ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਸਿਆਸਤ ਲਗਾਤਾਰ ਗਰਮਾਈ ਹੋਈ ਹੈ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਲਗਾਤਾਰ ਵੱਖ-ਵੱਖ ਹਲਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਹਨ ਅਤੇ ਮੌਜੂਦਾ ਐਮਐਲਏ 'ਤੇ ਸਵਾਲ ਖੜੇ ਕਰ ਰਹੇ ਹਨ। ਇਸੇ ਦੇ ਤਹਿਤ ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹਲਕਾ ਦੱਖਣੀ ਦੇ ਵਿੱਚ ਗਏ, ਜਿੱਥੇ ਲੌ ਲੰਗਰ ਦੀ ਜ਼ਮੀਨ 'ਚ ਬਣੀਆਂ ਦੁਕਾਨਾਂ ਨੂੰ ਲੈ ਕੇ ਉਹਨਾਂ ਮੌਜੂਦਾ ਐਮਐਲਏ 'ਤੇ ਸਵਾਲ ਖੜੇ ਕੀਤੇ ਤੇ ਕਿਹਾ ਕਿ ਪਹਿਲਾਂ ਉਹ ਦੁਕਾਨਾਂ ਸੀਲ ਕਰਵਾਉਂਦੀ ਹੈ, ਫਿਰ ਖੁਦ ਹੀ ਬਾਅਦ ਵਿੱਚ ਉਨ੍ਹਾਂ ਦੀ ਸੀਲ ਖੁਲਵਾਉਂਦੀ ਹੈ ਅਤੇ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਹਨ।
ਵਾਰ ਪਲਟਵਾਰ ਦਾ ਦੌਰਾ ਜਾਰੀ: ਉਹਨਾਂ ਕਿਹਾ ਕਿ ਪੱਛਮੀ ਹਲਕੇ ਦੇ ਐਮਐਲਏ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਅਤੇ ਹੁਣ ਦੱਖਣੀ ਹਲਕੇ ਦੀ ਐਮਐਲਏ ਨੇ ਵੀ ਇਹੀ ਕੀਤਾ ਹੈ। ਉਹਨਾਂ ਕਿਹਾ ਕਿ ਇਸ ਦੀ ਬਕਾਇਦਾ ਵੀਡੀਓ ਵੀ ਹੈ ਜਦੋਂ ਕਿ ਇਸ ਦਾ ਦੂਜੇ ਪਾਸੇ ਲੁਧਿਆਣਾ ਦੱਖਣੀ ਤੋਂ ਐਮਐਲਏ ਆਮ ਆਦਮੀ ਪਾਰਟੀ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਇਹਨਾਂ ਦੀ ਸਰਕਾਰ ਵੇਲੇ ਉਹ ਦੁਕਾਨਾਂ ਗਰੀਬ ਲੋਕਾਂ ਨੂੰ ਪੈਸੇ ਲੈ ਕੇ ਵੇਚ ਦਿੱਤੀਆਂ ਗਈਆਂ ਅਤੇ ਉਹ ਗਰੀਬ ਲੋਕ ਮੇਰੇ ਕੋਲ ਆ ਕੇ ਇਸ ਸਬੰਧੀ ਮਸਲਾ ਹੱਲ ਕਰਵਾਉਣ ਆਏ ਸਨ। ਜਿਨਾਂ ਦਾ ਮਸਲਾ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਗਿਆ ਹੈ।
ਰਵਨੀਤ ਬਿੱਟੂ ਨੇ ਲਾਏ ਗੰਭੀਰ ਇਲਜ਼ਾਮ: ਲੁਧਿਆਣਾ ਦੱਖਣੀ ਦੇ ਵਿੱਚ ਪਹੁੰਚੇ ਰਵਨੀਤ ਸਿੰਘ ਬਿੱਟੂ ਨੇ ਦੁਕਾਨਦਾਰਾਂ ਅਤੇ ਘਰਾਂ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿੱਚ ਅਤੇ ਪੱਛਮੀ ਦੇ ਵਿੱਚ ਧਾਂਦਲੀ ਚੱਲ ਰਹੀ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਅਫਸਰ ਹੱਥ 'ਤੇ ਹੱਥ ਧਰੀ ਬੈਠੇ ਨੇ ਅਤੇ ਕੋਈ ਕੰਮ ਨਹੀਂ ਹੋ ਰਹੇ। ਉਹਨਾਂ ਕਿਹਾ ਕਿ ਪਹਿਲਾਂ ਨਗਰ ਨਿਗਮ ਵੱਲੋਂ ਤਾਲੇ ਜੜ ਦਿੱਤੇ ਜਾਂਦੇ ਹਨ ਅਤੇ ਫਿਰ ਉਸ ਤੋਂ ਬਾਅਦ ਐਮਐਲਏ ਦੀ ਸਿਫਾਰਿਸ਼ 'ਤੇ ਤਾਲੇ ਖੋਲ੍ਹੇ ਜਾਂਦੇ ਹਨ। ਉਹਨਾਂ ਕਿਹਾ ਕਿ ਅਜਿਹਾ ਸ਼ਰੇਆਮ ਹੋ ਰਿਹਾ ਹੈ ਤੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ।
ਆਪ ਵਿਧਾਇਕ ਨੇ ਵੀ ਦਿੱਤਾ ਮੋੜਵਾਂ ਜਵਾਬ: ਰਵਨੀਤ ਬਿੱਟੂ ਦੇ ਇਹਨਾਂ ਸਾਰੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਲੁਧਿਆਣਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਹੈ ਕਿ ਇਹਨਾਂ ਦੀ ਸਰਕਾਰ ਵੇਲੇ ਹੀ ਇਹ ਸਾਰੇ ਘਪਲੇ ਹੋਏ ਸਨ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੀ ਸਾਰ ਲੈ ਰਹੀ ਹਾਂ, ਸਗੋਂ ਲੋਕਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਹਨ, ਉਹਨਾਂ ਦਾ ਹੱਲ ਕਰ ਰਹੇ ਹਾਂ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਰਾਤੋ ਰਾਤ ਇਹਨਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 200 ਦੇ ਕਰੀਬ ਦੁਕਾਨਦਾਰ ਉਹਨਾਂ ਕੋਲ ਆਏ ਸਨ ਅਤੇ ਉਹਨਾਂ ਨੇ ਫਰਿਆਦ ਕੀਤੀ ਸੀ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ। ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਯਤਨਾਂ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਖੁਲਵਾਈਆਂ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਪੈਸੇ ਇਕੱਠੇ ਕਰਨ ਲਈ ਗਰੀਬਾਂ ਨੂੰ ਦੁਕਾਨਾਂ ਵੇਚ ਦਿੱਤੀਆਂ ਜੋ ਕਿ ਲੋ ਲੰਗਰ ਦੀ ਜ਼ਮੀਨ ਦੇ ਵਿੱਚ ਬਣੀਆਂ ਸਨ।