ਚੰਡੀਗੜ੍ਹ: ਪਿਛਲੇ ਦਿਨੀਂ ਈਡੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਗਲਤ ਕਰਾਰ ਦਿੰਦਿਆਂ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਵਲੋਂ ਭਾਜਪਾ 'ਤੇ ਇਲਜ਼ਾਮ ਲਾਉਂਦਿਆਂ ਆਪਣਾ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਇਸ ਦੇ ਚੱਲਦੇ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਅਤੇ ਉਸ ਦੇ ਸਹਿਯੋਗੀ ਦਲਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
-
ਤਾਨਾਸ਼ਾਹੀ ਖ਼ਿਲਾਫ਼ ਇਨਕਲਾਬ ਦੀ ਸ਼ੁਰੂਆਤ...
— Bhagwant Mann (@BhagwantMann) March 31, 2024
ਦੇਸ਼ ਦੀ ਤਾਨਾਸ਼ਾਹ ਸਰਕਾਰ ਖ਼ਿਲਾਫ਼ ਅਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਅੱਜ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇਕੱਠੀਆਂ ਹੋ ਰਹੀਆਂ ਨੇ... ਆਓ ਇਸ ਮਹਾ ਰੈਲੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਈਏ ਤੇ ਲੋਕਤੰਤਰ ਨੂੰ… pic.twitter.com/U7D4C6x4Rx
ਮੁੱਖ ਮੰਤਰੀ ਮਾਨ ਨੇ ਆਖੀ ਇਹ ਗੱਲ: ਇਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ, ਤਾਨਾਸ਼ਾਹੀ ਖ਼ਿਲਾਫ਼ ਇਨਕਲਾਬ ਦੀ ਸ਼ੁਰੂਆਤ...ਦੇਸ਼ ਦੀ ਤਾਨਾਸ਼ਾਹ ਸਰਕਾਰ ਖ਼ਿਲਾਫ਼ ਅਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਅੱਜ ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇਕੱਠੀਆਂ ਹੋ ਰਹੀਆਂ ਨੇ... ਆਓ ਇਸ ਮਹਾ ਰੈਲੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਈਏ ਤੇ ਲੋਕਤੰਤਰ ਨੂੰ ਬਚਾਈਏ...ਇਨਕਲਾਬ ਜ਼ਿੰਦਾਬਾਦ।
ਇੰਡੀਆ ਗਠਜੋੜ ਦੇ ਲੀਡਰ ਹੋਣਗੇ ਸ਼ਾਮਲ: ਕਾਬਿਲੇਗੌਰ ਹੈ ਕਿ ਇੰਡੀਆ ਗਠਜੋੜ ਵਲੋਂ ਭਾਜਪਾ ਖਿਲਾਫ਼ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਮਹਾ ਰੈਲੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਹਨ। ਇਸ ਮਹਾ ਰੈਲੀ 'ਚ ਜਿਥੇ ਹਜ਼ਾਰਾਂ ਦੀ ਗਿਣਤੀ 'ਚ 'ਆਪ' ਵਰਕਰ ਅਤੇ ਉਨ੍ਹਾਂ ਦੇ ਲੀਡਰ ਸ਼ਾਮਲ ਹੋਣਗੇ ਤਾਂ ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਝਾਰਖੰਡ ਦੇ ਸਾਬਕਾ ਸੀਐਮ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਕਾਂਗਰਸ ਲੀਡਰ ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਹੋਣਗੇ।
ਮਹਾ ਰੈਲੀ ਨੂੰ ਲੈਕੇ ਤਿਆਰੀਆਂ ਮੁਕੰਮਲ: ਇਸ ਦੇ ਨਾਲ ਹੀ ਮਹਾਰੈਲੀ ਲਈ ਆਉਣ ਵਾਲੇ ਵਰਕਰਾਂ ਲਈ ਵੱਡੇ-ਵੱਡੇ ਪੰਡਾਲ ਬਣਾਏ ਗਏ ਹਨ। ਇਸ ਦੇ ਨਾਲ ਹੀ ਸੁਰੱਖਿਆ ਲਈ ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਅਨੁਸਾਰ, ਲਗਭਗ 20,000 ਲੋਕਾਂ ਨੂੰ ਮੈਦਾਨ ਵਿੱਚ ਇਕੱਠੇ ਹੋਣ ਦੀ ਆਗਿਆ ਦਿੱਤੀ ਗਈ ਹੈ। ਪੰਡਾਲ ਵਿੱਚ ਸੀਸੀਟੀਵੀ ਕੈਮਰੇ ਅਤੇ ਮੈਟਲ ਡਿਟੈਕਟਰ ਵੀ ਲਗਾਏ ਗਏ ਹਨ। ਦਿੱਲੀ ਪੁਲਿਸ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹਨ।
ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ: ਇਸ ਮਹਾਰੈਲੀ ਨੂੰ ਲੈ ਕੇ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਇਸ ਅਨੁਸਾਰ ਬਾਰਾਖੰਬਾ ਰੋਡ ਤੋਂ ਗੁਰੂ ਨਾਨਕ ਚੌਕ ਤੋਂ ਰਣਜੀਤ ਸਿੰਘ ਫਲਾਈਓਵਰ, ਮਿੰਟੋ ਰੋਡ ਤੋਂ ਗੋਲ ਚੌਕ ਕਮਲਾ ਮਾਰਕੀਟ, ਹਮਦਰਦ ਚੌਕ, ਜੇਐਲਐਨ ਮਾਰਗ ਤੋਂ ਦਿੱਲੀ ਗੇਟ ਤੋਂ ਗੁਰੂ ਨਾਨਕ ਚੌਕ ਤੱਕ ਵਿਵੇਕਾਨੰਦ ਮਾਰਗ ’ਤੇ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ। ਹਾਲਾਂਕਿ, ਬਾਅਦ ਵਿੱਚ ਇਸ 'ਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ। JLN ਰੂਟ 'ਤੇ ਬੱਸਾਂ ਦੀ ਆਵਾਜਾਈ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਨਾਲ ਹੀ ਰਾਜਘਾਟ ਪਾਵਰ ਹਾਊਸ ਰੋਡ ਅਤੇ ਵੇਲੋਡਰੋਮ ਰੋਡ 'ਤੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਇਹ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਗੂ ਰਹੇਗਾ।
ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ: ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐਤਵਾਰ ਨੂੰ ਲੋੜ ਅਨੁਸਾਰ ਟ੍ਰੈਫਿਕ ਨਿਯਮਾਂ ਅਤੇ ਡਾਇਵਰਸ਼ਨ ਦੀ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਸੰਭਵ ਹੋਵੇ ਤਾਂ ਨਿੱਜੀ ਵਾਹਨਾਂ ਦੀ ਬਜਾਏ ਬੱਸਾਂ ਅਤੇ ਮੈਟਰੋ ਦੀ ਵਰਤੋਂ ਕਰੋ ਅਤੇ ਪਹਿਲਾਂ ਹੀ ਆਪਣੀ ਮੰਜ਼ਿਲ ਲਈ ਰਵਾਨਾ ਹੋ ਜਾਣ।
ਈਡੀ ਵਲੋਂ ਭੇਜੇ ਸੰਮਨਾਂ 'ਤੇ ਨਹੀਂ ਹੋਏ ਸੀ ਪੇਸ਼: ਕਾਬਿਲੇਗੌਰ ਹੈ ਕਿ ਈਡੀ ਵਲੋਂ ਸਭ ਤੋਂ ਪਹਿਲਾਂ ਸਤੇਂਦਰ ਜੈਂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਈਡੀ ਵਲੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੁਟਾਲੇ ਦੀ ਜਾਂਚ 'ਚ ਸਹਿਯੋਗ ਲਈ ਨੌ ਸੰਮਨ ਭੇਜੇ ਗਏ ਸਨ ਪਰ ਇਸ ਦੇ ਬਾਵਜੂਦ ਕੇਜਰੀਵਾਲ ਨੇ ਸਹਿਯੋਗ ਨਾ ਦਿੰਦਿਆਂ ਉਨ੍ਹਾਂ ਸੰਮਨ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ, ਜਿਸ 'ਚ ਉਨ੍ਹਾਂ ਵਲੋਂ ਅਦਾਲਤਾਂ ਦਾ ਸਹਾਰਾ ਲਿਆ ਗਿਆ ਸੀ ਪਰ ਉਥੋਂ ਵੀ ਕੋਈ ਖਾਸ ਰਾਹਤ ਨਹੀਂ ਮਿਲੀ ਸੀ। ਜਿਸ ਤੋਂ ਬਾਅਦ ਈਡੀ ਵਲੋਂ ਇਹ ਕਾਰਵਾਈ ਕੀਤੀ ਗਈ ਹੈ।
- ਪੰਜਾਬ 'ਚ ਅੱਜ ਤੋਂ ਬਦਲੇਗਾ ਮੌਸਮ, ਦਿੱਲੀ 'ਚ ਵੱਧਦੀ ਗਰਮੀ ਨਾਲ ਹਵਾ ਵੀ ਹੋਈ ਖ਼ਰਾਬ - Punjab Weather Update
- ਰਾਮਲੀਲਾ ਮੈਦਾਨ 'ਚ ਇੰਡੀਆ ਅਲਾਇੰਸ ਦੀ ਮਹਾਰੈਲੀ ਦੀਆਂ ਤਿਆਰੀਆਂ ਮੁਕੰਮਲ, ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ - India Alliance Maharally
- ਦਿੱਲੀ ਦੇ ਬੁਰਾੜੀ 'ਚ ਪਾਈਪ ਲਾਈਨ 'ਚੋਂ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਇੱਕ ਦੀ ਮੌਤ, ਦੋ ਜ਼ਖਮੀ - Gas Leaked From Pipeline