ਬਰਨਾਲਾ: ਬਰਨਾਲਾ ਦੇ ਬਾਬਾ ਗਾਂਧਾ ਸਿੰਘ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ, ਜਿੱਥੇ ਆਪਣੇ ਹੀ ਸਕੂਲ ਵਿੱਚ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਬਣ ਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ। ਉਨ੍ਹਾਂ ਨੇ ਇਸ ਦੌਰਾਨ ਜਿੱਥੇ ਸਕੂਲ ਲੈਬਾਂ ਦਾ ਉਦਘਾਟਨ ਕੀਤਾ, ਉਥੇ ਆਪਣੇ ਸਕੂਲੀ ਸਮੇਂ ਨੂੰ ਵੀ ਯਾਦ ਕੀਤਾ ਅਤੇ ਆਪਣੀ ਤਰੱਕੀ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਸਮੂਹ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਹਰ ਵਿਅਕਤੀ ਦੀ ਤਰੱਕੀ ਵਿੱਚ ਮਾਪਿਆਂ ਤੋਂ ਬਾਅਦ ਉਸ ਦੇ ਅਧਿਆਪਕਾਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਹ ਅੱਜ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਸਕੂਲ ਵਿੱਚ ਪਹੁੰਚੇ ਹਨ ਜਿੱਥੇ ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਿਲ ਕੀਤੀ ਅਤੇ ਇੱਥੋਂ ਹਾਸਿਲ ਕੀਤੀ ਵਿਦਿਆ ਹੀ ਅੱਜ ਇਸ ਮੁਕਾਮ ਤੱਕ ਉਹਨਾਂ ਨੂੰ ਲਿਜਾ ਸਕੀ ਹੈ।
ਸਿਆਸੀ ਕਰੀਅਰ ਵਿੱਚ ਸਕੂਲ ਦਾ ਯੋਗਦਾਨ
ਮੀਤ ਹੇਅਰ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਮੈਂ ਆਪਣੇ ਹੀ ਸਕੂਲ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਮਹਿਮਾਨ ਦੇ ਤੌਰ ਤੇ ਪਹੁੰਚਿਆ ਹਾਂ। ਉਹਨਾਂ ਕਿਹਾ ਕਿ ਅੱਜ ਸਕੂਲ ਵਿੱਚ ਪਹੁੰਚ ਕੇ ਆਪਣੀਆਂ ਬਚਪਨ ਦੀਆਂ ਸਕੂਲ ਟਾਈਮ ਦੀਆਂ ਯਾਦਾਂ ਸਾਹਮਣੇ ਆ ਗਈਆਂ ਹਨ। ਇਸ ਦੇ ਨਾਲ ਹੀ ਮੀਤ ਹੇਅਰ ਨੇ ਕਿਹਾ ਕਿ ਉਸ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਵਿੱਚ ਇਸ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦਾ ਵੱਡਾ ਰੋਲ ਰਿਹਾ ਹੈ।
ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਅੱਜ ਅਧਿਆਪਕਾਂ ਨੂੰ ਹੌਸਲਾ ਵਧਾਉਣ ਲਈ ਅੱਜ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਕੂਲ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਇਸੇ ਸਕੂਲ ਤੋਂ ਪੜ੍ਹਨ ਵਾਲੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਹ ਦਿਨ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਉਹਨਾਂ ਦਾ ਹੌਸਲਾ ਵਧਾਉਂਦਾ ਹੈ।
ਜਿਸ ਨੂੰ ਪੜਾਇਆ ਉਸ ਤੋਂ ਸਨਮਾਨਿਤ ਹੋਣਾ ਮਾਣ ਵਾਲੀ ਗੱਲ
ਇਸ ਦੇ ਨਾਲ ਹੀ, ਸਕੂਲ ਦੀ ਅਧਿਆਪਕਾ ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਸਕੂਲ ਵਿੱਚ ਬਤੌਰ ਅਧਿਆਪਕਾ ਪੜ੍ਹਾ ਰਹੇ ਹਨ। ਮੈਂਬਰ ਪਾਰਲੀਮੈਂਟ ਮੀਤ ਹੇਅਰ ਵੀ ਉਹਨਾਂ ਕੋਲੋਂ ਪੜੇ ਹਨ। ਅੱਜ ਉਨ੍ਹਾਂ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਪੜ੍ਹਾਏ ਵਿਦਿਆਰਥੀ ਮੀਤ ਹੇਅਰ ਤੋਂ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਸਨਮਾਨ ਮਿਲਿਆ ਹੈ।
ਉਹਨਾਂ ਕਿਹਾ ਕਿ ਮੀਤ ਹੇਅਰ ਪਹਿਲੇ ਹੀ ਦਿਨ ਤੋਂ ਬਹੁਤ ਹੀ ਹੁਸ਼ਿਆਰ, ਮਿਹਨਤੀ ਅਤੇ ਲਾਇਕ ਨੌਜਵਾਨ ਰਿਹਾ ਹੈ। ਇਸ ਦੇ ਨਾਲ ਹੀ ਸਕੂਲ ਅਧਿਆਪਕਾਂਵਾਂ ਨੇ ਦੱਸਿਆ ਕਿ ਅੱਜ ਮੀਤ ਹੇਅਰ ਵੱਲੋਂ ਤਿੰਨ ਕੈਮਿਸਟਰੀ, ਕੰਪਿਊਟਰ ਲੈਬਾਂ ਤੋਂ ਇਲਾਵਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ।