ਬਰਨਾਲਾ: ਪਰਾਲੀ ਪ੍ਰਬੰਧਨ 'ਚ ਅਹਿਮ ਯੋਗਦਾਨ ਪਾਉਂਦਿਆਂ ਜ਼ਿਲ੍ਹਾ ਬਰਨਾਲਾ 'ਚ ਪੰਜਾਬ ਦਾ ਪਹਿਲਾ ਪਰਾਲੀ ਪ੍ਰਬੰਧਨ ਪਲਾਂਟ ਪਿੰਡ ਪੰਧੇਰ ਵਿਖੇ ਸ਼ੁਰੂ ਕੀਤਾ ਗਿਆ ਹੈ ਜਿਥੇ ਪਰਾਲੀ ਤੋਂ ਖਾਦ ਬਣਾ ਕੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਧੇਰ ਬਹੁਮੰਤਵੀ ਸਹਿਕਾਰਤਾ ਸੋਸਾਇਟੀ ਵਿੱਚ ਸੀ.ਆਈ.ਆਈ ਫਾਊਂਡੇਸ਼ਨ ਦੀ ਮਦਦ ਨਾਲ ਇੱਕ ਕੰਪੋਸਟ ਪਲਾਂਟ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਰਾਲੀ ਦੀ ਸਮੱਸਿਆ ਤੋਂ ਕਿਸਾਨਾਂ ਨੂੰ ਨਿਜਾਤ ਦਵਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਪਰਾਲੀ ਪ੍ਰਬੰਧਨ ਪ੍ਰੌਜੈਕਟ: ਸੀ.ਆਈ.ਆਈ ਫਾਊਂਡੇਸ਼ਨ ਵੱਲੋਂ ਸਾਲ 2018 ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਪਰਾਲੀ ਪ੍ਰਬੰਧਨ ਪ੍ਰੌਜੈਕਟ ਚਲਾਇਆ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਵਿੱਚ ਸਾਲ 2022 ਤੋਂ ਸੀ.ਆਈ.ਆਈ. ਫਾਊਂਡੇਸ਼ਨ ਨੇ ਗੁੱਡਯੀਅਰ ਨਾਲ ਮਿਲ ਕੇ 44 ਪਿੰਡਾਂ ਵਿੱਚ ਪਰਾਲੀ ਪ੍ਰਬੰਧਨ ਪ੍ਰੌਜੈਕਟ ਚਲਾਏ, ਜਿਸਦੇ ਹੇਠ ਸਾਲ 2022 ਤੋਂ ਹੁਣ ਤੱਕ ਇਨ੍ਹਾਂ ਪਿੰਡਾਂ ਨਾਲ ਲਗਦੀਆਂ 28 ਸਹਿਕਾਰਤਾ ਸੁਸਾਇਟੀਆਂ ਵਿੱਚ 79 ਇਨਸੀਟੂ (ਖੇਤਾਂ ਵਿਚ ਹੀ) ਮਸ਼ੀਨਾਂ ਦਿੱਤੀਆਂ ਗਈਆਂ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਕੇ ਕਿਸਾਨਾਂ ਨੇ ਆਪਣੀ ਖੇਤ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕੀਤੀ । ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਇਨ੍ਹਾਂ ਸੰਸਥਾਵਾਂ ਵੱਲੋਂ ਪਰਾਲੀ ਦੇ ਐਕਸ-ਸੀਟੂ (ਖੇਤਾਂ ਤੋਂ ਬਾਹਰ ਪਰਾਲੀ) ਦੇ ਹੱਲ ਲਈ ਇਥੋਂ ਦੀ ਪੰਧੇਰ ਬਹੁਮੰਤਵੀ ਸਹਿਕਾਰਤਾ ਵਿੱਚ ਇੱਕ ਕੰਪੋਸਟ ਪਲਾਂਟ ਲਗਾਇਆ ਗਿਆ।
ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ: ਇਸ ਪਲਾਂਟ 'ਚ ਕਿਸਾਨਾਂ ਵੱਲੋਂ ਲਿਆਈ ਗਈ ਪਰਾਲੀ ਨੂੰ ਕੁਤਰੇ ਕਰਕੇ ਉਸ ਨੂੰ ਇਹ ਡਰੱਮ ਵਿਚ ਪਾ ਦਿੱਤਾ ਜਾਵੇਗਾ। ਇਸ ਡਰੱਮ 'ਚ ਪਰਾਲੀ ਨੂੰ ਖਾਦ ਬਣਾਉਣ ਲਈ ਡਿਕੰਪੋਸਰ ਪਾਏ ਜਾਣਗੇ ਅਤੇ 15 ਦਿਨਾਂ ਤੱਕ ਇਸ ਨੂੰ ਬੰਦ ਕਰਕੇ ਰੱਖਿਆ ਜਾਵੇਗਾ। 15 ਦਿਨਾਂ 'ਚ ਖਾਦ ਤਿਆਰ ਕਰਕੇ ਸਬੰਧਿਤ ਕਿਸਾਨ ਨੂੰ ਵਾਪਸ ਦੇ ਦਿੱਤੀ ਜਾਵੇਗੀ ਅਤੇ ਇਸ ਦੀ ਵਰਤੋਂ ਆਰਗੈਨਿਕ ਖਾਦ ਦੇ ਤੌਰ 'ਤੇ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਪਿੰਡ ਪੰਧੇਰ ਵਿਖੇ ਲਗਾਇਆ ਇਹ ਪਲਾਂਟ ਇੱਕ ਦਿਨ 'ਚ 20 ਤੋਂ 25 ਕੁਇੰਟਲ ਪਰਾਲੀ ਨੂੰ ਖਾਦ 'ਚ ਤਬਦੀਲ ਕਰ ਸਕਦਾ ਹੈ। ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤਾ ਜੌਹਲ ਨੇ ਇਸ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਇਸ ਖੁਸ਼ੀ ਦੇ ਮੌਕੇ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।
- ਡਿਸਕੁਆਲੀਫਾਈ ਹੋਈ ਰੈਸਲਰ ਵਿਨੇਸ਼ ਫੋਗਾਟ ਦੇ ਘਰ ਪਹੁੰਚੇ ਸੀਐੱਮ ਮਾਨ, ਕਿਹਾ- ਕੇਂਦਰ ਸਰਕਾਰ ਨੇ ਨਹੀਂ ਦਿੱਤਾ ਖਿਡਾਰੀਆਂ ਦਾ ਸਾਥ - CM maan meet Phogat family
- ਐੱਸਆਈਟੀ ਦੇ ਖੁਲਾਸੇ ਮਗਰੋਂ ਮੂਸੇਵਾਲਾ ਦੇ ਪਿਤਾ ਨੇ ਸੂਬਾ ਸਰਕਾਰ ਉੱਤੇ ਚੁੱਕੇ ਸਵਾਲ, ਵਿਰੋਧੀਆਂ ਨੇ ਵੀ ਘੇਰੀ ਪੰਜਾਬ ਸਰਕਾਰ - lawrence bishnoi interview
- SGPC ਮੁਲਾਜ਼ਮ ਦੇ ਕਤਲ ਕਾਂਡ 'ਚ ਹੋਇਆ ਵੱਡਾ ਖੁਲਾਸਾ, ਜਾਣੋਂ ਕਿਉਂ ਹੋਇਆ ਸੀ ਦਰਬਾਰਾ ਸਿੰਘ ਦਾ ਕਤਲ - SGPC employee murder case
ਮਸ਼ੀਨਾਂ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ: ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ.ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਸਮਾਰਟ ਸੀਡਰ ਅਤੇ ਸਰਫੇਸ ਸੀਡਰ ਵਰਗੀਆਂ ਮਸ਼ੀਨਾਂ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਗੁੱਡ ਯੀਅਰ ਵੱਲੋਂ ਆਏ ਰਿਜਨਲ ਬਿਜ਼ਨੈੱਸ ਹੈਡ-ਨੋਰਥ ਸ਼ਿਵਮ ਖੜਬੰਦਾ ਵੱਲੋਂ ਕਿਸਾਨਾਂ ਨੂੰ ਗੁੱਡ ਯੀਅਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿਵਾਇਆ । ਇਸ ਤੋਂ ਇਲਾਵਾ ਸੀ.ਆਈ.ਆਈ ਫਾਊਂਡੇਸ਼ਨ ਦੇ ਮੁਖੀ ਸ੍ਰੀ ਸੁਨੀਲ ਕੁਮਾਰ ਮਿਸ਼ਰਾ ਨੇ ਕਿਸਾਨਾਂ ਨੂੰ ਸੀ.ਆਈ.ਆਈ ਦੀ ਕਾਰਜਸ਼ੈਲੀ ਬਾਰੇ ਦੱਸਿਆ ਅਤੇ ਆਉਣ ਵਾਲੇ ਸਮੇਂ ਅਲੱਗ ਅਲੱਗ ਪ੍ਰੋਜੈਕਟਾਂ ਅਧੀਨ ਕਿਸਾਨਾਂ ਅਤੇ ਸਮਾਜਿਕ ਵਿਕਾਸ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਸੁਨੀਤਾ ਸ਼ਰਮਾ, ਪੰਧੇਰ ਸੋਸਾਇਟੀ ਦੇ ਪ੍ਰਧਾਨ ਸਰਦਾਰ ਮੱਘਰ ਸਿੰਘ , 28 ਸੁਸਾਇਟੀਆਂ ਦੇ ਸਕੱਤਰ, ਮੈਂਬਰ ਸਾਹਿਬਾਨ ਅਤੇ 350 ਦੇ ਕਰੀਬ ਕਿਸਾਨ ਹਾਜ਼ਿਰ ਰਹੇ ।