ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਾਰੇ ਹੀ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿੱਚ 21 ਮਈ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਕਈ ਸਕੂਲ ਅਜਿਹੇ ਹਨ ਜਿਨਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਛੁੱਟੀਆਂ ਦਾ ਐਲਾਨ ਹੋਣ ਦੇ ਬਾਵਜੂਦ ਇਹ ਸਕੂਲ ਖੁੱਲ੍ਹੇ ਰਹੇ। ਅੱਜ ਵੀ ਲੁਧਿਆਣਾ ਦੇ ਪੰਜਾਬੀ ਬਾਗ ਇਲਾਕੇ 'ਚ ਇਕ ਨਿੱਜੀ ਸਕੂਲ ਨੇ ਵਿਦਿਆਰਥੀਆਂ ਨੂੰ ਸਕੂਲ ਬੁਲਾਇਆ ਹੈ ਜੋਕਿ ਮੀਡੀਆ ਦੇ ਕੈਮਰੇ 'ਚ ਕੈਦ ਹੋ ਗਿਆ। ਹਾਲਾਂਕਿ ਜਦੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਹਨ ਕਿ ਸਕੂਲ ਲੱਗਣ ਕਿਉਂਕਿ ਬੱਚੇ ਘਰ 'ਚ ਬੈਠਦੇ ਨਹੀਂ ਹਨ ਤੇ ਬਾਹਰ ਗਰਮੀ 'ਚ ਖੇਡਦੇ ਹਨ।
ਮਾਪੇ ਚਾਹੁੰਦੇ ਸਕੂਲ ਖੁੱਲ੍ਹਣ: ਇਸ ਸਕੂਲ ਦੇ ਚੌਂਕੀਦਾਰ ਨੂੰ ਜਦੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਿਰਫ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਨੂੰ ਛੁੱਟੀਆਂ ਦਾ ਕੰਮ ਦਿੱਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਸਕੂਲ ਲੱਗਿਆ ਸੀ। ਉੱਧਰ ਦੂਜੇ ਪਾਸੇ ਸਕੂਲ 'ਚ ਵਿਦਿਆਰਥੀਆਂ ਨੂੰ ਭੇਜਣ ਵਾਲੀ ਇਕ ਬੱਚੇ ਦੀ ਮਾਂ ਨੇ ਕਿਹਾ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਛੁੱਟੀ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਕੰਮਾਂ ਕਾਰਾਂ ਵਾਲੇ ਹਾਂ, ਕੰਮ ਦੇ ਕਰਕੇ ਬਾਹਰ ਜਾਣਾ ਪੈਂਦਾ ਹੈ ਜਦੋਂ ਕਿ ਬੱਚੇ ਘਰ 'ਚ ਛੁੱਟੀਆਂ ਦੇ ਦੌਰਾਨ ਗਰਮੀ 'ਚ ਖੇਡਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਸਕੂਲ 'ਚ ਹੀ ਠੀਕ ਹਨ।
ਨਿਯਮਾਂ ਦੀ ਪਾਲਣਾ ਸਭ ਲਈ ਲਾਜ਼ਮੀ: ਉਥੇ ਹੀ ਲੁਧਿਆਣਾ ਦੇ ਕਈ ਸਕੂਲਾਂ ਦੇ ਗਰਮੀਆਂ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਖੁੱਲ੍ਹਣ ਦੇ ਮਾਮਲੇ 'ਚ ਲੁਧਿਆਣਾ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਰਵਾਈ ਦੀ ਗੱਲ ਆਖੀਂ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਨਿੱਜੀ ਸਕੂਲ ਖੁੱਲ੍ਹੇ ਸਨ, ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਦੀ ਪਾਲਣਾ ਸਭ ਦੇ ਲਈ ਲਾਜ਼ਮੀ ਹੈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਬਾਕੀਆਂ ਸਕੂਲਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਹਨ ਕੇ ਜੇਕਰ ਕੋਈ ਵੀ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ 'ਤੇ ਕਰਵਾਈ ਹੋਵੇਗੀ।
ਇੰਨ੍ਹਾਂ ਸਕੁਲਾਂ 'ਤੇ ਕਾਰਵਾਈ ਦੀ ਤਿਆਰੀ: ਇਸੇ ਤਰਾਂ ਲੁਧਿਆਣਾ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਕੁਝ ਸਕੂਲਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੂੰ ਨੋਟਿਸ ਭਜੇ ਕੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ। ਇਨ੍ਹਾਂ 'ਚ ਟੇਗਰ ਇੰਟਰਨੈਸ਼ਨਲ ਸਕੂਲ, ਜੋਸਫ ਸੇਕਰਟ ਹਾਰਟ ਸਾਊਥ ਸਿਟੀ, ਗੁਰੂ ਨਾਨਕ ਪਬਲਿਕ ਸਕੂਲ, ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਧਾਂਦਰਾ, ਪਿੰਕ ਪਲੇਅ ਸਕੂਲ ਸਰਾਭਾ ਨਗਰ, ਗੁਰੂ ਹਰਿ ਕ੍ਰਿਸ਼ਨ ਅਰਦਾਸ ਸਕੂਲ ਧਾਂਦਰਾ, ਈ ਕਨੇਡੀਅਨ ਸਕੂਲ, ਸ਼੍ਰੀ ਰਾਮ ਯੂਨੀਵਰਸਲ, ਸੈਂਟਰਲ ਮਾਡਲ ਸਕੂਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਸ਼ਾਮਿਲ ਹੈ।