ਲੁਧਿਆਣਾ: ਪੰਜਾਬ ਭਰ ਵਿੱਚ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਦੋ ਘੰਟੇ ਲਈ ਬੱਸ ਅੱਡੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਲੁਧਿਆਣਾ ਦੇ ਬੱਸ ਅੱਡੇ ਨੂੰ ਵੀ ਬੰਦ ਕੀਤਾ ਗਿਆ। ਜਿੱਥੇ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਪਹਿਲਾਂ ਹੀ ਆਪਣੀਆਂ ਬੱਸਾਂ ਨੂੰ ਅੱਡੇ ਵਿੱਚੋਂ ਬਾਹਰ ਕੱਢ ਲਿਆ ਗਿਆ।
ਦੋ ਘੰਟੇ ਲਈ ਬੱਸ ਅੱਡੇ ਬੰਦ
ਉੱਥੇ ਹੀ ਬੇਸ਼ੱਕ ਬੱਸ ਅੱਡਾ ਪੂਰੀ ਤਰ੍ਹਾਂ ਖਾਲੀ ਨਜ਼ਰ ਆਇਆ ਪਰ ਜੋ ਲੋਕ ਬੱਸ ਅੱਡੇ ਵਿੱਚ ਦੂਸਰੀ ਜਗ੍ਹਾ ਜਾਣ ਲਈ ਬਸ ਲੈਣ ਲਈ ਆਏ ਸਨ, ਉਹ ਖੱਜਲ ਖਰਾਬ ਹੁੰਦੇ ਨਜ਼ਰ ਆਏ। ਕੱਚੇ ਮੁਲਾਜ਼ਮਾਂ ਨੇ ਕਿਹਾ ਸਰਕਾਰ ਵੱਲੋਂ ਉਹਨਾਂ ਨੂੰ ਸਮਾਂ ਦੇ ਕੇ ਵੀ ਮੀਟਿੰਗ ਨਹੀਂ ਕੀਤੀ ਗਈ ਤੇ ਨਾ ਹੀ ਮਸਲਾ ਹੱਲ ਕੀਤਾ ਗਿਆ, ਜਿਸ ਦੇ ਚੱਲਦਿਆਂ ਉਹ ਪ੍ਰਦਰਸ਼ਨ ਕਰ ਰਹੇ ਹਨ।
ਮੀਟਿੰਗ ਦੇ ਮਿਲਣ ਤੋਂ ਭੱਜੀ ਸਰਕਾਰ
ਪੀਆਰਟੀਸੀ ਅਤੇ ਪਨਬੱਸ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਨਿਰਧਾਰਿਤ ਕੀਤੀ ਗਈ ਸੀ। ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਹੜਤਾਲ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ ਪਰ ਟਰਾਂਸਪੋਰਟ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ, ਜਿਸ ਦੇ ਕਾਰਨ ਉਹਨਾਂ ਨੂੰ ਮਜਬੂਰੀ ਕਾਰਨ ਮੁੜ ਤੋਂ ਹੜਤਾਲ ਦੀ ਕਾਲ ਦੇਣੀ ਪਈ। ਉਹਨਾਂ ਨੇ ਕਿਹਾ ਕਿ ਅੱਜ ਦੋ ਘੰਟੇ ਬੱਸਾਂ ਬੰਦ ਕੀਤੀਆਂ ਗਈਆਂ ਹਨ, ਜੇਕਰ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਜਿੰਨਾਂ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹਨ, ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਬਾਰ-ਬਾਰ ਉਹਨਾਂ ਨੂੰ ਸਮਾਂ ਦੇ ਕੇ ਮਸਲੇ ਹੱਲ ਕਰਨ ਤੋਂ ਭੱਜ ਰਹੀ ਹੈ।
ਹੜਤਾਲ ਕਾਰਨ ਲੋਕ ਹੋਏ ਖੱਜਲ
ਉਥੇ ਹੀ ਮੌਕੇ 'ਤੇ ਬੱਸ ਦੀ ਉਡੀਕ 'ਚ ਖੜੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਕਿ ਅੱਜ ਹੜਤਾਲ ਹੈ। ਜਿਸ ਦੇ ਚੱਲਦਿਆਂ ਉਹ ਇੱਥੇ ਪਹੁੰਚੇ ਪਰ ਬੱਸਾਂ ਨਹੀਂ ਹਨ। ਉਹਨਾਂ ਨੇ ਕਿਹਾ ਕਿ ਸਿਰਫ ਸਰਕਾਰੀ ਹੀ ਨਹੀਂ, ਪ੍ਰਾਈਵੇਟ ਬੱਸਾਂ ਵੀ ਨਹੀਂ ਮਿਲ ਰਹੀਆਂ। ਜਿਸ ਦੇ ਚੱਲਦਿਆਂ ਉਹ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਜਲਦ ਤੋਂ ਜਲਦ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਖੱਜਲ ਖੁਆਰ ਨਾ ਹੋਣ।