ਲੁਧਿਆਣਾ: ਪੰਜਾਬ ਭਰ ਵਿੱਚ ਪਿਛਲੇ ਦੋ ਦਿਨਾਂ ਤੋਂ ਹਲਕੀ ਬੱਦਲਵਾਈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਨੂੰ ਲੈ ਕੇ ਮੌਸਮ ਵਿਗਿਆਨੀਆਂ ਵੱਲੋਂ ਆਉਣ ਵਾਲੇ ਦੋ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ, 1970 ਤੋਂ ਬਾਅਦ ਦੂਜੀ ਵਾਰ ਘੱਟ ਤੋਂ ਘੱਟ ਤਾਪਮਾਨ ਨੇ ਰਿਕਾਰਡ ਤੋੜਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪੱਛਮੀ ਚੱਕਰਵਾਤ ਦੇ ਚੱਲਦਿਆਂ ਆਉਣ ਵਾਲੇ ਦੋ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ।
ਫ਼ਰਵਰੀ ਮਹੀਨੇ ਦੂਜੀ ਵਾਰ ਟੁੱਟਾ ਰਿਕਾਰਡ: ਪੀਏਯੂ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਮੌਸਮ ਦੀ ਡਿਸਟਰਬੈਂਸ ਦੇ ਚੱਲਦਿਆਂ ਆਮ ਨਾਲੋਂ ਤਾਪਮਾਨ ਨੇ ਰਿਕਾਰਡ ਤੋੜਿਆ ਹੈ। ਅੱਜ ਦਾ ਘੱਟ ਤੋਂ ਘੱਟ ਤਾਪਮਾਨ 16.8 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਨਾਰਮਲ ਨਾਲੋਂ ਤਕਰੀਬਨ ਅੱਠ ਡਿਗਰੀ ਜਿਆਦਾ ਹੈ। ਉਨ੍ਹਾਂ ਨੇ ਕਿਹਾ ਕਿ 1970 ਤੋਂ ਬਾਅਦ ਦੂਸਰੀ ਵਾਰ ਰਿਕਾਰਡ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2015 ਫਰਵਰੀ ਵਿੱਚ ਵੀ ਅਜਿਹਾ ਹੀ ਤਾਪਮਾਨ ਰਿਹਾ ਸੀ।
ਮੀਂਹ ਦੇ ਨਾਲ ਗੜ੍ਹੇਮਾਰੀ ਦਾ ਅਲਰਟ: ਇਸ ਮੌਕੇ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਉਂਦੇ ਦੋ ਤਿੰਨ ਦਿਨ ਤੱਕ ਪੱਛਮੀ ਚੱਕਰਵਾਤ ਦੇ ਚੱਲਦਿਆਂ ਤੇਜ਼ ਹਵਾਵਾਂ ਅਤੇ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿਆਦਾਤਰ ਮੌਸਮ ਪੂਰੇ ਪੰਜਾਬ ਵਿੱਚ ਬਣਿਆ ਰਹੇਗਾ ਅਤੇ ਤੇਜ਼ ਹਵਾਵਾਂ ਵੀ ਚੱਲਣਗੀਆਂ। ਕਈ ਇਲਾਕਿਆਂ ਵਿੱਚ ਗਰਜ ਦੇ ਨਾਲ ਛਿੱਟੇ ਵੀ ਪੈਣਗੇ।
ਕਿਸਾਨਾਂ ਲਈ ਹਿਦਾਇਤ: ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਇਹ ਫਿਲਹਾਲ ਕਿਸਾਨ ਆਪਣੀਆਂ ਫਸਲਾਂ ਦਾ ਧਿਆਨ ਜਰੂਰ ਰੱਖਣ। ਫਿਲਹਾਲ ਇਨ੍ਹਾਂ ਦਿਨਾਂ ਵਿੱਚ ਫਸਲਾਂ ਨੂੰ ਪਾਣੀ ਨਾ ਲਗਾਇਆ ਜਾਵੇ, ਕਿਉਂਕਿ ਤੇਜ਼ ਹਵਾਵਾਂ ਚੱਲਣ ਕਰਕੇ ਕਣਕ ਨੂੰ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਕਿਸਾਨ ਵੀਰ ਇਸ ਗੱਲ ਦਾ ਧਿਆਨ ਜਰੂਰ ਰੱਖਣ।