ਬਰਨਾਲਾ: ਬਰਨਾਲਾ ਵਿੱਚ ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਸਰਕਾਰ 'ਤੇ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਕੰਮਾਂ ਵਿੱਚ ਪੱਖ-ਪਾਤ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਵਿਰੋਧੀ ਧਿਰਾਂ ਦੇ ਕੌਂਸਲਰਾਂ ਦੀ ਕੋਈ ਗੱਲ ਨਾ ਸੁਨਣ ਅਤੇ ਬਣਦਾ ਮਾਣ ਸਨਮਾਨ ਨਾ ਦੇਣ ਦੇ ਇਲਜ਼ਾਮ ਵੀ ਲਗਾਏ ਹਨ। ਸੂਬਾ ਸਰਕਾਰ ਅਤੇ ਮੰਤਰੀ ਮੀਤ ਹੇਅਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਉਥੇ ਦੂਜੇ ਪਾਸੇ ਮੰਤਰੀ ਦੇ OSD ਨੇ ਵਿਰੋਧੀ ਧਿਰਾਂ ਦੇ ਇਲਜ਼ਾਮ ਨਕਾਰਦਿਆਂ ਰਾਜਨੀਤੀ ਚਮਕਾਉਣ 'ਤੇ ਨਾਅਰੇ ਲਗਾਏ ਹਨ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਦਾ ਨਗਰ ਕੌਂਸਲ ਵਿਖੇ ਲਗਾਇਆ ਧਰਨਾ ਸੱਤਾ ਧਿਰ ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਦੇ MC ਨਾਲ ਕੀਤੇ ਜਾ ਰਹੇ ਪੱਖਪਾਤ ਦੇ ਰੋਸ ਵਜੋਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਵੇਲੇ ਤੋਂ ਸੱਤਾ ਧਿਰ ਨਗਰ ਕੌਸ਼ਲ ਦੀ ਪ੍ਰਧਾਨਗੀ ਲੈਣ ਲਈ ਹਰ ਯਤਨ ਕਰ ਰਹੇ ਹਨ, ਪਰ ਅਸਫ਼ਲ ਰਹੇ ਹਨ। ਹੁਣ ਸੱਤਾ ਧਿਰ ਵਲੋਂ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜ ਹੀ ਨਹੀਂ ਕਰਵਾਏ ਜਾ ਰਹੇ।
ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ MC ਜਦੋਂ ਆਪਣੇ ਕੰਮਾਂ ਲਈ ਕਿਸੇ ਅਧਿਕਾਰੀ ਕੋਲ ਜਾਂਦੇ ਹਨ ਤਾਂ ਉਹ ਹੋਰ ਅਧਿਕਾਰੀਆਂ ਕੋਲ ਭੇਜ ਦਿੰਦੇ ਹਨ। ਸਰਕਾਰ ਦੇ ਨੁਮਾਇੰਦੇ ਸਾਡੇ ਐਮਸੀਜ਼ ਨਾਲ ਧੱਕੇਸ਼ਾਹੀ ਕਰ ਰਹੇ ਹਨ। ਨਗਰ ਕੌਂਸ਼ਲ ਦੀਆਂ ਗ੍ਰਾਂਟਾਂ ਨਾਲ ਕੀਤੇ ਜਾਂਦੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਮੰਤਰੀ ਮੀਤ ਹੇਅਰ ਰੱਖ ਰਹੇ ਹਨ ਅਤੇ ਕੌਂਸਲਰਾਂ ਨੂੰ ਉਨ੍ਹਾਂ ਦੇ ਵਾਰਡਾਂ ਵਿੱਚ ਵੀ ਪੁੱਛਿਆ ਨਹੀਂ ਜਾ ਰਿਹਾ।
ਉਨ੍ਹਾਂ ਕਿਹਾ ਕਿ 14-15 ਕੌਂਸਲਰਾਂ ਨਾਲ ਇਹ ਧੱਕੇ ਸ਼ਾਹੀ ਸਰਕਾਰ ਅਤੇ ਨਗਰ ਕੌਂਸਲ ਦੇ ਅਧਿਕਾਰੀ ਕਰ ਰਹੇ ਹਨ। ਜਿਸ ਕਰਕੇ ਅੱਜ ਉਨ੍ਹਾਂ ਵਲੋਂ ਸਰਕਾਰ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾ ਧਿਰ ਨੇ ਕੌਂਸਲਰਾਂ ਦਾ ਭਾਈਚਾਰਾ ਵੀ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੂੰ ਨਜ਼ਰ ਅੰਦਾਜ਼ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਲੋੜ ਪਈ ਤਾਂ ਬਰਨਾਲਾ ਸ਼ਹਿਰ ਬੰਦ ਕਰਕੇ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।
ਉੱਥੇ ਇਸ ਸਬੰਧੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ OSD ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਲਗਾਏ ਜਾ ਰਹੇ ਦੋਸ਼ ਸਰਾ-ਸਰ ਝੂਠੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਨਿਰਪੱਖ ਤੌਰ ਤੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਸ਼ਹਿਰ ਵਿੱਚ ਸਫ਼ਾਈ ਅਤੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ। ਵਿਰੋਧੀ ਧਿਰਾਂ ਸਿਰਫ਼ ਰਾਜਨੀਤੀ ਚਮਕਾੳਣ ਲਈ ਇਹ ਦੂਸ਼ਣਬਾਜ਼ੀ ਕਰ ਰਹੀਆਂ ਹਨ।