ਚੰਡੀਗੜ੍ਹ/ਅੰਮ੍ਰਿਤਸਰ: ਗੈਂਗਸਟਰ-ਨਾਰਕੋ ਗਠਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਤਸਕਰਾਂ ਦੇ ਕਬਜ਼ੇ ਚੋਂ 1 ਕਿਲੋ ਆਈਸ (ਮੇਥਾਮਫੇਟਾਮਾਈਨ) ਅਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੁਲਿਸ ਨੇ ਕਾਬੂ ਕੀਤੇ ਤਿੰਨ ਮੁਲਜ਼ਮ
ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਦੇ ਰਹਿਣ ਵਾਲੇ ਕਰਨਦੀਪ ਸਿੰਘ (22), ਜੀਵਨ ਸਿੰਘ (19) ਅਤੇ ਮਨਜਿੰਦਰ ਸਿੰਘ (21) ਦੋਵੇਂ ਵਾਸੀ ਚੋਹਲਾ ਸਾਹਿਬ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੀ ਕਾਰ ਟੋਇਟਾ ਐਟੀਓਸ, ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ, ਉਸ ਨੂੰ ਵੀ ਜ਼ਬਤ ਕਰ ਲਿਆ ਹੈ ।
ਵਿਦੇਸ਼ ਤੋਂ ਆ ਕੇ ਕੀਤਾ ਤਸਕਰੀ ਦਾ ਕੰਮ ਸ਼ੁਰੂ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਕਰਨਦੀਪ ਛੇ ਸਾਲਾਂ ਬਾਅਦ ਪੰਜਾਬ ਪਰਤਣ ਤੋਂ ਪਹਿਲਾਂ ਦੁਬਈ ਅਤੇ ਰੂਸ ਦੇ ਸ਼ਹਿਰ ਮਾਸਕੋ ਵਿੱਚ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪਰਤਣ ਤੋਂ ਬਾਅਦ, ਮੁਲਜ਼ਮ ਕਰਨਦੀਪ ਨੇ ਵੱਖ-ਵੱਖ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਕੇ ਪਾਕਿ ਸਥਿਤ ਨਸ਼ਾ ਤਸਕਰਾਂ ਨਾਲ ਸੰਪਰਕ ਕਾਇਮ ਕੀਤੇ ਅਤੇ ਅੰਮ੍ਰਿਤਸਰ ਅਤੇ ਗੁਆਂਢੀ ਜ਼ਿਲ੍ਹਿਆਂ ਵਿੱਚ ਅੱਗੇ ਨਸ਼ਿਆਂ ਦੀ ਸਪਲਾਈ ਕਰਨ ਲਈ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਪਾਕਿ-ਅਧਾਰਤ ਸਮੱਗਲਰਾਂ ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ।
In a major breakthrough against trans-border narcotic smuggling networks, Amritsar Commissionerate Police apprehends three persons and seizes 1 Kg Ice (Methamphetamine) & 1 Kg Heroin
— DGP Punjab Police (@DGPPunjabPolice) November 6, 2024
Preliminary investigation revealed that arrested person Karandeep, was earlier living in #Dubai,… pic.twitter.com/44d89jOALY
ਵਿਦੇਸ਼ 'ਚ ਗੈਂਗਸਟਰਾਂ ਦੇ ਸੰਪਰਕ 'ਚ ਸੀ ਮੁਲਜ਼ਮ
ਡੀਜੀਪੀ ਨੇ ਕਿਹਾ ਕਿ ਜਾਂਚ ਵਿੱਚ ਇਹ ਵੀ ਪਾਇਆ ਗਿਆ ਕਿ ਮੁਲਜ਼ਮ ਕਰਨਦੀਪ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਗੁਰਦੇਵ ਉਰਫ਼ ਜੈਸਲ ਦੇ ਸੰਪਰਕ ਵਿੱਚ ਸੀ। ਇਸ ਸਬੰਧ ਵਿੱਚ ਪੁਲਿਸ ਥਾਣਾ ਏਅਰਪੋਰਟ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਅੱਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਤਫ਼ਤੀਸ਼ ਜਾਰੀ ਹੈ।
ਪੁਲਿਸ ਨੂੰ ਗੈਂਗਸਟਰ ਦੀ ਕਈ ਮਾਮਲੇ 'ਚ ਭਾਲ
ਜ਼ਿਕਰਯੋਗ ਹੈ ਕਿ ਗੁਰਦੇਵ ਜੈਸਲ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਉਰਫ ਲੰਡਾ ਅਤੇ ਸਤਬੀਰ ਸਿੰਘ ਉਰਫ ਸੱਤਾ ਦਾ ਮੁੱਖ ਸੰਚਾਲਕ ਹੈ, ਜੋ ਪੁਲਿਸ ਸਟੇਸ਼ਨ ਸਰਹਾਲੀ ’ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ ਅਤੇ ਪੰਜਾਬ ’ਚ ਮਿੱਥ ਕੇ ਕਤਲ ਕਰਨ ਦੀਆਂ ਕਈ ਸਾਜ਼ਿਸ਼ਾਂ ਵਿੱਚ ਸ਼ਾਮਲ ਸਨ।
ਮੁਲਜ਼ਮਾਂ ਕੋਲੋਂ ਨਸ਼ੇ ਦੀ ਖੇਪ ਬਰਾਮਦ
ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫ਼ੀਆ ਇਤਲਾਹ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼-1 ਦੀਆਂ ਪੁਲਿਸ ਟੀਮਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਰੋਡ ’ਤੇ ਪੁਲੀ ਸੂਆ ਨੇੜੇ ਨਾਕਾ ਲਗਾਇਆ ਅਤੇ ਤਿੰਨੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਵਾਹਨ ’ਚੋਂ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ।
ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੀ ਆਸ
ਸੀ.ਪੀ. ਨੇ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਦੀ ਆਸ ਹੈ। ਇਸ ਸਬੰਧ ਵਿੱਚ ਐਫ.ਆਈ.ਆਰ. ਨੰਬਰ 44 ਮਿਤੀ 05.11.2024 ਅਧੀਨ ਥਾਣਾ ਏਅਰਪੋਰਟ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾ 21ਸੀ,22ਸੀ ਅਤੇ 23 ਤਹਿਤ ਕੇਸ ਦਰਜ ਕੀਤਾ ਗਿਆ ਹੈ।