ਸ੍ਰੀ ਮੁਕਤਸਰ ਸਾਹਿਬ : ਹਲਕਾ ਮਲੌਟ ਦੇ ਪਿੰਡ ਈਨਾ ਖੇੜਾ ਦੀ ਪੰਚਾਇਤ ਗੁਰੂ ਕੇ ਆਸਲ ਢਾਣੀ ਦੀ ਸਰਬਸੰਮਤੀ ਨਾਲ ਚੋਣ ਹੋਈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਪੂਰੀ ਪੰਚਾਇਤ ਬਣਾਈ ਅਤੇ ਨਿਰਮਲ ਸਿੰਘ ਸੰਧੂ ਦੇ ਗਲੇ ਵਿੱਚ ਹਾਰ ਪਾ ਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਉਨ੍ਹਾਂ ਨੂੰ ਪਿੰਡ ਦਾ ਨਵਾਂ ਸਰਪੰਚ ਨਿਯੁਕਤ ਕੀਤਾ। ਨਵ ਨਿਯੁਕਤ ਸਰਪੰਚ ਨੇ ਪਿੰਡ ਵਾਸੀਆਂ ਨੂੰ ਭਰੋਸਾ ਜਤਾਇਆ ਕਿ ਆਪਸੀ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਪਿੰਡ ਦੇ ਵਿਕਾਸ ਕਾਰਜਾਂ ਵੱਲ ਧਿਆਨ ਦਿੱਤਾ ਜਾਵੇਗਾ।
ਪਿੰਡ ਵਿੱਚ ਵਿਆਹ ਵਰਗਾ ਮਾਹੌਲ ਨਜ਼ਰ ਆਇਆ
ਪਿੰਡ ਈਨਾ ਖੇੜਾ ਦੀ ਨਵੀਂ ਪੰਚਾਇਤ ਬਣਨ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਵੀ ਖੁਸ਼ੀ ਦਾ ਮਾਹੌਲ ਬਣਿਆ ਰਿਹਾ। ਹਰ ਕੋਈ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਢੋਲ ਦੀ ਥਾਪ ਉੱਤੇ ਨੱਚਦੇ ਗਾਉਂਦੇ ਨਜ਼ਰ ਆਏ। ਪਿੰਡ ਦੇ ਨਵੇਂ ਸਰਪੰਚ ਨਿਰਮਲ ਸੰਧੂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਧੜੇਬੰਦੀ ਵਾਲੀ ਕੋਈ ਗੱਲ ਨਹੀਂ ਹੈ। ਸਾਡਾ ਆਪਸੀ ਭਾਈਚਾਰਾ ਤੇ ਸ਼ਰੀਕਾ ਹੈ। ਸਾਰੇ ਆਪਣੇ ਹੀ ਹਨ ਤੇ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਵਿਕਾਸ ਦੇ ਕਾਰਜਾਂ ਵੱਲ ਧਿਆਨ ਦਿੱਤਾ ਜਾਵੇਗਾ।
ਹੁਣ ਸਰਕਾਰ ਤੋਂ ਚੰਗੀ ਗ੍ਰਾਂਟ ਦੀ ਉਮੀਦ
ਨਿਰਮਲ ਸੰਧੂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਇੰਟਰਲੌਕ ਸੜਕਾਂ-ਗਲੀਆਂ, ਇੱਕ ਹਸਪਤਾਲ, ਗ੍ਰਾਊਂਡ ਤੇ ਮੁਹੱਲਾ ਕਲੀਨਿਕ ਦੀ ਸਹੂਲਤ ਦੀ ਬੇਹਦ ਲੋੜ ਹੈ। ਪੰਜਾਬ ਦੀ ਆਪ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਸਰਬ ਸੰਮਤੀ ਨਾਲ ਪੰਚਾਇਤ ਚੁਣੇ ਜਾਣ ਵਾਲੇ ਪਿੰਡ ਨੂੰ ਸਪੈਸ਼ਲ ਗ੍ਰਾਂਟ ਦਿੱਤੀ ਜਾਵੇਗੀ, ਸੋ ਹੁਣ ਸਰਕਾਰ ਤੋਂ ਉਮੀਦ ਹੈ ਕਿ ਸਾਨੂੰ ਵਧੀਆਂ ਸਿਹਤ ਸਹੂਲਤ ਤੇ ਗ੍ਰਾਂਟ ਮੁਹੱਈਆ ਹੋਵੇਗੀ।
ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਚੱਲਣ ਦੀ ਲੋੜ
ਦੂਜੇ ਪਾਸੇ, ਪਿੰਡ ਦੇ ਹੀ ਸਾਬਕਾ ਸਰਪੰਚ ਸਾਹਿਬ ਸਿੰਘ ਨੇ ਕਿਹਾ ਕਿ ਅਸੀ ਸਰਬ ਸੰਮਤੀ ਨਾਲ ਪਿੰਡ ਦਾ ਨਵਾਂ ਸਰਪੰਚ ਨਿਰਮਲ ਸਿੰਘ ਸੰਧੂ ਨੂੰ ਚੁਣਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਹਰ ਵਾਰ ਇਸ ਤਰ੍ਹਾਂ ਹੀ ਸਰਪੰਚ ਚੁਣਿਆ ਜਾਂਦਾ ਹੈ। ਉਨ੍ਹਂ ਕਿਹਾ ਕਿ ਉਹ ਸਭ ਨੂੰ ਅਪੀਲ ਕਰਦੇ ਹਨ ਕਿ ਪਿੰਡਾਂ ਵਿੱਚ ਧੜੇਬੰਦੀਆਂ ਨਾ ਬਣਾਓ, ਸਗੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰੋ, ਪਿੰਡਾਂ ਦੇ ਵਿਕਾਸ ਲਈ ਕੰਮ ਕਰੋ। ਉਨ੍ਹਾਂ ਕਿਹਾ ਹੁਣ ਸਰਕਾਰ ਨੂੰ ਵਾਰੀ ਹੈ ਕਿ ਉਹ ਸਰਬ ਸੰਮਤੀ ਨਾਲ ਚੁਣੇ ਜਾਣ ਵਾਲੀ ਪੰਚਾਇਤ ਨੂੰ ਸਪੈਸ਼ਲ 5 ਲੱਖ ਵਾਲੀ ਗ੍ਰਾਂਟ ਦੇਣ, ਤਾਂ ਪਿੰਡ ਦਾ ਹੋਰ ਵਿਕਾਸ ਹੋ ਸਕੇ।