ਅੰਮ੍ਰਿਤਸਰ: ਸਰਦੀਆਂ ਦੇ ਅਗਾਜ਼ ਦੇ ਨਾਲ ਹੀ ਪੰਜਾਬ ਦੇ ਵਿੱਚ ਕਈ ਸਬਜ਼ੀਆਂ ਰਿਕਾਰਡ ਤੋੜ ਰੇਟ ਦੇ ਉੱਤੇ ਪੁੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਹਾਲਾਂਕਿ ਇਸ ਦੇ ਨਾਲ ਹੀ ਕਈ ਅਜਿਹੀਆਂ ਸਬਜ਼ੀਆਂ ਹਨ ਜੋ ਕਿ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਉੱਤਰਾਖੰਡ ਸਮੇਤ ਗੁਆਂਢੀ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਪੁੱਜਦੇ ਹੋਏ ਵੱਖ ਵੱਖ ਖਰਚਿਆਂ ਦੇ ਨਾਲ ਮਹਿੰਗੇ ਰੇਟਾਂ ਉੱਤੇ ਦਰਜ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਸਰਦੀ ਦੀ ਸ਼ੁਰੂਆਤ ਦੇ ਨਾਲ ਪੰਜਾਬ ਦੀਆਂ ਤਾਜ਼ਾ ਹਰੀਆਂ ਸਬਜ਼ੀਆਂ ਦੇ ਵਿੱਚ ਗਿਣੇ ਜਾਂਦੇ ਗਾਜਰ, ਗੋਭੀ, ਸ਼ਲਗਮ, ਮੂਲੀਆਂ, ਸਾਗ, ਧਨੀਆ ਅਤੇ ਹਰੀਆਂ ਮਿਰਚਾਂ ਆਦਿ ਫਸਲਾਂ ਦੇ ਸਿੱਧੇ ਤੌਰ ਉੱਤੇ ਬਜ਼ਾਰਾਂ ਵਿੱਚ ਆਉਣ ਨਾਲ ਥੋੜ੍ਹਾਂ ਇਹਨਾਂ ਫਸਲਾਂ ਦਾ ਰੇਟ ਘਟਿਆ ਹੈ ਪਰ ਗੱਲ ਜੇਕਰ ਲਸਣ, ਅਦਰਕ, ਜਿਮੀਕੰਦ ਅਤੇ ਚਾਈਨਾ ਖੀਰਾ ਆਦਿ ਫਸਲਾਂ ਦੀ ਕਰੀਏ ਤਾਂ ਇਹਨਾਂ ਫਸਲਾਂ ਦੇ ਭਾਅ ਵਿੱਚ ਚੋਖਾ ਵਾਧਾ ਹੋਇਆ ਨਜ਼ਰ ਆ ਰਿਹਾ ਹੈ।
ਸਬਜ਼ੀਆਂ ਦੇ ਤਾਜ਼ਾ ਭਾਅ
ਅੰਮ੍ਰਿਤਸਰ ਦੇ ਕਸਬਾ ਬਿਆਸ, ਰਈਆ, ਬਾਬਾ ਬਕਾਲਾ ਸਾਹਿਬ ਅਤੇ ਖਲਚੀਆਂ ਆਦਿ ਬਾਜ਼ਾਰਾਂ ਵਿੱਚ ਪਿਆਜ 60 ਤੋਂ 80 ਰੁਪਏ, ਖੁੰਭਾਂ (ਮਸ਼ਰੂਮ) 200 ਰੁਪਏ ਕਿਲੋ, ਨਵੇਂ ਆਲੂ 40 ਤੋਂ 50 ਰੁਪਏ, ਟਮਾਟਰ 60 ਤੋਂ 70, ਲਸਣ 400 ਰੁਪਏ, ਅਦਰਕ 120 ਰੁਪਏ, ਹਰੇ ਮਟਰ ਵੱਖ-ਵੱਖ ਵਰਾਇਟੀ ਅਨੁਸਾਰ 80 ਤੋਂ 150 ਰੁਪਏ, ਸ਼ਿਮਲਾ ਮਿਰਚ 80 ਤੋਂ 130, ਹਰੀ ਮਿਰਚ 100 ਤੋਂ 120 ਰੁਪਏ, ਗੋਭੀ 30 ਤੋਂ 50 ਰੁਪਏ, ਸਾਗ 30 ਰੁਪਏ, ਗਾਜਰ ਵਰਾਇਟੀ ਅਨੁਸਾਰ 40 ਤੋਂ 80 ਰੁਪਏ, ਮੂਲੀਆਂ 20 ਤੋਂ 30 ਰੁਪਏ ਅਤੇ ਭਿੰਡੀ 80 ਤੋਂ 90 ਰੁਪਏ ਦਰਮਿਆਨ ਵਿਕ ਰਹੀ ਹੈ।
ਮੌਸਮ ਦੀ ਮਾਰ
ਹਰੀਆਂ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਬਦਲਾਵ ਦਾ ਕਾਰਨ ਆਮ ਤੌਰ ਉੱਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਈ ਦੁਕਾਨਦਾਰ ਮੰਡੀ ਤੋਂ ਸਬਜ਼ੀ ਲੈ ਕੇ ਸਿੱਧੇ ਤੌਰ ਉੱਤੇ ਮਾਰਕਿਟ ਵਿੱਚ ਵੇਚ ਰਹੇ ਹਨ। ਉਥੇ ਹੀ ਕਈ ਦੁਕਾਨਦਾਰਾਂ ਵੱਲੋਂ ਟਰਾਂਸਪੋਰਟੇਸ਼ਨ ਅਤੇ ਵੱਖ-ਵੱਖ ਪਿੰਡਾਂ ਵਿੱਚ ਜਾਣ ਦੇ ਖਰਚੇ ਜੋੜੇ ਜਾਣ ਕਾਰਨ ਆਮ ਘਰਾਂ ਤੱਕ ਹਰੀਆਂ ਸਬਜ਼ੀਆਂ ਦੀ ਪਹੁੰਚ ਮਹਿੰਗੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਫਿਲਹਾਲ ਮੌਸਮੀ ਮਾਰ ਦੇ ਕਾਰਨ ਕਈ ਸਬਜ਼ੀਆਂ ਖਰਾਬ ਹੋ ਰਹੀਆਂ ਹਨ ਜਿਸ ਨਾਲ ਜਿੱਥੇ ਕਿਸਾਨ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਮੌਸਮ ਦੀ ਮਾਰ ਕਾਰਨ ਬਜ਼ਾਰ ਦੇ ਵਿੱਚ ਸਬਜ਼ੀਆਂ ਦੇ ਭਾਅ ਵੀ ਆਸਮਾਨ ਛੂਹਦੇ ਹੋਏ ਨਜ਼ਰ ਆਉਂਦੇ ਹਨ।