ਬਰਨਾਲਾ: ਬਰਨਾਲਾ ਤੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤਣ ਵਿੱਚ ਕਾਮਯਾਬ ਰਹੇ। ਕਾਲਾ ਢਿੱਲੋਂ ਦੀ ਰਾਜਨੀਤੀ ਉਸਦੇ ਭਰਾ ਦੇ ਸਿਰੋਂ ਸ਼ੁਰੂ ਹੋਈ ਹੈ। ਉਹ 2017 ਤੋਂ ਪਹਿਲਾਂ ਕਿਸੇ ਵੀ ਜਗ੍ਹਾਂ ਰਾਜਨੀਤੀ ਵਿੱਚ ਸਰਗਰਮ ਨਹੀਂ ਸਨ, ਜਦਕਿ 2017 ਤੋਂ ਬਾਅਦ ਹੀ ਉਹ ਲਗਾਤਾਰ ਐਕਟਿਵ ਹਨ। ਉਸ ਤੋਂ ਪਹਿਲਾਂ ਉਸਦੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋਂ ਪਰਿਵਾਰ ਵਿੱਚੋਂ ਰਾਜਨੀਤੀ ਵਿੱਚ ਸਰਗਰਮ ਰਹੇ ਹਨ।
ਪਰਿਵਾਰ ਵਿੱਚੋਂ ਭਰਾ ਸੀਰਾ ਢਿੱਲੋਂ ਦਾ ਰਿਹਾ ਸਿਆਸਤ ਨਾਲ ਸੰਬੰਧ
ਕੁਲਦੀਪ ਸਿੰਘ ਕਾਲਾ ਢਿੱਲੋਂ ਦਾ 2017 ਵਿੱਚ ਹੀ ਰਾਜਸੀ ਸਫ਼ਰ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਕਾਲਾ ਢਿੱਲੋਂ ਦੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋਂ ਸਿਆਸਤ ਵਿੱਚ ਰਹੇ ਹਨ। 2003 ਵਿੱਚ ਸੀਰਾ ਢਿੱਲੋਂ ਯੂਥ ਕਾਂਗਰਸ ਦਾ ਸੂਬਾ ਪ੍ਰਧਾਨ ਰਿਹਾ। ਉਹ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਕੇ ਕਰੀਬੀਆਂ ਵਿੱਚੋਂ ਜਾਣਿਆ ਜਾਂਦਾ ਸੀ। 2007 ਵਿੱਚ ਸੀਰਾ ਢਿੱਲੋਂ ਨੇ ਕਾਂਗਰਸ ਤੋਂ ਟਿਕਟ ਲਈ ਦਾਅਵੇਦਾਰੀ ਜਤਾਈ ਪ੍ਰੰਤੂ ਕਾਂਗਰਸ ਨੇ ਟਿਕਟ ਕੇਵਲ ਸਿੰਘ ਢਿੱਲੋਂ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਸੀਰਾ ਢਿੱਲੋਂ ਨੇ ਆਜ਼ਾਦ ਤੌਰ ਉਤੇ ਵਿਧਾਨ ਸਭਾ ਦੀ ਬਰਨਾਲਾ ਤੋਂ ਚੋਣ ਲੜੀ।
ਇਸ ਉਪਰੰਤ ਉਹ ਮੁੜ ਕਾਂਗਰਸ ਪਾਰਟੀ ਵਿੱਚ ਹੀ ਸਰਗਰਮ ਰਹੇ। 2013 ਵਿੱਚ ਸੀਰਾ ਢਿੱਲੋਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਕਾਲਾ ਢਿੱਲੋਂ ਰਾਜਨੀਤੀ ਵਿੱਚ ਸਰਗਰਮ ਹੋਏ ਸਨ। ਉਹ ਲਗਾਤਾਰ 8 ਸਾਲਾਂ ਤੋਂ ਸਰਗਰਮ ਰਾਜਨੀਤੀ ਵਿੱਚ ਸਨ।
ਕਿਵੇਂ ਦਾ ਰਿਹਾ ਕੁਲਦੀਪ ਸਿੰਘ ਢਿੱਲੋਂ ਦਾ ਸਿਆਸੀ ਸਫ਼ਰ
ਬਰਨਾਲਾ ਤੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣਾ ਸਿਆਸੀ ਕਰੀਅਰ ਕਾਂਗਰਸ ਪਾਰਟੀ ਤੋਂ ਸ਼ੁਰੂ ਕੀਤਾ। 2017 ਤੋਂ ਪਹਿਲਾਂ ਵਿਧਾਨ ਸਭਾ ਚੋਣ ਸਮੇਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਸ ਸਮੇਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਆਮ ਆਦਮੀ ਪਾਰਟੀ ਨੇ ਜ਼ਿਲ੍ਹਾਂ ਪ੍ਰਧਾਨ ਵੀ ਬਣਾਇਆ ਅਤੇ ਉਨ੍ਹਾਂ 2017 ਦੀ ਵਿਧਾਨ ਸਭਾ ਚੋਣ ਸਮੇਂ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਵੀ ਚਲਾਈ। ਕਾਲਾ ਢਿੱਲੋਂ ਦੀ ਚੋਣ ਮੁਹਿੰਮ ਚਲਾਉਣ ਸਦਕਾ ਹੀ ਮੀਤ ਹੇਅਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ।
ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਹਟਾਏ ਜਾਣ ਤੋਂ ਬਾਅਦ ਕਾਲਾ ਢਿੱਲੋਂ ਨੇ ਆਪ ਛੱਡ ਦਿੱਤੀ, ਪ੍ਰੰਤੂ ਉਹਨਾਂ ਖਹਿਰਾ ਦੀ ਪੀਡੀਪੀ ਪਾਰਟੀ ਜੁਆਇਨ ਨਹੀਂ ਕੀਤੀ ਅਤੇ ਕਾਂਗਰਸ ਪਾਰਟੀ ਵਿੱਚ ਮੁੜ ਚਲੇ ਗਏ। ਪਿਛਲੇ ਕਰੀਬ ਦੋ ਸਾਲ ਤੋਂ ਉਹ ਕਾਂਗਰਸ ਪਾਰਟੀ ਦੇ ਜ਼ਿਲ੍ਹਾਂ ਪ੍ਰਧਾਨ ਚੱਲੇ ਆ ਰਹੇ ਸਨ।
ਕਾਲਾ ਢਿੱਲੋਂ ਨੇ 2024 ਦੀ ਲੋਕ ਸਭਾ ਚੋਣ ਮੌਕੇ ਵੀ ਟਿਕਟ ਲੈਣ ਲਈ ਦਾਅਵਾ ਜਤਾਇਆ ਸੀ, ਪ੍ਰੰਤੂ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾ ਦਿੱਤਾ। ਜ਼ਿਮਨੀ ਚੋਣ ਦੀ ਟਿਕਟ ਲਈ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਆਗੂਆਂ ਵੱਲੋਂ ਉਸ ਦੀ ਸਿਫ਼ਾਰਸ ਕਰਨ ਤੋਂ ਬਾਅਦ ਹੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ। ਆਮ ਲੋਕਾਂ ਵਿੱਚ ਜਨ ਆਧਾਰ ਅਤੇ ਸੰਪਰਕ ਚੰਗਾ ਹੋਣ ਕਰਕੇ ਉਨ੍ਹਾਂ ਦਾ ਬਰਨਾਲਾ ਦੇ ਵੋਟਰਾਂ ਵਿੱਚ ਪ੍ਰਭਾਵ ਕਾਫੀ ਚੰਗਾ ਰਿਹਾ, ਜਿਸ ਸਦਕਾ ਉਹ ਇਹ ਸੀਟ ਜਿੱਤਣ ਵਿੱਚ ਕਾਮਯਾਬ ਰਹੇ ਹਨ।
ਆਪਣੇ ਭਰਾ ਦੀ ਰਾਜਨੀਤੀ ਦਾ ਪਲੇਟਫ਼ਾਰਮ ਸਾਂਭਣ ਰਾਜਨੀਤੀ ਵਿੱਚ ਆਇਆ, ਜਿੱਤ ਤੋਂ ਬਾਅਦ ਕਾਲਾ ਢਿੱਲੋਂ ਨੇ ਕਿਹਾ ਕਿ ਉਸਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਸੀ। ਉਹ ਆਪਣੇ ਭਰਾ ਹਰਿੰਦਰ ਸਿੰਘ ਸੀਰਾ ਢਿੱਲੋਂ ਦੀ ਰਾਜਨੀਤੀ ਦਾ ਪਲੇਟਫਾਰਮ ਸਾਂਭਣ ਲਈ ਹੀ ਰਾਜਨੀਤੀ ਵਿੱਚ ਆਏ ਸਨ। ਉਹ ਆਪਣੀ ਲੀਡਰਸ਼ਿਪ ਅਤੇ ਸਾਥੀਆਂ ਦੇ ਕਹਿਣ ਤੋਂ ਬਾਅਦ ਹੀ ਰਾਜਨੀਤੀ ਵਿੱਚ ਆਏ ਸਨ ਅਤੇ ਸਾਰਿਆਂ ਨੇ ਇਸ ਚੋਣ ਵਿੱਚ ਡੱਟ ਕੇ ਸਾਥ ਦਿੱਤਾ।
ਇਹ ਵੀ ਪੜ੍ਹੋ: