ਬਰਨਾਲਾ: ਪੰਜਾਬ ਵਿੱਚ ਝੋਨੇ ਦੇ ਸੀਜ਼ਨ ਨੂੰ ਲੈ ਕੇ ਮਾੜੇ ਪ੍ਰਬੰਧਾਂ ਲਈ ਸਿੱਧੇ ਤੌਰ 'ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਮੇਵਾਰ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਅਤੇ ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਉਪਰੰਤ ਗੱਲਬਾਤ ਦੌਰਾਨ ਕੀਤਾ।
ਕੇਂਦਰ ਨੇ ਦੋ ਮਹੀਨੇ ਪਹਿਲਾਂ ਦਿੱਤਾ ਪੈਸਾ
ਕੇਵਲ ਢਿੱਲੋਂ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਲਈ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਦੋ ਮਹੀਨੇ ਪਹਿਲਾਂ ਹੀ 44 ਹਜ਼ਾਰ ਕਰੋੜ ਰੁਪਏ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ। ਇਸ ਪੈਸੇ ਨਾਲ ਪੰਜਾਬ ਸਰਕਾਰ ਨੇ ਬਾਰਦਾਨਾ, ਫ਼ਸਲ ਦੀ ਖ਼ਰੀਦ ਅਤੇ ਮੰਡੀਆਂ ਵਿੱਚੋਂ ਲਿਫ਼ਟਿੰਗ ਦੇ ਪ੍ਰਬੰਧ ਕਰਨੇ ਸਨ, ਪਰ ਦੋ ਮਹੀਨੇ ਵਿੱਚ ਪੰਜਾਬ ਸਰਕਾਰ ਝੋਨੇ ਦੀ ਫ਼ਸਲ ਨੂੰ ਖ਼ਰੀਦਣ ਦੇ ਪ੍ਰਬੰਧ ਨਹੀਂ ਕਰ ਸਕੀ। ਜਿਸ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਆਪਣੀ ਫ਼ਸਲ ਵੇਚਣ ਲਈ ਸੜਕਾਂ ਉਪਰ ਰੁਲਣਾ ਪੈ ਰਿਹਾ ਹੈ।
ਮਾੜੇ ਖਰੀਦ ਪ੍ਰਬੰਧਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਅੰਨਦਾਤੇ ਦੀ ਇਸ ਬੇਕਦਰੀ ਲਈ ਆਪ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਜਿੰਮੇਵਾਰ ਹਨ। ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਫ਼ਸਲ ਖ਼ਰੀਦਣ ਦੇ ਪ੍ਰਬੰਧਾਂ ਵਿੱਚ ਅੱਜ ਤੱਕ ਦੀ ਸਭ ਤੋਂ ਮਾੜੀ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ। ਜਿਸ ਨੂੰ ਸਾਡੇ ਪੰਜਾਬ ਦੇ ਲੋਕ ਇਹਨਾਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਸਬਕ ਸਿਖਾਉਣਗੇ।
ਕਿਸਾਨਾਂ ਨਾਲ ਡਟ ਕੇ ਖੜੀ ਕੇਂਦਰ ਸਰਕਾਰ
ਉਹਨਾਂ ਕਿਹਾ ਕਿ ਭਾਜਪਾ ਹਰ ਕਦਮ 'ਤੇ ਕਿਸਾਨਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਕਿਸਾਨਾਂ ਨੂੰ ਇਸ ਤਰ੍ਹਾਂ ਰੁਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਕੇਂਦਰ ਸਰਕਾਰ ਹਰ ਹਾਲ ਖਰੀਦੇਗੀ। ਉਥੇ ਉਹਨਾਂ ਕਿਹਾ ਕਿ ਆੜਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਵੀ ਕੇਂਦਰ ਸਰਕਾਰ ਧਿਆਨ ਨਾਲ ਸੁਣ ਕੇ ਹੱਲ ਕਰ ਰਹੀ ਹੈ।