ਬਰਨਾਲਾ: ਜ਼ਿਲ੍ਹੇ ਦੇ ਪਿੰਡ ਉਗੋਕੇ ਦੇ ਇੱਕ ਸ਼ੈਲਰ ਵਿੱਚ ਬਾਹਰੀ ਜ਼ਿਲ੍ਹਿਆਂ ਤੋਂ ਲਿਆ ਕੇ ਲਗਾਏ ਜਾ ਰਹੇ ਝੋਨੇ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਸ਼ੈਲਰ ਮਾਲਕ ਨਾਲ ਮਾਰਕੀਟ ਕਮੇਟੀ ਅਤੇ ਖ਼ਰੀਦ ਏਜੰਸੀ ਅਧਿਕਾਰੀਆਂ ਤੇ ਮਿਲੀਭੁਗਤ ਦੇ ਇਲਜ਼ਾਮ ਲਗਾਏ। ਕਿਸਾਨਾਂ ਨੇ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਮਿਲੀਭੁਗਤ ਦੇ ਇਲਜ਼ਾਮ
ਇਸ ਮੌਕੇ ਜਥੇਬੰਦੀ ਆਗੂ ਦਰਸ਼ਨ ਸਿੰਘ, ਕਾਲਾ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ, ਗੁਰਮੇਲ ਸਿੰਘ ਅਤੇ ਨਿਰਭੈ ਸਿੰਘ ਨੇ ਦੱਸਿਆ ਕਿ ਉਗੋਕੇ ਦੇ ਹੇਮੰਤ ਰਾਈਸ ਮਿੱਲ ਨਾਮੀ ਸ਼ੈਲਰ ਵਿੱਚ ਅੱਜ ਬਾਹਰ ਤੋਂ ਟਰੱਕ ਲਿਆ ਕੇ ਝੋਨਾ ਲਗਾਇਆ ਜਾ ਰਿਹਾ ਹੈ। ਜਦਕਿ ਲੋਕਲ ਮੰਡੀਆਂ ਵਿੱਚ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨਾਂ ਦੀ ਫ਼ਸਲ ਨਹੀਂ ਵਿਕ ਰਹੀ। ਲੋਕਲ ਮੰਡੀਆਂ ਵਿੱਚੋਂ ਨਮੀ ਦੇ ਨਾਮ ਤੇ ਕਿਸਾਨਾਂ ਦੀ ਫ਼ਸਲ ਨਹੀਂ ਖ਼ਰੀਦੀ ਜਾ ਰਹੀ। ਜਦਕਿ ਬਾਹਰ ਤੋਂ ਲਿਆਂਦੇ ਝੋਨੇ ਦੀ ਨਮੀ 25 ਫ਼ੀਸਦੀ ਤੱਕ ਹੈ। ਉਹਨਾਂ ਕਿਹਾ ਕਿ ਪਿੰਡ ਜਗਜੀਤਪੁਰਾ ਦੀ ਦਾਣਾ ਮੰਡੀ ਵਿੱਚ ਇੰਸਪੈਕਟਰ ਦੇ ਨਾ ਪੁੱਜਣ ਕਾਰਨ ਸਵੇਰ ਤੋਂ ਫ਼ਸਲ ਦੀ ਬੋਲੀ ਨਹੀਂ ਲੱਗੀ। ਜਦਕਿ ਸ਼ੈਲਰ ਵਿੱਚ ਆ ਕੇ ਦੇਖਿਆ ਤਾਂ ਸਬੰਧਤ ਇੰਸਪੈਕਟਰ ਸ਼ੈਲਰ ਵਿੱਚ ਬੈਠਾ ਸੀ।
ਨਮੀ 17 ਫ਼ੀਸਦੀ ਤੋਂ ਘੱਟ
ਕਿਸਾਨਾਂ ਦਾ ਕਹਿਣਾ ਹੈ ਕਿ ਦਾਣਾ ਮੰਡੀ ਵਿੱਚ ਝੋਨੇ ਦੀ ਨਮੀ 17 ਫ਼ੀਸਦੀ ਤੋਂ ਘੱਟ ਹੋਣ ਦੇ ਬਾਵਜੂਦ ਅਧਿਕਾਰੀ ਪ੍ਰੇ਼ਸ਼ਾਨ ਕਰ ਰਹੇ ਹਨ ਪਰ ਹੁਣ ਇਸ ਉਕਤ ਸ਼ੈਲਰ ਵਿੱਚ ਗਿੱਲਾ ਝੋਨਾ ਹੀ ਲਗਾਇਆ ਜਾ ਰਿਹਾ ਹੈ। ਜਿਸ ਲਈ ਉਕਤ ਸ਼ੈਲਰ ਮਾਲਕ, ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਸ਼ਾਮਲ ਹੈ। ਉਹਨਾਂ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਹੇਰਾਫ਼ੇਰੀ ਨੂੰ ਰੋਕਿਆ ਜਾਵੇ ਅਤੇ ਇਸਦੀ ਉਚ ਪੱਧਰੀ ਜਾਂਚ ਕੀਤੀ ਜਾਵੇ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਪਹਿਲਾਂ ਸਾਡੀਆਂ ਲੋਕਲ ਦਾਣਾ ਮੰਡੀਆ ਵਿੱਚੋਂ ਝੋਨੇ ਦੀ ਲਿਫ਼ਟਿੰਗ ਸ਼ੈਲਰਾਂ ਵਿੱਚ ਕਰਾਵੇ ਅਤੇ ਬਾਅਦ ਵਿੱਚ ਭਾਵੇਂ ਬਾਹਰ ਤੋਂ ਲਿਆ ਕੇ ਝੋਨਾ ਲਗਾ ਲੈਣ।
ਮਾਮਲੇ ਦੀ ਜਾਂਚ
ਇਸ ਸਬੰਧੀ ਪਨਸੱਪ ਖ਼ਰੀਦ ਏਜੰਸੀ ਦੇ ਇੰਸਪੈਕਟਰ ਤਰੁਣ ਕੁਮਾਰ ਨੇ ਕਿਹਾ ਕਿ ਨਿਯਮਾਂ ਅਨੁਸਾਰ ਉਕਤ ਸ਼ੈਲਰ ਮਾਲਕ ਝੋਨਾ ਖ਼ਰੀਦ ਦੇ ਲਗਾ ਸਕਦਾ ਹੈ। ਜਦਕਿ ਉਹਨਾਂ ਕਿਹਾ ਕਿ ਮੰਡੀਆਂ ਵਿੱਚ 17 ਫ਼ੀਸਦੀ ਨਮੀ ਵਾਲਾ ਝੋਨਾ ਹੀ ਖ਼ਰੀਦਿਆ ਸਕਦਾ ਹੈ। ਉਹਨਾਂ ਕਿਹਾ ਕਿ ਬਾਹਰੋਂ ਲਿਆਂਦੇ ਝੋਨੇ ਦੀ ਨਮੀ ਮਾਰਕੀਟ ਕਮੇਟੀ ਤਪਾ ਦੇ ਅਧਿਕਾਰੀਆਂ ਵਲੋਂ ਚੈਕ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਡੀਐਫ਼ਐਸਈ ਦੀ ਇਸ ਮਾਮਲੇ ਦੀ ਜਾਂਚ ਲਗਾ ਦਿੱਤੀ ਗਈ ਹੈ।