ਚੰਡੀਗੜ੍ਹ: ਮਾਨ ਸਰਕਾਰ ਦੇ ਮੰਤਰੀ ਹਰਜੋਤ ਬੈਂਸ ਤੇ ਮੀਤ ਹੇਅਰ ਤੋਂ ਬਾਅਦ ਪੰਜਾਬ ਸਰਕਾਰ ਦੀ ਇੱਕ ਹੋਰ ਮੰਤਰੀ ਅਤੇ ਗਾਇਕਾ ਅਨਮੋਲ ਗਗਨ ਮਾਨ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਉਨ੍ਹਾਂ ਦਾ ਵਿਆਹ ਸ਼ਾਹਬਾਜ਼ ਸਿੰਘ ਨਾਲ ਹੋਇਆ ਹੈ। ਜ਼ੀਰਕਪੁਰ ਸਥਿਤ ਗੁਰਦੁਆਰਾ ਨਾਭਾ ਸਾਹਿਬ ਵਿਖੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ ਹਨ। ਇਸ ਤੋਂ ਬਾਅਦ ਜ਼ੀਰਕਪੁਰ ਦੇ ਇੱਕ ਮੈਰਿਜ ਪੈਲੇਸ ਵਿੱਚ ਪ੍ਰੋਗਰਾਮ ਹੋ ਰਿਹਾ ਹੈ।
ਮੁੱਖ ਮੰਤਰੀ ਸਣੇ ਵੱਡੇ ਲੀਡਰ ਹੋ ਸਕਦੇ ਸ਼ਾਮਿਲ: ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਮੰਤਰੀਆਂ, ਵਿਧਾਇਕਾਂ ਅਤੇ ਨਾਮੀ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਸ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਵੀ ਠੋਸ ਪ੍ਰਬੰਧ ਕੀਤੇ ਗਏ ਹਨ।
ਗਾਇਕੀ ਤੋਂ ਰਾਜਨੀਤੀ ਦਾ ਸਫ਼ਰ: ਅਨਮੋਲ ਗਗਨ ਮਾਨ ਦਾ ਪਰਿਵਾਰ ਮੂਲ ਰੂਪ ਵਿੱਚ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਲਾਂਕਿ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਹੀ ਬੀਤਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਵੀ ਚੰਡੀਗੜ੍ਹ ਤੋਂ ਹੀ ਪੂਰੀ ਕੀਤੀ ਹੈ। ਇਸ ਤੋਂ ਬਾਅਦ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਪੰਜਾਬੀ ਐਲਬਮਾਂ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਸਿਆਸਤ 'ਚ ਐਂਟਰੀ ਕੀਤੀ ਤੇ ਸਾਲ 2022 ਵਿੱਚ ਪਹਿਲੀ ਵਾਰ ਖਰੜ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ। ਉਨ੍ਹਾਂ ਨੇ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ।
ਚੋਣ ਜਿੱਤਦੇ ਹੀ ਮੰਤਰੀ ਦਾ ਅਹੁਦਾ: ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਦਿਆਂ ਹੀ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਸੌਂਪਿਆ ਗਿਆ। ਉਹ ਸੈਰ ਸਪਾਟਾ ਵਿਭਾਗ ਨੂੰ ਸੰਭਾਲ ਰਹੇ ਹਨ। ਹਾਲਾਂਕਿ ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਚੋਣ ਦੇ ਪ੍ਰਚਾਰ ਦੌਰਾਨ ਇੱਕ ਕੰਪੇਨ ਗੀਤ ਵੀ ਬਣਾਇਆ ਸੀ। ਇੰਨਾ ਹੀ ਨਹੀਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਆਪਣੀ ਚੋਣ ਮੁਹਿੰਮ ਲਈ ਖਰੜ ਆਏ ਸੀ ਤੇ ਅਨਮੋਲ ਗਗਨ ਮਾਨ ਲਈ ਉਨ੍ਹਾਂ ਨੇ ਵੋਟਾਂ ਵੀ ਮੰਗੀਆਂ ਸਨ।
ਕਾਂਗਰਸ ਨਾਲ ਸਬੰਧਿਤ ਸਹੁਰਾ ਪਰਿਵਾਰ: ਜਿਸ ਪਰਿਵਾਰ ਵਿੱਚ ਅਨਮੋਲ ਗਗਨ ਮਾਨ ਦਾ ਵਿਆਹ ਹੋਣ ਜਾ ਰਿਹਾ ਹੈ। ਉਨ੍ਹਾਂ ਦਾ ਵੀ ਆਪਣੇ ਇਲਾਕੇ ਵਿਚ ਵੀ ਚੰਗਾ ਪ੍ਰਭਾਵ ਹੈ। ਮੰਤਰੀ ਮਾਨ ਦੇ ਪਤੀ ਐਡਵੋਕੇਟ ਸ਼ਾਹਬਾਜ਼ ਸਿੰਘ ਪੇਸ਼ੇ ਤੋਂ ਵਪਾਰੀ ਹਨ। ਜਦੋਂ ਕਿ ਸ਼ਾਹਬਾਜ਼ ਦੀ ਮਾਂ ਸੀਲਮ ਸੋਹੀ ਰਾਜਨੀਤੀ ਵਿੱਚ ਹਨ। ਉਨ੍ਹਾਂ ਨੇ ਬਨੂੜ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿੱਤ ਮੰਤਰੀ ਕੈਪਟਨ ਕੰਵਲਜੀਤ ਖ਼ਿਲਾਫ਼ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ। ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਰੀਬੀ ਸਨ। ਉਨ੍ਹਾਂ ਦੇ ਦਾਦਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਵਿਧਾਨ ਸਭਾ ਪੁੱਜੇ ਸਨ।
ਪਹਿਲਾਂ ਵੀ ਕਈ ਲੀਡਰਾਂ ਦਾ ਹੋ ਚੁੱਕਿਆ ਵਿਆਹ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਲੀਡਰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 7 ਜੁਲਾਈ 2022 ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾਇਆ ਸੀ। ਉਸ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 25 ਮਾਰਚ 2023 ਨੂੰ ਆਈਪੀਐਸ ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਕੀਤਾ ਸੀ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ 7 ਨਵੰਬਰ 2023 ਨੂੰ ਡਾ. ਗੁਰਵੀਨ ਕੌਰ ਨਾਲ ਵਿਆਹ ਕਰਵਾਇਆ ਸੀ।
- ਅੱਜ ਤੋਂ ਫ੍ਰੀ ਹੋਵੇਗਾ ਲੁਧਿਆਣਾ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ; ਕਿਸਾਨ ਜੁੱਟਣੇ ਲੱਗੇ, ਪੁਲਿਸ ਬਲ ਤਾਇਨਾਤ - LUDHIANA TOLL PLAZA
- ਜੰਡਿਆਲਾ 'ਚ ਪਤੀ ਵੱਲੋਂ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ, ਪਤੀ ਉੱਤੇ ਦਾਜ ਦੀ ਮੰਗ ਕਰਨ ਦੇ ਲੱਗੇ ਇਲਜ਼ਾਮ - husband beat his wife for dowry
- ਜੰਡਿਆਲਾ ਗੁਰੂ 'ਚ ਇੱਕ ਲੜਕੇ ਨੂੰ ਕਿਡਨੈਪ ਕਰਕੇ ਉਤਾਰਿਆ ਮੌਤ ਦੇ ਘਾਟ, ਜਾਣੋ ਵਜ੍ਹਾਂ - Kidnapped Boy Murder Case