ਬਰਨਾਲਾ: ਝੋਨੇ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖ਼ੁਆਰੀ ਹੋ ਰਹੀ ਹੈ। ਜਿਸ ਨੂੁੰ ਲੈ ਕੇ ਪੰਜਾਬ ਵਿੱਚ ਝੋਨੇ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਸੰਘਰਸ਼ ਦੂਜੇ ਦਿਨ ਵੀ ਜਾਰੀ ਰਿਹਾ ਹੈ। ਦੂਜੇ ਦਿਨ ਜਿੱਥੇ ਕਿਸਾਨਾਂ ਵੱਲੋਂ ਟੋਲ ਪਲਾਜਾ ਨੂੰ ਦੁਬਾਰਾ ਪਰਚੀ ਮੁਕਤ ਰੱਖਿਆ ਗਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ।
ਮੀਤ ਹੇਅਰ ਦੀ ਕੋਠੀ ਅੱਗੇ ਮੋਰਚਾ ਸ਼ੁਰੂ
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਤੋਂ ਕਿਸਾਨ ਟੌਲ ਪਲਾਜ਼ਾ ਬਡਬਰ ਤੇ ਮੱਲੀਆਂ ਤੇ ਮੋਰਚੇ ਲਾਕੇ ਪਰਚੀ ਫ੍ਰੀ ਕਰ ਦਿੱਤੇ ਗਏ ਹਨ। ਉਨ੍ਹਾਂ ਵੱਲੋਂ ਕਿਸਾਨ ਜਥੇਬੰਦੀ ਦੇ ਐਲਾਨ ਅਨੁਸਾਰ ਆਮ ਆਦਮੀ ਪਾਰਟੀ ਦੇ ਐਮ ਪੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਮੋਰਚਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਇਹ ਮੋਰਚੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਖੁੱਲ੍ਹ ਕੇ ਖਰੀਦ ਤੇ ਪੀਏਪੀ ਦੀ ਘਾਟ ਪੂਰੀ ਨਹੀਂ ਕੀਤੀ ਜਾਂਦੀ।
ਸਰਕਾਰਾਂ ਪਰਾਲੀ ਦੇ ਪ੍ਰਬੰਧਨ ਅਤੇ ਡੀਏਪੀ ਦੀ ਖਾਦ ਦੀ ਘਾਟ ਪੂਰੀ ਕਰਨ
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰੀ ਸਿਫਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਦੀ ਅਤੇ ਐੱਮ ਐੱਸ ਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰੀ ਕੀਤੀ ਜਾਵੇ। ਬਾਸਮਤੀ ਦਾ ਲਾਭਕਾਰੀ ਐੱਮ ਐੱਸ ਪੀ ਮਿੱਥੇ ਰੇਟ ਤੋਂ ਘੱਟ ਖਰੀਦਿਆ ਜਾ ਰਿਹਾ ਹੈ, ਜਿਸ ਦੀ ਭਰਭਾਈ ਕੇਂਦਰ ਅਤੇ ਪੰਜਾਬ ਸਰਕਾਰ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਪਰਾਲੀ ਦੇ ਪ੍ਰਬੰਧਨ ਅਤੇ ਡੀਏਪੀ ਦੀ ਖਾਦ ਦੀ ਘਾਟ ਪੂਰੀ ਕਰਨ ਵਿੱਚ ਨਾਕਾਮ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ, ਜਰਨਲ ਸਕੱਤਰ ਦਰਸ਼ਨ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਧਰਨੇ ਵਿੱਚ ਹਾਜ਼ਰ ਸਨ।