ਬਠਿੰਡਾ: ਬੀਐਸਸੀ ਐਗਰੀਕਲਚਰ ਨੌਜਵਾਨ ਵੱਲੋਂ ਅਨੋਖੀ ਲੈਬ ਵਿਕਸਿਤ ਕੀਤੀ ਗਈ ਹੈ, ਜਿੱਥੇ ਬੀਜ ਵਿੱਚ ਸੁਧਾਰ ਲਈ ਬਿਨਾਂ ਮਿੱਟੀ ਤੋਂ ਹਵਾ ਵਿੱਚ ਪੈਦਾ ਆਲੂ ਦੇ ਬੀਜ ਤਿਆਰ ਕੀਤੇ ਜਾ ਰਹੇ ਹਨ। ਨੌਜਵਾਨ ਰਮਨਦੀਪ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਇਸ ਅਨੋਖੀ ਲੈਬ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਨੌਜਵਾਨ ਨੇ ਦੱਸਿਆ ਕਿ ਆਲੂ ਦੇ ਬੀਜ ਦੀ ਕੁਆਲਟੀ ਸੁਧਾਰਨ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ।
ਕੀ ਹੈ ਇਹ ਤਕਨੀਕ: ਐਰੋਪੋਨਿਕਸ ਤਕਨੀਕ (Aeroponics technique) ਰਾਹੀਂ ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਅਗਾਂਹ ਵਧੂ ਨੌਜਵਾਨ ਰਮਨਦੀਪ ਸਿੰਘ ਵੱਲੋਂ ਬਿਨਾਂ ਮਿੱਟੀ ਤੋਂ ਪਾਣੀ ਅਤੇ ਨਿਊਟਰੀਸ਼ਨ ਰਾਹੀਂ ਹਵਾ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਆਲੂ ਦੇ ਬੀਜ ਨੂੰ ਤਿਆਰ ਕਰਨ ਲਈ ਨੌਜਵਾਨ ਵੱਲੋਂ ਵਿਸ਼ੇਸ਼ ਤੌਰ ਉੱਤੇ ਇੱਕ ਲੈਬ ਸਥਾਪਿਤ ਕੀਤੀ ਗਈ ਹੈ ਜਿਸ ਦਾ ਤਾਪਮਾਨ ਬਕਾਇਦਾ ਕੰਟਰੋਲ ਕੀਤਾ ਗਿਆ ਹੈ। ਰਮਨਦੀਪ ਸਿੰਘ ਜੋ ਖੁਦ ਬੀਐਸਸੀ ਐਗਰੀਕਲਚਰ ਕਰਕੇ ਇਸ ਤਕਨੀਕ ਰਾਹੀਂ ਕਿਸਾਨਾਂ ਨੂੰ ਆਲੂ ਦਾ ਵਧੀਆ ਬੀਜ ਉਪਲਬਧ ਕਰਾਉਣ ਦਾ ਦਾਅਵਾ ਕਰ ਰਹੇ ਹਨ, ਦਾ ਕਹਿਣਾ ਹੈ ਕਿ ਇਹ ਤਕਨੀਕ ਪਹਿਲਾਂ ਚਿਪਸ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਅਪਣਾਇ ਗਿਆ ਸੀ, ਤਾਂ ਜੋ ਵਧੀਆ ਆਲੂ ਦੀ ਪੈਦਾਵਾਰ ਕੀਤੀ ਜਾ ਸਕੇ, ਪਰ ਬਾਅਦ ਵਿੱਚ ਜਲੰਧਰ ਦੇ ਡਾਕਟਰ ਸੁਖਵਿੰਦਰ ਸਿੰਘ ਦੀ ਟੀਮ ਵੱਲੋਂ ਇਹ ਤਕਨੀਕ ਵਿਕਸਿਤ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਤੋਹਫਾ ਦਿੱਤਾ ਗਿਆ ਹੈ।

ਕਿਸਾਨਾਂ ਲਈ ਲਾਹੇਵੰਦ ਹੋਵੇਗਾ ਇਹ ਬੀਜ: ਰਮਨਦੀਪ ਸਿੰਘ ਨੇ ਦੱਸਿਆ ਕਿ ਸੀਪੀਆਰਆਈ ਰਾਹੀਂ ਕਮਰਸ਼ੀਅਲ ਲੋਕਾਂ ਵੱਲੋਂ ਆਲੂ ਦਾ ਬੀਜ ਤਿਆਰ ਕੀਤਾ ਜਾਂਦਾ ਸੀ, ਪਰ ਬਾਅਦ ਵਿੱਚ ਡਾਕਟਰ ਸੁਖਵਿੰਦਰ ਸਿੰਘ ਵੱਲੋਂ ਇਸ ਨੂੰ ਵਿਕਸਿਤ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਸ ਤਕਨੀਕ ਨਾਲ ਜੋੜਿਆ ਜਾ ਰਿਹਾ ਹੈ, ਕਿਉਂਕਿ ਇਸ ਤਕਨੀਕ ਦੀ ਡਿਮਾਂਡ ਬਹੁਤ ਜਿਆਦਾ ਹੈ ਅਤੇ ਪੰਜਾਬ ਵਿੱਚ ਮਾਤਰ ਤਿੰਨ ਪ੍ਰਤੀਸ਼ਤ ਹੀ ਡਿਮਾਂਡ ਪੂਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਇਹ ਤਕਨੀਕ ਤਿਆਰ ਕੀਤੀ ਗਈ ਹੈ ਇਸ ਵਿੱਚ ਸਾਲ ਵਿੱਚ ਦੋ ਵਾਰ ਆਲੂ ਦਾ ਬੀਜ ਹਵਾ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਹ ਬੀਜ ਬਿਨਾਂ ਮਿੱਟੀ ਤੋਂ ਪਾਣੀ ਵਿੱਚ ਨਿਊਟਰੀਸ਼ਨ ਮਿਲਾ ਕੇ ਹਵਾ ਵਿੱਚ ਤਿਆਰ ਕੀਤਾ ਜਾਂਦਾ ਹੈ ਜਿਸ ਨਾਲ ਸਾਰੇ ਪੌਦਿਆਂ ਨੂੰ ਇੱਕੋ ਜਿਹਾ ਖਾਦ ਮਿਲਦੀ ਹੈ ਅਤੇ ਇਹ ਬੀਜ ਦੀ ਕੁਆਲਿਟੀ ਦੂਜੇ ਬੀਜਾਂ ਨਾਲੋਂ ਬਹੁਤ ਵਧੀਆ ਹੁੰਦੀ ਹੈ ਜਿਸ ਨਾਲ ਕਿਸਾਨ ਨੂੰ ਬਹੁਤ ਵੱਡਾ ਲਾਭ ਹੋਵੇਗਾ।
ਰਮਨਦੀਪ ਨੇ ਕਿਹਾ ਕਿ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਵਿੱਚ ਹੀ ਰਹਿ ਕੇ ਆਪਣਾ ਰੁਜ਼ਗਾਰ ਸਥਾਪਿਤ ਕਰਨ ਅਤੇ ਵਧੀਆ ਸਕਿਲ ਰਾਹੀਂ ਚੰਗੀਆਂ ਆਮਦਨ ਲੈ ਸਕਦੇ ਹਨ। ਇਸ ਤਕਨੀਕ ਰਾਹੀਂ ਉਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਧੀਆ ਆਲੂ ਦਾ ਬੀਜ ਉਪਲਬਧ ਕਰਾ ਕੇ ਖੇਤੀ ਨੂੰ ਮੁਨਾਫੇ ਵਾਲਾ ਸੌਦਾ ਬਣਾਉਣਾ ਚਾਹੁੰਦੇ ਹਨ।