ਅੰਮ੍ਰਿਤਸਰ : ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਕਿਸਾਨੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਮੋਰਚੇ ਤੋਂ ਅੱਜ ਤਕਰਾਰ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਕਤ ਤਸਵੀਰਾਂ ਨੂੰ ਮੀਡੀਆ ਦੇ ਨਾਲ ਸਾਂਝਾ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਨੇਤਾ ਸਰਵਣ ਸਿੰਘ ਪੰਧੇਰ ਵਲੋਂ ਇਸ ਮਾਮਲੇ ਸਬੰਧੀ ਭਾਜਪਾ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਹਨ ਅਤੇ ਨਾਲ ਹੀ ਉਹਨਾਂ ਵੱਲੋਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਤੱਕ ਦੀ ਗੱਲ ਕਹੀ ਜਾ ਰਹੀ ਹੈ।
ਜੀ ਹਾਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਵਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਭਾਜਪਾ ਅਤੇ ਮਾਈਨਿੰਗ ਮਾਫ਼ੀਆ ਨਾਲ ਜੁੜੇ ਕੁਝ ਬੰਦਿਆਂ ਵੱਲੋਂ ਅੱਜ ਸ਼ੰਭੂ ਬਾਰਡਰ 'ਤੇ ਚੱਲ ਰਹੀ ਉਹਨਾਂ ਦੀ ਸਟੇਜ ਦੇ ਉੱਤੇ ਪਹੁੰਚ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਨਾਲ ਹੀ ਭਾਜਪਾ ਦੇ ਇਸ਼ਾਰੇ 'ਤੇ ਕਿਸਾਨਾਂ ਦਾ ਵਿਰੋਧ ਕੀਤਾ ਗਿਆ ਹੈ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਦੋਵਾਂ ਮੋਰਚਿਆਂ ਵੱਲੋਂ ਦਿੱਲੀ ਅੰਦੋਲਨ 2 ਚੱਲ ਰਿਹਾ ਹੈ, ਜਿਸ ਨੂੰ ਲਗਭਗ 132 ਦਿਨ ਹੋ ਚੁੱਕੇ ਹਨ।
ਭਾਜਪਾ ਨੇ ਕਿਹਾ ਸੀ 2 ਜੂਨ ਤੋਂ ਬਾਅਦ ਦੇਖਾਂਗੇ : ਉਨ੍ਹਾਂ ਕਿਹਾ ਕਿ 13 ਫਰਵਰੀ ਤੋਂ ਛੇ ਦਿਨ ਪਹਿਲਾਂ ਸਰਕਾਰ ਨੇ ਕੰਧਾਂ ਕੱਢ ਕੇ ਸਾਰੇ ਰਾਹ ਰੋਕੇ ਹੋਏ ਹਨ ਅਤੇ ਅਸੀਂ ਉਦੋਂ ਤੋਂ ਹੀ ਕਹਿ ਰਹੇ ਹਾਂ ਕਿ ਉਹ ਦਿੱਲੀ ਜਾਂ ਲਈ ਰਾਸਤੇ ਖੋਲ੍ਹੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਰਾਹ ਬੰਦ ਹੋਣ ਨਾਲ ਪੰਜਾਬ ਦੇ ਅਰਥਚਾਰਾ, ਪੰਜਾਬ ਦੇ ਵਪਾਰੀ ਅਤੇ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ। ਇਸ ਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਕਿ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਅਤੇ ਉਹ ਸੱਚ ਸਾਬਤ ਹੋਇਆ ਹੈ। ਇਹ ਜੂਨ ਹੀ ਚੱਲ ਰਿਹਾ ਹੈ ਅਤੇ ਭਾਜਪਾ ਦੇ ਗੁੰਡੇ, ਭਾਜਪਾ ਦੇ ਸਮਰਥਕ, ਕੁਝ ਆਮ ਆਦਮੀ ਦੇ ਸਮਰਥਕ, ਭਾਜਪਾ ਦੇ ਖਾਸ ਕਰਕੇ ਮਾਈਨਿੰਗ ਮਾਫ਼ੀਆ ਵੱਲੋਂ ਅੱਜ ਸ਼ੰਭੂ ਬਾਰਡਰ ਵਾਲੀ ਸਟੇਜ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਪੰਜਾਬ ਪੁਲਿਸ ਮੂਕ ਦਰਸ਼ਕ ਬਣੀ ਰਹੀ ਹੈ।
ਉਨ੍ਹਾਂ ਕਿਹਾ ਕਿ ਜੋ ਲੋਕ ਭਾਜਪਾ ਨੂੰ ਪਸੰਦ ਕਰਦੇ ਹਨ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਭਾਜਪਾ ਪੰਜਾਬ 'ਚ ਆ ਕੇ ਮੰਦਰਾਂ, ਗੁਰਦੁਆਰਿਆਂ, ਜਾਤਾਂ ਦੇ ਨਾਂ 'ਤੇ ਤੁਹਾਨੂੰ ਲੜਾਉਣਗੇ। ਕਿਉਂਕਿ ਭਾਜਪਾ ਨੈਸ਼ਨਲ ਪੱਧਰ 'ਤੇ ਹਾਰ ਚੁੱਕੀ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਇਹਨਾਂ ਨੂੰ ਇੱਕ ਵੀ ਸੀਟ ਹਾਸਿਲ ਨਹੀਂ ਹੋਈ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਕਿਸਾਨ ਮੋਰਚਾ-2 ਅੱਗੇ ਵਧ ਰਿਹਾ ਹੈ ਅਤੇ ਹੁਣ ਉਹ ਇਹ ਸਮਝ ਚੁੱਕੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਇਲਾਵਾ ਹੁਣ ਹੋਰ ਕੋਈ ਰਾਸਤਾ ਨਹੀਂ ਹੈ, ਜਿਸ ਕਾਰਨ ਮੋਰਚੇ ਵਿੱਚ ਅਜਿਹਾ ਕੁਝ ਹੋ ਰਿਹਾ ਹੈ।
ਮੁੱਖ ਮੰਤਰੀ ਨੂੰ ਕੀਤੇ ਤਿੱਖੇ ਸਵਾਲ : ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਐਸਐਸਪੀ ਨੂੰ ਪੁੱਛੋ ਕਿ ਸੁਰੱਖਿਆ ਤੰਤਰ ਕਿੱਥੇ ਹੈ? ਜੇਕਰ ਇੰਨਾ ਵੱਡਾ ਕਿਸਾਨੀ ਮੋਰਚਾ ਚੱਲ ਰਿਹਾ ਹੈ ਤਾਂ ਉਸਦੀ ਸੁਰੱਖਿਆ ਦੇ ਜਿੰਮੇਵਾਰੀ ਕਿਸ ਦੀ ਹੈ? ਇਹ ਸਪੱਸ਼ਟ ਕੀਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਖੁਫ਼ੀਆਤੰਤਰ ਨੂੰ ਇਸ ਸਾਰੇ ਘਟਨਾਕ੍ਰਮ ਦਾ ਪਤਾ ਸੀ ਤਾਂ ਪਹਿਲਾਂ ਤੋਂ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਲੋਕਲ ਜਨਤਾਂ ਨੂੰ ਬੇਨਤੀ ਕਰਦੇ ਹਾਂ ਕਿ ਅੱਗੇ ਆਓ ਅਤੇ ਮੋਰਚੇ ਵਿੱਚ ਪਹੁੰਚੋ।
- ਫ਼ਰੀਦਕੋਟ 'ਚ ਫੌਜੀ ਸਨਮਾਨਾਂ ਨਾਲ ਫੌਜੀ ਦਾ ਅੰਤਿਮ ਸੰਸਕਾਰ: ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ - Soldier last rites in Faridkot
- ਹੁਣ ਬਾਸਮਤੀ ਦੀ ਐਕਸਪੋਰਟ 'ਤੇ ਭਾਰਤੀ ਕਿਸਾਨਾਂ ਅੱਗੇ ਰੋੜਾ ਬਣਿਆ ਪਾਕਿਸਤਾਨ, ਦੇਖੋ ਇਹ ਵਿਸ਼ੇਸ਼ ਰਿਪੋਰਟ - Export of basmati rice
- ਅਤਿ ਦੀ ਗਰਮੀ ਦੇ ਬਾਵਜੂਦ ਦਰਬਾਰ ਸਾਹਿਬ 'ਚ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ ਖਾਸ ਗੱਲਬਾਤ - Sri Akal Takht Sahib Sri Amritsar
ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦਿਆਂਗੇ : ਉਨ੍ਹਾਂ ਕਿਹਾ ਕਿ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਹਮਲੇ ਦਾ ਭਾਜਪਾ ਦੀ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿਆਂਗੇ ਅਤੇ ਅਸੀ ਬਿਲਕੁਲ ਡਰਨ ਵਾਲੇ ਨਹੀਂ। ਇਹ ਭਾਜਪਾ ਪਹਿਲੋਂ ਵੀ ਚਾਲ ਚਲਦੀ ਸੀ, ਪਹਿਲੋਂ ਵੀ ਇਹਨਾਂ ਦੇ ਮੂੰਹ ਭੰਨ੍ਹੇ ਹਨ ਅਤੇ ਅੱਗੇ ਵੀ ਮੂੰਹ ਭੰਨ੍ਹਾਂਗੇ। ਸਰਵਣ ਸਿੰਘ ਪੰਧੇਰ ਨੇ ਤਿੱਖੇ ਲਹਿਜੇ ਵਿੱਚ ਕਿਹਾ ਕਿ ਕਿਸਾਨੋ ਮਜ਼ਦੂਰੋ ਤਗੜੇ ਹੋ ਜਾਓ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਅਤੇ ਅਸੀ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਹੈ। ਇਸ ਦੇ ਇਲਾਵਾ ਉਹਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਜਾਵੇਗੀ।