ਹੈਦਰਾਬਾਦ ਡੈਸਕ: ਪੰਜਾਬ ਦੇ ਕਈ ਹਿੱਸਿਆ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਪੈ ਰਿਹਾ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਬੀਤੀ ਸ਼ਾਮ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5.9 ਡਿਗਰੀ ਘੱਟ ਦਰਜ ਕੀਤਾ ਗਿਆ, ਜਦਕਿ ਜ਼ਿਆਦਾਤਰ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 30.4 ਡਿਗਰੀ ਰਿਹਾ।
ਹੁਣ ਕਦੋ ਪਵੇਗਾ ਮੀਂਹ: ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ, 8 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਮਜ਼ਬੂਤ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਅਤੇ ਫ਼ਾਜ਼ਿਲਕਾ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ। ਆਉਂਦੀ 2 ਸਤੰਬਰ ਤੱਕ ਮੀਂਹ ਦਾ ਫਿਲਹਾਲ ਕੋਈ ਅਲਰਟ ਨਹੀਂ ਹੈ, ਪਰ 3 ਸਤੰਬਰ ਤੋਂ ਮੌਨਸੂਨ ਮੁੜ ਐਕਟਿਵ ਹੋਵੇਗਾ।
ਅਗਸਤ ਦੇ ਆਖੀਰ ਤੱਕ ਕਿੰਨਾ ਮੀਂਹ ਦਰਜ: ਅਗਸਤ ਮਹੀਨੇ 'ਚ ਪੂਰੇ ਸੂਬੇ 'ਚ ਹੋਈ ਬਾਰਿਸ਼ ਤੋਂ ਬਾਅਦ ਦੋ ਮਹੀਨਿਆਂ ਤੋਂ ਮਾਨਸੂਨ ਦੇ ਅੰਕੜਿਆਂ 'ਚ ਮਾਮੂਲੀ ਸੁਧਾਰ ਹੋਇਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸਤੰਬਰ ਵਿੱਚ ਵੀ ਚੰਗੀ ਬਾਰਿਸ਼ ਹੋ ਸਕਦੀ ਹੈ। ਕੱਲ੍ਹ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ। ਪੰਜਾਬ ਵਿੱਚ, ਅੰਮ੍ਰਿਤਸਰ ਵਿੱਚ 20 ਮਿਲੀਮੀਟਰ, ਐਸਬੀਐਸ ਨਗਰ ਵਿੱਚ 23.6 ਮਿਲੀਮੀਟਰ, ਬਰਨਾਲਾ ਵਿੱਚ 11 ਮਿਲੀਮੀਟਰ, ਲੁਧਿਆਣਾ ਵਿੱਚ 5 ਮਿਲੀਮੀਟਰ, ਪਟਿਆਲਾ ਵਿੱਚ 4 ਮਿਲੀਮੀਟਰ, ਮੋਗਾ ਵਿੱਚ 19 ਮਿਲੀਮੀਟਰ ਅਤੇ ਸੰਗਰੂਰ ਵਿੱਚ 10 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਮੀਂਹ ਕਿਨ੍ਹਾਂ ਫ਼ਸਲਾਂ ਲਈ ਚੰਗਾ ਤੇ ਕਿਨ੍ਹਾਂ ਫ਼ਸਲਾਂ ਲਈ ਨੁਕਸਾਨਦਾਇਕ: ਖੇਤੀ ਮਾਹਿਰਾਂ ਮੁਤਾਬਕ, ਮੀਂਹ ਝੋਨੇ ਲਈ ਵਧੀਆ ਹੈ। ਇਸ ਨਾਲ ਝੋਨੇ ਦੀ ਫ਼ਸਲ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਪਰ, ਇਹ ਮੀਂਹ ਫਲਾਂ ਅਤੇ ਸਬਜ਼ੀਆਂ ਲਈ ਠੀਕ ਨਹੀਂ ਹੈ। ਇਸ ਸਮੇਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।