਾਨ ਮਾਲਕ ਪਰਿਵਾਰ ਸਮੇਤ ਕਿਤੇ ਬਾਹਰ ਗਏ ਹੋਏ ਸੀ। ਜਦੋਂ ਵਾਪਸ ਪਰਤੇ ਤਾਂ ਦੇਖਿਆ ਕਿ ਉਨ੍ਹਾਂ ਦੇ ਮਕਾਨ ਦੀ ਛੱਤ ਡਿੱਗੀ ਹੋਈ ਸੀ। ਮਕਾਨ ਮਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ, ਪਰ ਆਰਥਿਕ ਤੌਰ ਉੱਤੇ ਵੱਡਾ ਨੁਕਸਾਨ ਹੋਇਆ ਹੈ ਅਤੇ ਲੋੜੀਂਦਾ ਸਮਾਨ ਛੱਤ ਡਿੱਗਣ ਕਾਰਨ ਮਲਬੇ ਦੇ ਹੇਠ ਆ ਗਿਆ ਹੈ।