ਚੰਡੀਗੜ੍ਹ: ਪੰਜਾਬ ਵਿੱਚ ਖੇਤੀਬਾੜੀ ਨੂੰ ਮੁਨਾਫ਼ਾਬਖ਼ਸ਼ ਬਣਾਉਣ, ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਚਿਰਾਗ ਪਾਸਵਾਨ ਨੂੰ ਬਠਿੰਡਾ ਵਿਖੇ ਮੈਗਾ ਫੂਡ ਪਾਰਕ ਸਥਾਪਤ ਕਰਨ ਦਾ ਪ੍ਰਸਤਾਵ ਸੌਂਪਿਆ ਹੈ।
ਨਵੀਂ ਦਿੱਲੀ ਵਿਖੇ ਪੰਚਸ਼ੀਲ ਭਵਨ ਵਿੱਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਨਾਲ ਪ੍ਰਮੁੱਖ ਸਕੱਤਰ ਫੂਡ ਪ੍ਰੋਸੈਸਿੰਗ ਰਾਖੀ ਗੁਪਤਾ ਭੰਡਾਰੀ ਵੀ ਮੌਜੂਦ ਸਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੀ ਖੇਤੀ ਉਪਜ ਵਿੱਚ ਗੁਣਾਤਾਮਕ ਵਾਧਾ ਕਰਕੇ ਉਨ੍ਹਾਂ ਦੀ ਆਮਦਨ ਵਿੱਚ ਇਜ਼ਾਫਾ ਕਰਨ ਦੇ ਨਾਲ-ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਯਤਨਸ਼ੀਲ ਹਨ।
In a bid to enhance agricultural productivity, create employment opportunities and increase the farmers’ income, Punjab Agriculture & Farmers Welfare and Food Processing Minister S. Gurmeet Singh Khudian proposed Union Food Processing Industries Minister Sh. Chirag Paswan to set… pic.twitter.com/GTdOVW1LSl
— Government of Punjab (@PbGovtIndia) July 19, 2024
ਮਾਲਵਾ ਖਿੱਤੇ ਵਿੱਚ ਮੈਗਾ ਫੂਡ ਪਾਰਕ ਦੀ ਲੋੜ ਬਾਰੇ ਗੱਲ ਕਰਦਿਆਂ ਪੰਜਾਬ ਦੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਇਹ ਮੈਗਾ ਫੂਡ ਪਾਰਕ ਜਲਦ ਖਰਾਬ ਹੋਣ ਵਾਲੀਆਂ ਖੇਤੀ ਉਪਜਾਂ ਤੋਂ ਪ੍ਰੋਸੈਸਡ ਫੂਡ ਉਤਪਾਦਾਂ ਦਾ ਨਿਰਮਾਣ ਕਰਕੇ ਘਰੇਲੂ ਅਤੇ ਨਿਰਯਾਤ ਮਾਰਕੀਟ ਲਈ ਢੁਕਵਾਂ 'ਤੇ ਲਾਹੇਵੰਦ ਸਾਬਤ ਹੋਵੇਗਾ।
ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਮੈਗਾ ਫੂਡ ਪਾਰਕ ਸਕੀਮ ਅਧੀਨ ਲੁਧਿਆਣਾ ਜ਼ਿਲ੍ਹੇ ਵਿੱਚ ਲਾਡੋਵਾਲ ਵਿਖੇ ਸਥਾਪਤ ਮੈਗਾ ਫੂਡ ਪਾਰਕ ਦੀ ਸਫ਼ਲਤਾ ਨੂੰ ਵੇਖਦਿਆਂ ਮਾਲਵੇ ਵਿੱਚ ਇੱਕ ਹੋਰ ਮੈਗਾ ਫੂਡ ਪਾਰਕ ਸਥਾਪਤ ਕੀਤੇ ਜਾਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਮੈਗਾ ਫੂਡ ਪਾਰਕ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।
ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੂੰ ਲਾਡੋਵਾਲ ਮੈਗਾ ਫੂਡ ਪਾਰਕ ਲਈ ਗ੍ਰਾਂਟ-ਇਨ-ਏਡ ਦੀ ਲੰਬਿਤ ਪਈ ਚੌਥੀ ਕਿਸ਼ਤ ਜਾਰੀ ਕਰਨ ਲਈ ਦਖ਼ਲ ਦੇਣ ਅਤੇ ਅੰਮ੍ਰਿਤਸਰ ਵਿਖੇ ਲੋੜੀਂਦੀ ਮਾਨਤਾ ਸਮੇਤ ਫੂਡ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਲਈ ਵੀ ਜ਼ੋਰਦਾਰ ਅਪੀਲ ਕੀਤੀ ਕਿਉਂਕਿ ਫੂਡ ਪ੍ਰੋਸੈਸਿੰਗ ਉਦਯੋਗਾਂ, ਵਪਾਰੀਆਂ, ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਅਤੇ ਅਚਾਰ-ਮੁਰੱਬਾ ਐਸੋਸੀਏਸ਼ਨ ਨੂੰ ਮੋਹਾਲੀ ਜਾਂ ਦਿੱਲੀ ਤੋਂ ਆਪਣੇ ਉਤਪਾਦਾਂ ਦੀ ਟੈਸਟਿੰਗ ਕਰਵਾਉਣੀ ਪੈਂਦੀ ਹੈ। ਇਸ ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਕੇ.ਏ.ਪੀ. ਸਿਨਹਾ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਅਤੇ ਕੇਂਦਰੀ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। (ਪ੍ਰੈਸ ਨੋਟ)