ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿਖੇ ਬੁੱਢੇ ਨਾਲੇ ਵਿੱਚ ਪੈ ਰਹੇ ਗੰਦੇ ਪਾਣੀ ਨੂੰ ਬੰਦ ਕਰਨ ਲਈ ਐਲਾਨੇ ਗਏ ਅੱਜ ਵੱਡੇ ਮੋਰਚੇ 'ਚ ਸ਼ਾਮਿਲ ਹੋਣ ਜਾ ਰਹੇ ਸਮਾਜ ਸੇਵੀਆਂ ਨੂੰ ਲੁਧਿਆਣਾ ਪੁਲਿਸ ਵੱਲੋਂ ਕਾਬੂ ਕਰਕੇ ਡਿਟੇਨ ਕੀਤਾ ਗਿਆ ਹੈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਹੋਰ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ। ਜਿੱਥੇ ਵੀ ਪ੍ਰਦਰਸ਼ਨਕਾਰੀ ਮੌਜੂਦ ਹਨ, ਉੱਥੇ ਪੁਲਿਸ ਪ੍ਰਸ਼ਾਸਨ ਨੇ ਬੈਰੀਕੇਟਿੰਗ ਕਰਨ ਤੋਂ ਬਾਅਦ ਹੁਣ ਜੈਮਰ ਲਗਾ ਦਿੱਤੇ ਹਨ ਤਾਂ ਜੋ ਮੋਬਾਈਲ ਨੈੱਟਵਰਕ ਕੰਮ ਨਾ ਕਰੇ।
ਅਮਿਤੋਜ ਮਾਨ ਨੇ ਕਿਹਾ ਕਿ ਸਾਡੀ ਇੱਕ ਹੋਰ ਮੰਗ ਸੀ ਜਿੰਨੇ ਵੀ ਸਾਡੇ ਆਗੂ ਅਤੇ ਵਰਕਰ ਦੂਰ-ਦਰਾਡੇ ਤੋਂ ਆਏ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ, ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸਭ ਤੋਂ ਪਹਿਲਾਂ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੂੰ ਰਿਹਾਅ ਕੀਤਾ ਗਿਆ, ਉਸ ਤੋਂ ਬਾਅਦ ਸੁੱਖ ਜਗਰਾਉਂ ਨੂੰ ਛੱਡਿਆ ਗਿਆ, ਉਸ ਤੋਂ ਬਾਅਦ ਬਾਕੀ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਅਤੇ ਫਿਰ ਅੰਤ ਵਿੱਚ ਲੱਖਾ ਸਿਧਾਣਾ ਨੂੰ ਵੀ ਪੁਲਿਸ ਨੇ ਰਿਹਾਅ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਮੰਗਾਂ ਇਹੀ ਸਨ ਅਤੇ ਪ੍ਰਸ਼ਾਸਨ ਨੇ ਇਸ ਸਾਰੀਆਂ ਮੰਗਾਂ 'ਤੇ ਫੈਸਲਾ ਕਰ ਲਿਆ ਹੈ। ਉਹਨਾਂ ਕਿਹਾ ਕਿ ਬਾਕੀ ਏਡੀਸੀ ਨੇ ਮਾਈਕ ਦੇ ਅੱਗੇ ਸਾਰੇ ਲੋਕਾਂ ਸਾਹਮਣੇ ਗੱਲ ਕਬੂਲ ਕੀਤੀ ਹੈ, ਜੇਕਰ ਬਾਅਦ ਦੇ ਵਿੱਚ ਉਹ ਮੁੱਕਰ ਜਾਣਗੇ ਤਾਂ ਅਸੀਂ ਲੁਧਿਆਣਾ 'ਚ ਹੀ ਹਾਂ ਤੇ ਪੰਜਾਬ ਦੇ ਹੀ ਰਹਿਣ ਵਾਲੇ ਹਾਂ, ਮੁੜ ਤੋਂ ਵੱਡਾ ਇਕੱਠ ਕਰ ਲਿਆਵਾਂਗੇ। ਉਹਨਾਂ ਕਿਹਾ ਕਿ ਇਹ ਪਹਿਲੀ ਜਿੱਤ ਹੈ, ਇਸ ਤੋਂ ਬਾਅਦ ਹਾਲੇ ਲੜਾਈ ਹੋਰ ਬਾਕੀ ਹੈ ਕਿਉਂਕਿ ਲੁਧਿਆਣੇ ਦੇ ਬੁੱਢੇ ਨਾਲੇ ਦੇ ਵਿੱਚ ਸਿਰਫ ਤਿੰਨ ਯੂਨਿਟ ਦਾ ਪਾਣੀ ਨਹੀਂ ਜਾ ਰਿਹਾ ਬਾਕੀ ਵੀ ਫੈਕਟਰੀਆਂ ਅਤੇ ਡੇਅਰੀਆਂ ਦਾ ਪਾਣੀ ਜਾ ਰਿਹਾ ਹੈ। ਇਸ ਸਬੰਧੀ ਅਸੀਂ ਮੁੜ ਤੋਂ ਫੈਸਲਾ ਲਵਾਂਗੇ ਅਤੇ ਫਿਰ ਬੁੱਢੇ ਨਾਲੇ ਦੇ ਵਿੱਚ ਪੈ ਰਹੇ ਪਾਣੀ ਦੇ ਖਿਲਾਫ ਲੜਾਈ ਲੜਾਂਗੇ।
ਇਸ ਤੋਂ ਪਹਿਲਾਂ ਸੋਨੀਆ ਮਾਨ ਵੀ ਧਰਨੇ ਵਾਲੀ ਥਾਂ 'ਤੇ ਪਹੁੰਚੀ। ਜਿਨਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਸਾਂਝਾ ਕਰਤੱਵ ਹੈ ਕਿ ਇਸ ਮੋਰਚੇ ਦਾ ਸਾਥ ਦੇਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਪਾਣੀ ਸਿਰਫ ਜਿਹੜੇ ਧਰਨਾ ਦੇ ਰਹੇ ਹਨ ਉਹਨਾਂ ਲਈ ਨਹੀਂ ਸਗੋਂ ਸਾਰੇ ਲੋਕਾਂ ਦੇ ਲਈ ਹੈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਫੈਕਟਰੀਆਂ ਦੇ ਨਾਲ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਦਰਿਆ 'ਚ ਪੈ ਰਿਹਾ ਹੈ। ਅੱਜ ਸਾਨੂੰ ਸਾਰਿਆਂ ਨੂੰ ਹੀ ਇਸ ਖਿਲਾਫ ਇੱਕਜੁੱਟ ਹੋਣ ਦੀ ਲੋੜ ਹੈ। ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਤਾਂ ਹੀ ਇਸ ਦਾ ਹੱਲ ਕੱਢਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਵੱਧ ਤੋਂ ਵੱਧ ਅਤੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ।
ਫੈਕਟਰੀਆਂ ਬੰਦ ਕਰਨ 'ਤੇ ਬਜਿੱਦ
ਪ੍ਰਦਰਸ਼ਨਕਾਰੀਆਂ ਵੱਲੋਂ ਵੇਰਕਾ ਦੇ ਅੱਗੇ ਮੁੜ ਪੱਕਾ ਮੋਰਚਾ ਲਗਾਇਆ ਗਿਆ। ਇਸ ਦੌਰਾਨ ਅਮਿਤੋਜ ਮਾਨ ਨੇ ਕਿਹਾ ਕਿ ਅਸੀਂ ਫੈਕਟਰੀਆਂ ਬੰਦ ਕਰਨ 'ਤੇ ਬਜਿੱਦ ਹਾਂ। ਅਮਿਤੋਜ ਮਾਨ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਮੰਨੇਗਾ ਤਾਂ ਪੱਕਾ ਮੋਰਚਾ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਕਈ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਅਤੇ ਹਿਰਾਸਤ ਵਿੱਚ ਲਿਆ ਹੈ, ਉਨਾਂ ਦੀ ਰਿਹਾਈ ਕੀਤੀ ਜਾਵੇ । ਉਨ੍ਹਾਂ ਕਿਹਾ ਪ੍ਰਸ਼ਾਸਨ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇੱਕ ਡਾਇੰਗ ਯੂਨਿਟ ਜੋ ਕਿ ਕੱਪੜੇ ਰੰਗਣ ਦੀ ਫੈਕਟਰੀ ਹੈ, ਉਸ ਨੂੰ ਤੁਰੰਤ ਬੰਦ ਕੀਤਾ ਜਾਵੇ। ਇਸ ਤੋਂ ਇਲਾਵਾ ਜੋ ਦੋ ਬਾਕੀ ਹਨ, ਉਹਨਾਂ ਨੂੰ ਹਫਤੇ ਬਾਅਦ ਬੰਦ ਕਰ ਲਿਆ ਜਾਵੇ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਅਤੇ ਹੁਣ ਪ੍ਰਸ਼ਾਸਨ ਨੇ ਸਾਨੂੰ ਮੁੜ ਤੋਂ ਵੇਰਕਾ ਅੱਗੇ ਆਉਣ ਲਈ ਕਿਹਾ ਹੈ। ਜਿਸ ਤੋਂ ਬਾਅਦ ਅਸੀਂ ਹੁਣ ਵੇਰਕਾ ਦੇ ਅੱਗੇ ਬੈਠ ਗਏ ਹਾਂ, ਕਿਉਂਕਿ ਇਹ ਮੁੱਖ ਮਾਰਗ ਹੈ। ਇੱਥੇ ਅਸੀਂ ਜਾਮ ਲਾਵਾਂਗੇ ਤੇ ਜੇਕਰ ਲੋੜ ਪਈ ਤਾਂ ਇਹ ਜਾਮ ਚੱਲਦਾ ਰਹੇਗਾ।
ਮੰਗਾਂ ਪੂਰੀਆਂ ਹੋਣ ਤੱਕ ਡਟੇ ਰਹਾਂਗੇ
ਦੂਜੇ ਪਾਸੇ ਸਵੇਰੇ ਹਿਰਾਸਤ ਦੇ ਵਿੱਚ ਲਏ ਗਏ ਸਾਂਸਦ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੂੰ ਪੁਲਿਸ ਨੇ ਫਿਲਹਾਲ ਛੱਡ ਦਿੱਤਾ ਹੈ। ਤਰਸੇਮ ਸਿੰਘ ਨੂੰ ਰਿਹਾਅ ਕਰਨ ਤੋਂ ਬਾਅਦ ਉਹ ਧਰਨੇ ਵਾਲੀ ਥਾਂ 'ਤੇ ਪਹੁੰਚੇ। ਜਿੱਥੇ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦਾ ਧਰਨਾ ਹੈ ਆਮ ਲੋਕਾਂ ਦੀ ਗੱਲ ਹੈ ਅਤੇ ਇਸ ਤਰ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਜੋ ਧੱਕਾ ਕਰ ਰਹੀ ਹੈ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਵਜ੍ਹਾ ਸਵੇਰੇ ਹਿਰਾਸਤ ਦੇ ਵਿੱਚ ਲਿਆ ਗਿਆ, ਆਮ ਲੋਕਾਂ ਨੂੰ ਫੜ ਲਿਆ ਗਿਆ ਤੇ ਸਾਡੇ ਕਈ ਬੰਦੇ ਹਾਲੇ ਵੀ ਪੁਲਿਸ ਨੇ ਫੜੇ ਹੋਏ ਹਨ। ਉਨ੍ਹਾਂ ਕਿਹਾ ਕਿ ਮੋਰਚਾ ਉਦੋਂ ਤੱਕ ਚੱਲਦਾ ਰਹੇਗਾ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀ ਹੁੰਦੀਆਂ ਉਦੋਂ ਤੱਕ ਅਸੀਂ ਡਟੇ ਰਵਾਂਗੇ।
ਪ੍ਰਸ਼ਾਸਨਿਕ ਅਧਿਕਾਰੀ ਜਵਾਬ ਦੇਣ ਤੋਂ ਵੱਟ ਰਹੇ ਟਾਲਾ
ਉਥੇ ਹੀ ਸਹਿਮਤੀ ਬੰਨਣ ਦੇ ਬਾਵਜੂਦ ਏਡੀਸੀ ਅਮਨਦੀਪ ਬੈਂਸ ਨੇ ਕੋਈ ਵੀ ਗੱਲ ਸਪੱਸ਼ਟ ਨਹੀਂ ਕੀਤੀ। ਇਸ ਦੌਰਾਨ ਉਹ ਪੱਤਰਕਾਰਾਂ ਦੇ ਸਵਾਲਾਂ ਨੂੰ ਟਾਲਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ 15 ਐਮਐਲਡੀ ਦਾ ਇੱਕ ਸੀਇਟੀਪੀ ਪਲਾਂਟ ਸਬੰਧੀ ਚੇਅਰਮੈਨ ਫੈਸਲਾ ਲੈਣਗੇ। ਜਦੋਂ ਕਿ ਬਾਕੀ ਦੋ ਟਰੀਟਮੈਂਟ ਪਲਾਂਟ ਐਨਜੀਟੀ ਦੇ ਵਿੱਚ ਵਿਚਾਰ ਅਧੀਨ ਹਨਪ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ 'ਚ ਬਾਕੀ ਪ੍ਰਦੂਸ਼ਣ ਕੰਟਰੋਲ ਬੋਰਡ ਦੱਸੇਗਾ। ਇਸ ਮਾਮਲੇ 'ਤੇ ਵਾਰ-ਵਾਰ ਡਿਟੇਲ ਜਾਣਕਾਰੀ ਨਹੀਂ ਦੇ ਸਕਦਾ, ਕਿਉੇਂਕਿ ਪਹਿਲਾਂ ਹੀ ਬਿਆਨ ਕਰ ਚੁੱਕਿਆ ਹਾਂ।
ਲੋਕਾਂ ਨੂੰ ਅਵਾਜ਼ ਬੁਲੰਦ ਕਰਨ ਦੀ ਅਪੀਲ
ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਪੁਲਿਸ ਦਾ ਸਖ਼ਤ ਸੁੱਰਖਿਆ ਘੇਰਾ ਤੋੜਦੇ ਹੋਏ ਅੱਗੇ ਵਧਣ ਲੱਗ ਗਏ ਅਤੇ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ। ਪੁਲਿਸ ਵੱਲੋਂ ਵੀ ਸਖ਼ਤੀ ਕੀਤੀ ਜਾ ਰਹੀ ਹੈ। ਇਸ ਮੌਕੇ ਸਮਾਜ ਸੇਵੀ ਅਮਿਤੋਜ ਮਾਨ ਨੇ ਲੋਕਾਂ ਨੁੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਬੁੱਢੇ ਨਾਲੇ ਦੀ ਸਫਾਈ ਪ੍ਰਤੀ ਅਵਾਜ਼ ਬੁਲੰਦ ਕਰਨ ਤਾਂ ਜੋ ਪ੍ਰਸ਼ਾਸਨ ਇਸ ਮਾਮਲੇ ਉੱਤੇ ਗੰਭੀਰਤਾ ਨਾਲ ਵਿਚਾਰ ਕਰੇ। ਏਡੀਸੀ ਅਮਨਦੀਪ ਬੈਂਸ ਦੀ ਹੋਈ ਅਮਿਤੋਜ ਮਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਹਿਮਤੀ ਨਾ ਬਣ ਸਕੀ। ਜਿਸ ਤੋਂ ਬਾਅਦ ਅਮਿਤੋਜ ਮਾਨ ਅਤੇ ਹੋਰਨਾਂ ਪ੍ਰਦਰਸ਼ਨਕਾਰੀਆਂ ਨੇ ਪੀਏਯੁ ਦੇ ਮੁਹਰੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਲੱਖਾ ਸਿਧਾਣਾਂ ਨੂੰ ਪ੍ਰਦਰਸ਼ਨ ਵਾਲੀ ਥਾਂ 'ਤੇ ਲਿਆਉਣ ਦੀ ਕੀਤੀ ਮੰਗ ਕਰ ਰਹੇ ਹਨ। ਦੱਸਣਯੋਗ ਹੈ ਕਿ ਲੱਖਾ ਸਿਧਾਣਾ ਨੂੰ ਪੁਲਿਸ ਨੇ ਨਜ਼ਰ ਬੰਦ ਕੀਤੀ ਹੋਇਆ ਹੈ।
ਹਿਰਾਸਤ 'ਚ ਲਏ ਗਏ ਲੋਕ
ਇਸ ਤੋਂ ਪਹਿਲਾਂ ਪੁਲਿਸ ਨੇ ਲੁਧਿਆਣਾ ਦੇ ਟੀਟੂ ਬਾਣੀਆ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦੋਂ ਕਿ ਫਿਰੋਜ਼ਪੁਰ ਦੇ ਰੋਮੀ ਬਰਾੜ, ਮੋਗਾ ਦੇ ਮਹਿੰਦਰ ਸਿੰਘ, ਫਰੀਦਕੋਟ ਦੇ ਇੱਕ ਵਿਅਕਤੀ ਸਮੇਤ ਅੱਧੀ ਦਰਜਨ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਲੱਖਾ ਸਿਧਾਣਾ ਦੇ ਸਾਥੀਆਂ ਨੂੰ ਕੀਤਾ ਨਜ਼ਰਬੰਦ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਬੁੱਢਾ ਨਾਲਾ ਬੰਦ ਕਰਵਾਉਣ ਲਈ ਅੰਦੋਲਨ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਸੁੱਕੀ ਸਨਅਤ ਨਾਲ ਜੁੜੇ ਲੋਕਾਂ ਨੇ ਵੀ ਵਿਰੋਧ ਕਰਨ ਦੀ ਗੱਲ ਕਹੀ ਸੀ। ਜਿਸ 'ਤੇ ਅੱਜ ਲੱਖਾ ਸਿਧਾਣਾ ਅਤੇ ਉਸਦੇ ਕਈ ਸਾਥੀ ਬੁੱਢਾ ਨਾਲਾ ਬੰਦ ਕਰਵਾਉਣ ਲਈ ਪਹੁੰਚ ਰਹੇ ਸਨ। ਲੱਖਾ ਸਿਧਾਣਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਗਰਾਉਂ 'ਚ ਲੱਖਾ ਸਿਧਾਣਾ ਦੇ ਸਾਥੀ ਸੁੱਖ ਜਗਰਾਉਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਹਿਮਾਇਤ ਲਈ ਪਹੁੰਚੇ ਕਿਸਾਨ ਆਗੂ ਰਾਜੇਵਾਲ
ਕਾਲਾ ਪਾਣੀ ਮੋਰਚੇ ਦੌਰਾਨ ਸਮਾਜਸੇਵੀਆਂ ਦੇ ਪੱਖ 'ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੀ ਪਹੁੰਚੇ। ਉਹਨਾਂ ਕਿਹਾ ਕਿ, "ਇਹ ਜੋ ਅੱਜ ਹਾਲਤ ਬਣੇ ਹਨ ਇਸ ਪਿੱਛੇ ਸਰਕਾਰ ਜ਼ਿੰਮੇਵਾਰ ਹੈ। ਜੇਕਰ ਸਰਕਾਰ ਨੇ ਕੁਝ ਕੀਤਾ ਹੁੰਦਾ ਤਾਂ ਅੱਜ ਆਮ ਲੋਕ ਬਾਹਰ ਨਾ ਆਉਂਦੇ। ਉਹਨਾਂ ਕਿਹਾ ਕਿ ਲੋਕਾਂ ਨੂੰ ਸਿਹਤਮੰਦ ਜੀਵਨ ਜਿਉਣ ਦਾ ਹੱਕ ਹੈ ਇਸ ਲਈ ਉਹਨਾਂ ਵੱਲੋਂ ਆਪਣੀ ਮੰਗ ਨੂੰ ਮਨਵਾਉਣ ਦਾ ਇੱਕ ਹੀ ਹਲ ਮਿਲਿਆ ਹੈ, ਉਹ ਹੈ ਪ੍ਰਦਰਸ਼ਨ ਕਰਨਾ,ਕਿਸਾਨ ਆਗੂ ਨੇ ਕਿਹਾ ਕਿ ਅਸੀਂ ਸਮਾਜਸੇਵੀਆਂ ਦੇ ਹਿੱਤ ਵਿੱਚ ਖੜ੍ਹੇ ਹਾਂ।"
ਪਹਿਲਾਂ ਹੀ ਤਿਆਰ ਸੀ ਰਣਨੀਤੀ
ਦੱਸਦੀਏ ਕਿ ਲੁਧਿਆਣਾ ਵਿਖੇ ਕਾਲੇ ਪਾਣੀ ਦੇ ਮੋਰਚੇ ਨੂੰ ਸਫਲ ਬਣਾਉਣ ਲਈ ਪਿਛਲੇ ਦੋ ਮਹੀਨੇ ਤੋਂ ਵੱਖ-ਵੱਖ ਆਗੂਆਂ ਤੇ ਜਥੇਬੰਦੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਨੂੰ ਲੈਕੇ ਪਹਿਲਾਂ ਹੀ ਐਲਾਨ ਵੀ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਨੇ ਕੋਈ ਸੁਧਾਰ ਕਰਨ ਲਈ ਫਿਲ ਨਾ ਕੀਤੀ ਤਾਂ 3 ਦਸੰਬਰ ਨੂੰ ਜਥੇਬੰਦੀਆਂ ਵੱਲੋਂ 12 ਵਜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਸਾਹਮਣੇ ਲੋਕਾਂ ਦਾ ਇਕੱਠ ਕੀਤਾ ਜਾਵੇਗਾ ਅਤੇ ਬੁੱਢੇ ਨਾਲੇ ਨੂੰ ਬੰਨ ਲਾਏ ਜਾਣਗੇ।
ਨਸ਼ਾ ਤਸਕਰ 'ਤੇ ਸ੍ਰੀ ਅਨੰਦਪੁਰ ਸਾਹਿਬ 'ਚ ਸਖ਼ਤ ਕਾਰਵਾਈ, ਲਗਭਗ 26 ਲੱਖ ਦੀ ਪ੍ਰਾਪਰਟੀ ਪੁਲਿਸ ਨੇ ਕੀਤੀ ਫ੍ਰੀਜ਼
ਸੁਖਬੀਰ ਬਾਦਲ ਦੀ ਸਜ਼ਾ ਦਾ ਪਹਿਲਾ ਦਿਨ, ਗਲ਼ 'ਚ ਤਖ਼ਤੀ ਅਤੇ ਹੱਥ 'ਚ ਬਰਸ਼ਾ ਫੜ੍ਹ ਸੇਵਾ 'ਚ ਹੋਏ ਹਾਜ਼ਿਰ
ਪੁਲਿਸ ਨੇ ਕੀਤਾ ਡਿਟੇਨ
ਬੁੱਢੇ ਨਾਲੇ ਨੂੰ ਬੰਨ ਲਾਉਣ ਤੋਂ ਪਹਿਲਾਂ ਪੁਲਿਸ ਐਕਸ਼ਨ ਦੇ ਵਿੱਚ ਲੁਧਿਆਣਾ ਪੁਲਿਸ ਨੇ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋ ਰਹੇ ਧਰਨਾਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਆਏ ਪੁਲਿਸ ਲਗਾਤਾਰ ਪ੍ਰਦਰਸ਼ਨਕਾਰੀਆਂ ਨੂੰ ਡਿਟੇਨ ਕਰ ਰਹੀ ਹੈ। ਇਸ ਸਬੰਧੀ ਵੱਡੀ ਗਿਣਤੀ ਦੇ ਵਿੱਚ ਵੇਰਕਾ ਮਿਲਕ ਪਲਾਂਟ ਨੇੜੇ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਸ ਮੌਕੇ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੋਰਚੇ ਤੋਂ ਦੂਰ ਵੱਡੇ ਸਮਾਜਸੇਵੀ
ਜ਼ਿਕਰਯੋਗ ਹੈ ਕਿ ਹਾਲ ਦੀ ਘੜੀ ਵਿੱਚ ਕਾਲੇ ਪਾਣੀ ਮੋਰਚੇ ਦੇ ਆਗੂ ਤੇ ਸਮਾਜਸੇਵੀ ਲੱਖਾ ਸਿਧਾਣਾ,ਅਮਿਤੋਜ ਮਾਨ, ਡਾਕਟਰ ਅਮਨਦੀਪ ਸਿੰਘ ਬੈਂਸ ਤੇ ਕੁਲਦੀਪ ਖਹਿਰਾ ਸਮੇਤ ਕੋਈ ਵੀ ਆਗੂ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਨਹੀਂ ਪੁੱਜਾ ਅਤੇ ਨਾ ਹੀ ਵੇਲਕਾ ਮਿਲਕ ਪਲਾਂਟ ਦੇ ਸਾਹਮਣੇ ਲੋਕਾਂ ਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ, ਜਿਸ ਨਾਲ ਟਰੈਫਿਕ ਜਾਮ ਹੋਇਆ ਪਿਆ ਹੈ। ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਮ ਜਨਤਾ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਨਾ ਪੇਸ਼ ਆਵੇ ਪਰ ਇਸ ਦੌਰਾਨ ਰਾਹ ਵਿੱਚ ਕਈ ਮਿੰਟਾਂ ਤੱਕ ਰੁਕੀ ਹੋਈ ਐਂਬੂਲੈਂਸ ਨੇ ਪ੍ਰਸ਼ਾਸ਼ਨ ਨੂੰ ਭਾਜੜਾਂ ਜਰੂਰ ਪਾ ਦਿੱਤੀਆਂ।