ਲੁਧਿਆਣਾ: ਪਿਛਲੇ ਦਿਨੀਂ ਲੁਧਿਆਣਾ ਦੇ ਬਹੁ ਚਰਚਿਤ ਸੋਸ਼ਲ ਮੀਡੀਆ ਇਨਫਲੂਐਂਸਰ ਪ੍ਰਿੰਕਲ ਗੋਲੀਕਾਂਡ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੀ 6 ਨਵੰਬਰ ਨੂੰ ਇਹ ਗੋਲੀਬਾਰੀ ਹੋਈ ਸੀ ਅਤੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।
ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ
ਇਸ ਮਾਮਲੇ ਦੇ ਵਿੱਚ ਮੁਲਜ਼ਮ ਗੁਰਕੀਰਤ ਸਿੰਘ ਉਰਫ ਸਾਹਿਬ ਵਾਸੀ ਮਹੱਲਾ ਰੜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਕੋਲ ਅਸਲਾ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਇਸ ਤੋਂ ਰਿਮਾਂਡ ਦੇ ਵਿੱਚ ਹੋਰ ਪੁੱਛਗਿੱਛ ਕਰਕੇ ਮਾਮਲੇ ਦੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਪ੍ਰਗਟ ਕੀਤੀ ਹੈ।
ਪਹਿਲਾਂ ਹੀ ਤਿੰਨ ਮੁਲਜ਼ਮ ਕੀਤੇ ਕਾਬੂ
ਹੁਣ ਤੱਕ ਇਸ ਮਾਮਲੇ ਦੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਮਾਮਲੇ ਦੇ ਵਿੱਚ ਮੁਲਜ਼ਮ ਰਿਸ਼ਵ ਬੈਨੀਪਾਲ, ਸੁਸ਼ੀਲ ਕੁਮਾਰ ਅਤੇ ਆਕਾਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਦੋ ਮੁਲਜ਼ਮਾਂ ਨੂੰ ਵਾਰਦਾਤ ਤੋਂ ਅਗਲੇ ਦਿਨ 7 ਨਵੰਬਰ ਨੂੰ ਜਦੋਂ ਕਿ ਤੀਜੇ ਮੁਲਜ਼ਮ ਨੂੰ 10 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਇੱਕ ਹੋਰ ਮੁਲਜ਼ਮ ਪੁਲਿਸ ਨੂੰ ਲੋੜੀਂਦਾ ਸੀ, ਜਿਸ ਨੂੰ ਬੀਤੇ ਦਿਨ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਹਸਪਤਾਲ 'ਚ ਇਲਾਜ ਅਧੀਨ ਪੀੜਤ ਅਤੇ ਮੁਲਜ਼ਮ
ਪ੍ਰਿੰਕਲ ਗੋਲੀ ਕਾਂਡ ਮਾਮਲੇ ਦੇ ਵਿੱਚ ਪ੍ਰਿੰਕਲ ਅਤੇ ਉਸ ਦੀ ਸਾਥੀ ਨਵਜੀਤ ਨੂੰ ਗੋਲੀਆਂ ਲੱਗੀਆਂ ਸਨ। ਇਹ ਦੋਵੇਂ ਹੀ ਫਿਲਹਾਲ ਲੁਧਿਆਣਾ ਦੇ ਫੋਰਟੀਸ ਹਸਪਤਾਲ ਦੇ ਵਿੱਚ ਇਲਾਜ ਅਧੀਨ ਹਨ। ਜਦੋਂ ਕਿ ਮੁਲਜ਼ਮ ਰਿਸ਼ਵ ਬੈਨੀਪਾਲ ਅਤੇ ਸੁਸ਼ੀਲ ਕੁਮਾਰ ਦਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਪ੍ਰਿੰਕਲ ਨੂੰ ਸੱਤ ਗੋਲੀਆਂ ਲੱਗੀਆਂ ਸਨ ਅਤੇ ਉਸ ਮਹਿਲਾ ਦੀ ਸਾਥੀ ਨੂੰ ਦੋ ਗੋਲੀਆਂ ਲੱਗੀਆਂ ਸਨ। ਜਵਾਬੀ ਕਾਰਵਾਈ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ 'ਤੇ ਪ੍ਰਿੰਕਲ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ। ਜਿਸ ਵਿੱਚ ਉਨਾਂ ਦੇ ਵੀ ਗੋਲੀਆਂ ਲੱਗੀਆਂ ਸਨ। ਇਸ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਸਾਂਝੀ ਕੀਤੀ ਗਈ ਹੈ।