ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2024-25 ਦੀਆਂ ਸਾਲਾਨਾ ਅਤੇ ਓਪਨ ਸਕੂਲ ਨਾਲ ਸਬੰਧਿਤ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 8ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ, 2025 ਤੋਂ ਸ਼ੁਰੂ ਹੋਣਗੀਆਂ, ਜਦਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ, 2025 ਤੋਂ ਸ਼ੁਰੂ ਹੋਣਗੀਆਂ। ਇਹ ਸਾਰੇ ਇਮਤਿਹਾਨ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ (Punjab Board 2025 Exam Dates) ਕਰਵਾਏ ਜਾਣਗੇ।
ਪੰਜਵੀਂ ਜਮਾਤ ਦੀ ਪ੍ਰੀਖਿਆ NCERT ਲਵੇਗੀ
ਇਨ੍ਹਾਂ ਪ੍ਰੀਖਿਆਵਾਂ ਵਿੱਚ ਕਰੀਬ 3 ਲੱਖ ਵਿਦਿਆਰਥੀ 10ਵੀਂ ਅਤੇ 2 ਲੱਖ 90 ਹਜ਼ਾਰ ਵਿਦਿਆਰਥੀ 12ਵੀਂ ਜਮਾਤ ਦੇ ਇਮਤਿਹਾਨ ਦੇਣਗੇ। ਇਸ ਸਾਲ ਪੰਜਵੀਂ ਜਮਾਤ ਦੀ ਪ੍ਰੀਖਿਆ NCERT ਵੱਲੋਂ ਲਈ ਜਾ ਰਹੀ ਹੈ। ਡੇਟਸ਼ੀਟ ਸਬੰਧੀ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਜਾਰੀ ਕਰ ਦਿੱਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਮੁਤਾਬਿਕ 5ਵੀਂ ਅਤੇ 8ਵੀਂ ਦੀ ਪ੍ਰੀਖਿਆ ਸੈਲਫ਼ ਪ੍ਰੀਖਿਆ ਕੇਂਦਰ ਅਤੇ ਬੋਰਡ ਦੇ ਬਣਾਏ ਕੇਂਦਰਾਂ 'ਤੇ ਹੋਣਗੇ।
ਪ੍ਰੀਖਿਆਵਾਂ ਦਾ ਸਮਾਂ
10ਵੀਂ ਅਤੇ 12ਵੀਂ ਦੇ ਇਮਤਿਹਾਨ ਬੋਰਡ ਵੱਲੋਂ ਬਣਾਏ ਕੇਂਦਰਾਂ ਵਿੱਚ ਹੋਣਗੇ। 5ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ, ਜਦਕਿ 8ਵੀਂ, 10ਵੀਂ ਅਤੇ 12ਵੀਂ ਦੀ ਪ੍ਰੀਖਿਆ 11 ਵਜੇ ਤੋਂ ਸ਼ੁਰੂ ਹੋਵੇਗੀ। ਸਿੱਖਿਆ ਬੋਰਡ ਨੇ ਇਨ੍ਹਾਂ ਇਮਤਿਹਾਨਾਂ ਲਈ 3 ਹਜ਼ਾਰ ਤੋਂ ਵਧੇਰੇ ਪ੍ਰੀਖਿਆ ਕੇਂਦਰ ਬਣਾਏ ਹਨ। ਕੇਂਦਰ ਦੇ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਫਲਾਇੰਗ ਟੀਮਾਂ ਬੋਰਡ ਵੱਲੋਂ ਤਾਇਨਾਤ ਕੀਤੀਆਂ ਜਾਣਗੀਆਂ।
ਪ੍ਰੀਖਿਆ ਦੀ ਤਿਆਰੀ ਕਰਨ ਲਈ ਕੁੱਝ ਟਿਪਸ
- ਇੱਕ ਟਾਈਮ ਟੇਬਲ ਬਣਾਓ: ਨਿਯਮਿਤ ਤੌਰ 'ਤੇ ਪੜ੍ਹਾਈ ਕਰਨ ਲਈ, ਇੱਕ ਟਾਈਮ ਟੇਬਲ ਬਣਾਓ ਅਤੇ ਲਾਜ਼ਮੀ ਤੌਰ 'ਤੇ ਇਸ ਦੀ ਪਾਲਣਾ ਕਰੋ।
- ਵਿਸ਼ਿਆਂ ਨੂੰ ਸ਼੍ਰੇਣੀਆਂ ਵਿੱਚ ਵੰਡੋ: ਸਾਰੇ ਵਿਸ਼ਿਆਂ ਨੂੰ ਉਨ੍ਹਾਂ ਦੀ ਮਹੱਤਤਾ ਅਤੇ ਮੁਸ਼ਕਲ ਦੇ ਅਨੁਸਾਰ ਸ਼੍ਰੇਣੀਬੱਧ ਕਰੋ।
- ਸੱਟਡੀ ਮਟੀਰੀਅਲ ਇਕੱਠਾ ਕਰੋ: ਪ੍ਰੀਖਿਆ ਦੀ ਤਿਆਰੀ ਲਈ ਕਿਤਾਬਾਂ, ਨੋਟਸ ਅਤੇ ਔਨਲਾਈਨ ਸਰੋਤ ਜਾਂ ਹੋਰ ਸਰੋਤਾਂ ਤੋਂ ਇਕੱਠਾ ਕਰੋ।
- ਪੜ੍ਹਾਈ ਕਰਨ ਲਈ ਜਗ੍ਹਾ ਅਹਿਮ : ਪੜ੍ਹਾਈ ਕਰਨ ਲਈ ਇੱਕ ਸ਼ਾਂਤ ਅਤੇ ਆਰਾਮਦਾਇਕ ਜਗ੍ਹਾ ਲੱਭਣਾ ਯਕੀਨੀ ਬਣਾਓ।