ਬਰਨਾਲਾ/ ਅੰਮ੍ਰਿਤਸਰ: ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਇੰਨਾ ਜ਼ਿਆਦਾ ਹੈ ਕਿ ਕਈ ਤਾਂ ਸਕੂਲ ਵਿੱਚ ਪੜ੍ਹਦੇ ਹੀ ਤੈਅ ਕਰ ਲੈਂਦੇ ਹਨ ਕਿ ਉਹ ਆਪਣਾ ਭੱਵਿਖ ਵਿਦੇਸ਼ ਵਿੱਚ ਜਾ ਕੇ ਬਣਾਉਂਗੇ, ਤਾਂ ਕਈਆਂ ਨੂੰ ਘਰ ਦੀਆਂ ਆਰਥਿਕ ਤੰਗੀਆਂ ਵਿਦੇਸ਼ ਜਾਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਹਾਲਾਂਕਿ, ਵਿਦੇਸ਼ ਜਾਣ ਦੀ ਸੋਚ ਰੱਖਣਾ ਤਾਂ ਗ਼ਲਤ ਨਹੀਂ, ਪਰ ਵਿਦੇਸ਼ ਜਾਣ ਤੋਂ ਬਾਅਦ ਉੱਥੋ ਦੇ ਹਾਲਾਤਾਂ ਨਾਲ ਲੜਨਾ ਇਹ ਸਭ ਤੋਂ ਵੱਡੀ ਗੱਲ ਹੈ। ਇਨ੍ਹਾਂ ਸਭ ਦੇ ਵਿੱਚ ਵਿਦੇਸ਼ ਗਏ ਨੌਜਵਾਨਾਂ ਦੇ ਪਰਿਵਾਰ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ।
ਨੌਜਵਾਨਾਂ ਨੂੰ ਪੈ ਰਹੇ ਦਿਲ ਦੇ ਦੌਰੇ: ਪਿਛਲੇ ਕੁਝ ਸਾਲਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਵਿਦੇਸ਼ ਗਏ ਨੌਜਵਾਨਾਂ ਨੂੰ ਕੁਝ ਸਮਾਂ ਬਾਅਦ ਦਿਲ ਦਾ ਦੌਰਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਉੱਥੇ ਮੌਤ ਹੋ ਜਾਣ ਵਰਗੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਆਖਰ 20 ਤੋਂ 35 ਸਾਲ ਤੱਕ ਦੇ ਨੌਜਵਾਨ, ਜੋ ਵਿਦੇਸ਼ ਜਾਣ ਲੱਗੇ ਲੱਖਾਂ ਸੁਪਨੇ ਲੈ ਕੇ ਪੰਜਾਬ ਤੋਂ ਵਿਦੇਸ਼ ਦੀ ਧਰਤੀ ਉੱਤੇ ਲੈਂਡ ਹੋਏ ਜਹਾਜ਼ ਚੋਂ ਉਤਰਦੇ ਹਨ, ਤਾਂ ਕਿਉ ਵਾਪਸ ਇੱਕ ਬਾਕਸ ਵਿੱਚ ਪਰਤ ਰਹੇ ਹਨ? ਇਹ ਨਾ ਸਿਰਫ ਉੱਥੋ ਦੀ ਸਰਕਾਰਾਂ ਲਈ, ਬਲਕਿ ਪੰਜਾਬ ਸਰਕਾਰ ਲਈ ਵੀ ਵੱਡਾ ਸਵਾਲ ਹੈ। ਕੀ ਕਿਤੇ ਨਾ ਕਿਤੇ ਇਸ ਲਈ ਪਰਿਵਾਰ ਵੀ ਜ਼ਿੰਮੇਵਾਰ ਹੋ ਜਾਂਦਾ ਹੈ?
ਪਰਿਵਾਰ-ਰਿਸ਼ਤੇਦਾਰਾਂ ਵਲੋਂ ਪੈਸਿਆਂ ਦੀ ਆਸ: ਜੋ ਨੌਜਵਾਨ ਘਰ ਦੀ ਆਰਥਿਕ ਤੰਗੀ ਦੂਰ ਕਰਨ ਲਈ ਲੱਖਾਂ ਰੁਪਏ ਦਾ ਕਰਜ਼ਾ ਚੁੱਕੇ ਕੇ ਵਿਦੇਸ਼ ਜਾਂਦੇ ਹਨ, ਜ਼ਾਹਿਰ ਹੈ ਕਿ ਪਰਿਵਾਰ ਉਸ ਕੋਲੋਂ ਆਸ ਰੱਖੇਗਾ ਕਿ ਸਾਡਾ ਬੱਚਾ ਜਲਦ ਬਾਹਰ ਜਾ ਕੇ ਸੈੱਟਲ ਹੋਵੇ ਅਤੇ ਪੈਸੇ ਭੇਜੇ, ਤਾਂ ਜੋ ਕਰਜ਼ੇ ਉਤਾਰ ਸਕੀਏ। ਇਹੋ ਬੋਝ ਲੈ ਕੇ ਵਿਦੇਸ਼ ਗਏ ਨੌਜਵਾਨ ਨੇ ਦਿਲ ਔਰ ਦਿਮਾਰ ਵਿੱਚ ਇੱਕੋ ਚੀਜ਼ ਬੈਠ ਜਾਂਦੀ ਹੈ ਕਿ ਕਿਵੇਂ ਜਲਦ ਪੈਸੇ ਕਮਾਏ ਜਾਣ। ਇਸ ਚੱਕਰ ਵਿੱਚ ਜਿੱਥੇ ਉਹ ਆਪਣੀ ਪੜਾਈ ਤਾਂ ਕਰਦੇ ਹੀ ਹਨ, ਨਾਲ ਦੀ ਨਾਲ ਕਈ-ਕਈ ਘੰਟੇ ਜਾਂ ਕਈ ਵਾਰ ਤਾਂ 2-2 ਸ਼ਿਫਟਾਂ ਵਿੱਚ ਕੰਮ ਕਰਦੇ ਹਨ, ਤਾਂ ਜੋ ਵੱਧ ਪੈਸੇ ਕਮਾ ਸਕਣ। ਕਿਉਂਕਿ, ਉਸ ਨੌਜਵਾਨਾਂ ਉੱਪਰ ਉੱਥੇ ਰਹਿ ਰਹੇ ਰੂਮ ਦੇ ਕਿਰਾਏ ਅਤੇ ਆਪਣੇ ਖਰਚੇ ਵੀ ਪੂਰੇ ਕਰਨੇ ਹੁੰਦੇ ਹਨ ਅਤੇ ਘਰ ਵੀ ਪੈਸੇ ਭੇਜਣੇ ਹੁੰਦੇ ਹਨ। ਇਸ ਪੈਸੇ ਕਮਾਉਣ ਦੀ ਹੌੜ ਵਿੱਚ ਨੌਜਵਾਨ ਨਾ ਚੰਗੀ ਤਰ੍ਹਾਂ ਖਾ ਪਾਉਂਦੇ ਹਨ ਅਤੇ ਵੱਡੀ ਗੱਲ ਕਿ ਉਹ ਆਪਣੀ ਨੀਂਦ ਤੱਕ ਵੀ ਪੂਰੀ ਨਹੀਂ ਲੈ ਪਾਉਂਦੇ। ਪਰਿਵਾਰ ਵਲੋਂ ਕਈ ਵਾਰ ਬਣਦਾ ਸਪੋਰਟ ਨਹੀਂ ਮਿਲ ਪਾਉਂਦਾ, ਜਾਂ ਰਿਸ਼ਤੇਦਾਰ ਇਹ ਸੁਣਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਮੁੰਡਾ/ਕੁੜੀ ਬਾਹਰ ਗਏ, ਕੀ ਗੱਲ ਕੁਝ ਭੇਜਦੇ ਨਹੀਂ? ਅਜਿਹੇ ਵਿੱਚ ਨੌਜਵਾਨਾਂ ਉੱਤੇ ਹਰ ਪਾਸਿਉ ਬੋਝ ਵਧ ਜਾਂਦੇ ਪਰ ਘੱਟ ਕਰਨ ਲਈ ਬਣਦਾ ਸਹਾਰਾ ਨਹੀਂ ਮਿਲ ਪਾਉਂਦਾ ਅਤੇ ਉਹ ਡਿਪ੍ਰੈਸ਼ਨ ਜਾਂ ਜ਼ਿਆਦਾ ਟੈਂਸ਼ਨ ਨਾਲ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਅਤੇ ਦਿਲ ਦਾ ਦੌਰਾ ਮੌਤ ਦਾ ਕਾਰਨ ਬਣ ਜਾਂਦਾ ਹੈ।
ਕੇਸ ਸਟਡੀ -1 : ਸਾਲ 2022 ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ ਰਹਿਣ ਵਾਲੀ 22 ਸਾਲਾ ਲੜਕੀ ਮਨਪ੍ਰੀਤ ਕੌਰ ਦੀ ਕੈਨੇਡਾ ਗਈ ਜਿੱਥੇ ਉਸ ਦੀ ਕੁਝ ਮਹੀਨਿਆਂ ਬਾਅਦ ਹੀ ਟੋਰਾਂਟੋ ‘ਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਹਮੀਦੀ ਦੀ ਮਨਪ੍ਰੀਤ ਕੌਰ ਨੇ ਵੀ ਆਪਣੇ ਸੁਨਹਿਰੇ ਭਵਿੱਖ ਦੇ ਸੁਪਨਿਆਂ ਨੂੰ ਆਪਣੇ ਪਰਿਵਾਰ ਤੋਂ ਦੂਰ ਕੈਨੇਡਾ ਵਿੱਚ ਸਜਾਇਆ ਸੀ, ਪਰ ਕਿਸਮਤ ਅੱਗੇ ਕਿਸੇ ਦਾ ਜ਼ੋਰ ਨਹੀਂ। ਕੇਂਦਰ ਸਰਕਾਰ ਦੇ ਯਤਨਾਂ ਸਦਕਾ 10 ਦਿਨਾਂ ਵਿੱਚ ਮ੍ਰਿਤਕ ਦੇਹ ਪਿੰਡ ਪਹੁੰਚ ਸਕੀ। ਮ੍ਰਿਤਕ ਦੇਹ ਲਿਆਉਣ ਲਈ ਪਿੰਡ ਵਾਸੀਆਂ ਤੇ ਪ੍ਰਵਾਸੀ ਪੰਜਾਬੀਆਂ ਵਲੋਂ ਡੋਨੇਸ਼ਨ ਮੁਹਿੰਮ ਤੱਕ ਚਲਾਈ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ।
ਵਿਦੇਸ਼ ਵਿੱਚ ਸਿਹਤ ਸਹੂਲਤਾਂ ਦੀ ਕਮੀ: ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਮਨਪ੍ਰੀਤ ਕੌਰ ਦੇ ਪਿਤਾ ਕੇਵਲ ਸਿੰਘ ਅਤੇ ਸੁਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਹਾਲਾਤ ਬਹੁਤੇ ਚੰਗੇ ਨਹੀਂ ਹਨ। ਵਿਦੇਸ਼ਾਂ ਵਿੱਚ ਸਿਹਤ ਸਹੂਲਤਾਂ ਬਿਲਕੁਲ ਵੀ ਨਹੀਂ ਹਨ, ਜੋ ਕੁੱਝ ਸਾਨੂੰ ਦੱਸਿਆ ਜਾ ਰਿਹਾ ਹੈ, ਉਸ ਦੇ ਹਾਲਾਤ ਬਿਲਕੁਲ ਉਲਟ ਹਨ। ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਪੂਰਾ ਪਤਾ ਕਰਨਾ ਚਾਹੀਦਾ ਹੈ। ਨਵੇਂ ਜਾ ਰਹੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਕੰਮ ਕਰਨਾ ਪੈ ਰਿਹਾ ਹੈ ਜਿਸ ਕਰਕੇ ਨੌਜਵਾਨ ਟੈਂਸ਼ਨ ਵਿੱਚ ਚਲੇ ਜਾਂਦੇ ਹਨ, ਜੋ ਮੌਤ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵਲੋਂ ਦੇਸ਼ ਵਿੱਚ ਹੀ ਹਾਲਾਤ ਚੰਗੇ ਨਹੀਂ ਬਣਾਏ ਜਾਂਦੇ। ਜੇਕਰ ਸਾਡੇ ਬੱਚਿਆਂ ਨੂੰ ਇੱਥੇ ਹੀ ਰੁਜ਼ਗਾਰ ਮਿਲ ਜਾਵੇ, ਤਾਂ ਵਿਦੇਸ਼ ਜਾਣ ਦੀ ਲੋੜ ਹੀ ਨਾ ਪਵੇ।
ਕੇਸ ਸਟਡੀ -2 : ਬੜੇ ਹੀ ਚਾਵਾਂ ਨਾਲ ਕਰੀਬ ਇੱਕ ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਉੱਤੇ ਅਨੇਕਾਂ ਸੁਪਨੇ ਸੰਜੋ ਕੇ ਗਏ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਪੱਲ੍ਹਾ ਦੇ ਇਕ ਨੌਜਵਾਨ ਦੀ ਵੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਬੇਵਕਤੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਸੀ। ਮ੍ਰਿਤਕ ਨੌਜਵਾਨ ਕੁਲਦੀਪ ਸਿੰਘ (27) ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਪੱਲ੍ਹਾ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਭੂਆ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਨਵੰਬਰ 2022 ਵਿੱਚ ਯੂਰਪ ਦੇ ਦੇਸ਼ ਪੁਰਤਗਾਲ ਵਿੱਚ ਗਿਆ ਸੀ, ਜਿੱਥੇ ਉਸ ਦੀ ਸਾਲ 2023 ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਪੰਜਾਬ ਵਿੱਚ ਰੁਜ਼ਗਾਰ ਨਹੀਂ: ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਹਾਲੇ ਵਿਦੇਸ਼ ਵਿਚ ਆਰਜੀ ਤੌਰ ਉੱਤੇ ਕੰਮਕਾਜ ਕਰਕੇ ਆਪਣਾ ਗੁਜਾਰਾ ਚਲਾ ਰਿਹਾ ਸੀ ਅਤੇ ਅਜੇ ਸੈਟਲ ਹੋਣਾ ਸੀ ਕਿ ਉਸ ਤੋਂ ਪਹਿਲਾਂ ਉਸ ਨਾਲ ਇਹ ਘਟਨਾ ਵਾਪਰ ਗਈ। ਉਨ੍ਹਾਂ ਕਿਹਾ ਕਿ ਕੌਣ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਵਿਦੇਸ਼ਾਂ ਵਿੱਚ ਭੇਜ ਕੇ ਖੁੱਸ਼ ਹੈ, ਜੇਕਰ ਪੰਜਾਬ ਵਿੱਚ ਰੁਜ਼ਗਾਰ ਹੀ ਨਹੀਂ ਹੋਵੇਗਾ, ਤਾਂ ਨੌਜਵਾਨ ਵਿਦੇਸ਼ ਦਾ ਰੁਖ਼ ਹੀ ਕਰਨਗੇ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਪੰਜਾਬ ਵਿੱਚ ਰੁਜ਼ਗਾਰ ਦਿਓ, ਤਾਂ ਜੋ ਉਹ ਵਿਦੇਸ਼ ਜਾਣ ਵਲ ਮੂੰਹ ਹੀ ਨਾ ਕਰਨ।
ਹਾਲਾਤ ਹਰ ਪਾਸੇ ਇੱਕੋ ਜਿਹੇ: ਬਰਨਾਲਾ ਵਿਖੇ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਵੀ ਕਿਹਾ ਕਿ ਅੱਜ ਬਹੁਤ ਦੁੱਖ ਦੀ ਘੜੀ ਹੈ ਕਿ ਸੁਨਹਿਰੀ ਭਵਿੱਖ ਲਈ ਵਿਦੇਸ਼ ਭੇਜੀ ਲੜਕੀ ਇੱਕ ਲਾਸ਼ ਬਣਕੇ ਘਰ ਪਰਤੀ ਹੈ। ਇਹ ਇਕ ਮਾਮਲਾ ਨਹੀਂ, ਆਏ ਦਿਨ ਵਿਦੇਸ਼ ਤੋਂ ਅਜਿਹੀ ਖਬਰ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਸਭ ਪਾਸੇ ਹੀ ਮਾੜੇ ਹਨ, ਫਿਰ ਚਾਹੇ ਦੇਸ਼ ਹੋਵੇ ਜਾਂ ਵਿਦੇਸ਼ ਜਿਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਥਾਂ ਇੱਥੇ ਹੀ ਮਾੜੇ ਸਿਸਟਮ ਨਾਲ ਲੜਨਾ ਚਾਹੀਦਾ ਹੈ।
ਹਾਲਾਂਕਿ, ਵਿਦੇਸ਼ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੇ ਇਹ ਚੰਦ ਮਾਮਲੇ ਨਹੀਂ ਹਨ, ਸਗੋਂ ਸਾਲ ਵਿੱਚ ਘੱਟੋਂ-ਘੱਟੋ ਅਜਿਹੇ 20-25 ਮਾਮਲੇ ਸਾਹਮਣੇ ਆਉਂਦੇ ਹਨ। ਇੰਨਾ ਹੀ ਨਹੀਂ, ਕਈ ਵਾਰ ਵਿਦੇਸ਼ ਵਿੱਚ ਨੌਜਵਾਨ ਸੜਕ ਹਾਦਸੇ ਜਾਂ ਕਿਸੇ ਹੋਰ ਘਟਨਾ ਕਾਰਨ ਵੀ ਮੌਤ ਦੇ ਸ਼ਿਕਾਰ ਹੋ ਜਾਂਦੇ ਹਨ, ਜਿਨ੍ਹਾਂ ਦੀਆਂ ਲਾਸ਼ਾਂ ਘਰ ਪਰਤੀਆਂ ਹਨ, ਤਾਂ ਪਰਿਵਾਰ ਦੇ ਰੋਂਦੇ-ਕੁਰਲਾਉਂਦੇ ਚਿਹਰੇ ਵੇਖਣੇ ਹਰ ਕਿਸੇ ਲਈ ਔਖੇ ਹੋ ਜਾਂਦੇ ਹਨ।