ਚੰਡੀਗੜ੍ਹ: ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲਈ ਹੈ। ਪੰਜਾਬ, ਹਰਿਆਣਾ, ਦਿੱਲੀ 'ਚ ਮੀਂਹ ਨੇ ਠੰਢ ਕੀਤੀ ਹੈ ਤਾਂ ਹਿਮਾਚਲ ਦੇ ਉਤਲੇ ਇਲਾਕੇ ਅਤੇ ਜੰਮੂ ਕਸ਼ਮੀਰ 'ਚ ਪੈ ਰਹੀ ਬਰਫ ਨੇ ਵੀ ਲੋਕਾਂ ਨੂੰ ਠਾਰ ਦਿੱਤਾ ਹੈ। ਸ਼ਨੀਵਾਰ ਰਾਤ ਤੋਂ ਹੀ ਦਿੱਲੀ, ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਐਤਵਾਰ ਸਵੇਰ ਤੱਕ ਅੰਮ੍ਰਿਤਸਰ, ਫਰੀਦਕੋਟ, ਪਾਣੀਪਤ, ਕਰਨਾਲ, ਪੰਚਕੂਲਾ, ਹਿਸਾਰ, ਜੀਂਦ, ਨਾਰਨੌਲ ਵਿੱਚ ਬੂੰਦਾਬਾਂਦੀ ਜਾਰੀ ਹੈ। ਇੱਥੇ ਕਰੀਬ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਕਈ ਜ਼ਿਲ੍ਹਿਆਂ ਵਿੱਚ ਮੀਂਹ ਤੋਂ ਬਾਅਦ ਮੌਸਮ ਖੁੱਲ੍ਹ ਗਿਆ ਹੈ। ਹਾਲਾਂਕਿ ਅਜੇ ਵੀ ਬੱਦਲਵਾਈ ਹੈ।
ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਮੀਂਹ: ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਓਰੇਂਜ ਅਲਰਟ ਹੈ। ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਲ ਹਨ। ਇੱਥੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜ਼ਿਆਦਾ ਹੈ। ਬਾਕੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਲਈ ਓਰੇਂਜ ਅਲਰਟ ਹੈ। ਜਿਸ ਵਿੱਚ ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਰੇਵਾੜੀ, ਮੇਵਾਤ, ਪਲਵਲ, ਗੁਰੂਗ੍ਰਾਮ, ਝੱਜਰ, ਰੋਹਤਕ ਅਤੇ ਸੋਨੀਪਤ ਸ਼ਾਮਲ ਹਨ। ਦੂਜੇ ਪਾਸੇ ਹਿਮਾਚਲ 'ਚ ਦੂਜੀ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ 7 ਫਰਵਰੀ ਤੱਕ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਚੰਬਾ-ਲਾਹੌਲ ਸਪਿਤੀ 'ਚ ਵੀ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹੋਰ ਸੈਰ-ਸਪਾਟਾ ਸਥਾਨਾਂ 'ਤੇ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਰਾਜਧਾਨੀ ਦਿੱਲੀ 'ਚ ਵੀ ਬਦਲਿਆ ਮੌਸਮ: ਰਾਜਧਾਨੀ 'ਚ ਐਤਵਾਰ ਸਵੇਰੇ ਹਲਕੀ ਬਾਰਿਸ਼ ਹੋਈ, ਜਿਸ ਨਾਲ ਸਵੇਰੇ ਠੰਡ ਵਧ ਗਈ। ਹਾਲਾਂਕਿ ਸ਼ਨੀਵਾਰ ਦੇ ਮੁਕਾਬਲੇ ਧੁੰਦ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਵੀ ਅੱਜ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਦਿਨ ਭਰ ਮੀਂਹ ਪੈ ਸਕਦਾ ਹੈ। ਸਵੇਰੇ 7:30 ਵਜੇ ਤੱਕ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਅੱਜ ਹਵਾ ਵਿੱਚ ਨਮੀ ਦਾ ਪੱਧਰ 90 ਫੀਸਦੀ ਰਹਿਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਰਫਤਾਰ ਛੇ ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।
ਦਿੱਲੀ 'ਚ ਕੁਝ ਅਜਿਹਾ ਰਿਹਾ ਤਾਪਮਾਨ: ਉਥੇ ਹੀ ਸਵੇਰ ਦਾ ਤਾਪਮਾਨ ਐਨਸੀਆਰ ਵਿੱਚ 14 ਡਿਗਰੀ ਸੈਲਸੀਅਸ, ਗਾਜ਼ੀਆਬਾਦ ਵਿੱਚ 13 ਡਿਗਰੀ ਸੈਲਸੀਅਸ, ਗ੍ਰੇਟਰ ਨੋਇਡਾ ਵਿੱਚ 14 ਡਿਗਰੀ ਸੈਲਸੀਅਸ ਅਤੇ ਨੋਇਡਾ ਵਿੱਚ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ 5 ਅਤੇ 6 ਫਰਵਰੀ ਨੂੰ ਮੁੜ ਧੁੰਦ ਦੇਖਣ ਨੂੰ ਮਿਲ ਸਕਦੀ ਹੈ। 7 ਫਰਵਰੀ ਨੂੰ ਬਰਫੀਲੀਆਂ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਹੈ।