ਲੁਧਿਆਣਾ : ਪੰਜਾਬ ਭਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਬਾਰਿਸ਼ ਨਾ ਪੈਣ ਕਰਕੇ ਖੁਸ਼ਕ ਮੌਸਮ ਚੱਲ ਰਿਹਾ ਹੈ। ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਠੰਢ ਕਾਫੀ ਵੱਧ ਰਹੀ ਹੈ। ਵੱਧ ਤੋਂ ਵੱਧ ਟੈਂਪਰੇਚਰ, ਜਿੱਥੇ 20 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਉੱਥੇ ਹੀ ਘੱਟੋ ਘੱਟ ਟੈਂਪਰੇਚਰ ਲੁਧਿਆਣਾ ਦਾ ਅੱਜ ਚਾਰ ਡਿਗਰੀ ਰਿਕਾਰਡ ਕੀਤਾ ਗਿਆ ਹੈ ਅਤੇ ਕੁਝ ਸ਼ਹਿਰਾਂ ਵਿੱਚ ਇਹ ਇੱਕ ਤੋਂ ਦੋ ਡਿਗਰੀ ਤੱਕ ਵੀ ਪਹੁੰਚ ਚੁੱਕਾ ਹੈ, ਠੰਢ ਕਾਫੀ ਪੈ ਰਹੀ ਹੈ ਜਿਸ ਕਰਕੇ ਲੋਕ ਵੀ ਪਰੇਸ਼ਾਨ ਹੋ ਰਹੇ ਹਨ ਅਤੇ ਖੁਸ਼ਕ ਠੰਢ ਪੈਣ ਕਰਕੇ ਬਿਮਾਰੀਆਂ ਵੀ ਲੋਕਾਂ ਨੂੰ ਜਕੜ ਰਹੀਆਂ ਹਨ।
ਆਉਂਦੇ ਦਿਨਾਂ ਵਿੱਚ ਕਿਹੋ ਜਿਹਾ ਰਹੇਗਾ ਹਾਲ
ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹੇਗਾ। ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਜੇਕਰ ਪਿਛਲੇ ਸਤੰਬਰ ਦੀ ਗੱਲ ਕੀਤੀ ਜਾਵੇ, ਤਾਂ ਅਕਤੂਬਰ-ਨਵੰਬਰ ਵਿੱਚ ਬਾਰਿਸ਼ ਨਹੀਂ ਪਈ ਹੈ। ਦਸੰਬਰ ਦੇ ਵੀ 15 ਦਿਨ ਲੰਘ ਚੁੱਕੇ ਹਨ। ਜੇਕਰ, ਸਤੰਬਰ ਦੀ ਗੱਲ ਕੀਤੀ ਜਾਵੇ, ਤਾਂ 11 ਐਮਐਮ ਤੱਕ ਅਤੇ ਅਕਤੂਬਰ ਦੇ ਵਿੱਚ 7 ਐਮਐਮ ਅਤੇ ਨਵੰਬਰ ਵਿੱਚ 14 ਐਮਐਮ ਤੱਕ ਬਾਰਿਸ਼ ਹੋ ਜਾਂਦੀ ਸੀ, ਪਰ ਇਸ ਵਾਰ ਕੋਈ ਬਾਰਿਸ਼ ਨਹੀਂ ਹੋਈ।
ਫਸਲਾਂ ਲਈ ਮੌਸਮ ਕਾਫੀ ਅਨੁਕੂਲ
ਹਾਲਾਂਕਿ, ਫਸਲਾਂ ਲਈ ਇਹ ਮੌਸਮ ਕਾਫੀ ਅਨੁਕੂਲ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਫਸਲਾਂ ਲਈ ਇਹ ਮੌਸਮ ਅਨੁਕੂਲ ਹੈ। ਫ਼ਸਲਾਂ ਨੂੰ ਹਲਕਾ ਪਾਣੀ ਜ਼ਰੂਰ ਹੁਣ ਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮੌਸਮ ਖੁਸ਼ਕ ਰਹੇਗਾ ਅਤੇ ਧੁੰਦ ਦੇ ਵੀ ਕੋਈ ਅਗਲੇ ਦਿਨਾਂ ਵਿੱਚ ਪੈਣ ਦੇ ਆਸਾਰ ਨਹੀਂ ਹੈ। ਹਾਲਾਂਕਿ ਕੁਝ ਇਲਾਕਿਆਂ ਵਿੱਚ ਕਿਤੇ ਕਿਤੇ ਧੁੰਦ ਪੈ ਸਕਦੀ ਹੈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਹੇਗਾ ਅਤੇ ਠੰਢ ਵਿੱਚ ਜਰੂਰ ਇਜਾਫਾ ਹੋਵੇਗਾ।