ਚੰਡੀਗੜ੍ਹ: ਪੰਜਾਬ ਤੋਂ ਵਿਦੇਸ਼ਾਂ 'ਚ ਪੰਜਾਬੀ ਚੰਗੇ ਭਵਿੱਖ ਅਤੇ ਰੁਜ਼ਗਾਰ ਲਈ ਪ੍ਰਵਾਸ ਕਰਦੇ ਹਨ ਪਰ ਉਥੇ ਕਈ ਵਾਰ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਇਸ ਫਾਨੀ ਸੰਸਾਰ ਨੂੰ ਵੀ ਛੱਡ ਕੇ ਜਾਣਾ ਪੈ ਜਾਂਦਾ ਹੈ। ਅਜਿਹਾ ਹੀ ਇੱਕ ਵਰਤਾਰਾ ਇਟਲੀ ਤੋਂ ਸਾਹਮਣੇ ਆਇਆ ਹੈ। ਜਿਥੇ ਕਿ ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 55 ਸਾਲਾ ਸਤਪਾਲ ਸਿੰਘ ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਟਾਹਲੀ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਤਨੀ ਅਤੇ ਦੋ ਪੁੱਤਰ ਹਨ।
ਮਾਮੂਲੀ ਬਹਿਸ ਤੋਂ ਬਾਅਦ ਮਾਰੀ ਗੋਲੀ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ ਹੈ, ਜਦੋਂ ਮ੍ਰਿਤਕ ਆਪਣੇ ਘਰ ਮੌਜੂਦ ਸੀ। ਉਸ ਸਮੇਂ ਉਸ ਦਾ ਇੱਕ ਜਾਣਕਾਰ ਜੋ ਇਟਲੀ ਦਾ ਸਾਬਕਾ ਪੁਲਿਸ ਮੁਲਾਜ਼ਮ 70 ਸਾਲਾ ਯੂਸੇਪ ਵੇਲੇਟੀ ਉਨ੍ਹਾਂ ਦੇ ਘਰ ਆਇਆ। ਇਸ ਦੌਰਾਨ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਤੋਂ ਬਾਅਦ ਉਸ ਸਾਬਕਾ ਪੁਲਿਸ ਮੁਲਾਜ਼ਮ ਨੇ ਸਤਪਾਲ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਸੇ ਸਮੇਂ ਸਾਬਕਾ ਪੁਲਿਸ ਮੁਲਾਜ਼ਮ ਨੇ ਘਰ ਦੇ ਬਾਹਰ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਲਈ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਦਕਿ ਸਤਪਾਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਲੰਬੇ ਸਮੇਂ ਇਟਲੀ ਰਹਿ ਰਿਹਾ ਸੀ ਮ੍ਰਿਤਕ: ਦੱਸ ਦਈਏ ਕਿ ਸਤਪਾਲ ਸਿੰਘ ਕਾਫੀ ਲੰਬੇ ਸਮੇਂ ਤੋਂ ਇਟਲੀ ਰਹਿ ਰਿਹਾ ਸੀ। ਉਧਰ ਘਟਨਾ ਤੋਂ ਬਾਅਦ ਮ੍ਰਿਤਕ ਸਤਪਾਲ ਸਿੰਘ ਦਾ ਪਰਿਵਾਰ ਅਤੇ ਪਿੰਡ ਵਾਸੀ ਬੇਹੱਦ ਦੁਖੀ ਹਨ। ਕਾਬਿਲੇਗੌਰ ਹੈ ਕਿ ਮ੍ਰਿਤਕ ਆਪਣੇ ਪਿਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ। ਦੱਸ ਦਈਏ ਕਿ ਇਟਲੀ ਵਿਚ ਪੰਜਾਬ ਅਤੇ ਉੱਤਰੀ ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕ ਰਹਿੰਦੇ ਹਨ। ਇਸ ਦੇ ਨਾਲ ਹੀ ਇਸ ਸਾਲ ਜਨਵਰੀ ਤੋਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।