ਲੁਧਿਆਣਾ: ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ 'ਚ ਬਿਜਲੀ ਦੀ ਸਖ਼ਤ ਲੋੜ ਹੁੰਦੀ ਹੈ, ਪਰ ਪੰਜਾਬ 'ਚ ਲਗਾਤਾਰ ਬਿਜਲੀ ਦੇ ਕੱਟਾ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ, ਜਿਸ ਕਰਕੇ ਲੋਕਾਂ ਵਿੱਚ ਬਿਜਲੀ ਦੀ ਮੰਗ ਵਧਦੀ ਹੋਈ ਨਜ਼ਰ ਆ ਰਹੀ ਹੈ। ਪਰ ਲਗਾਤਾਰ ਬਿਜਲੀ ਦੇ ਕੱਟ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਬਿਜਲੀ ਦੀ ਜ਼ਿਆਦਾ ਮੰਗ ਵਧੀ ਹੈ।
ਕਿਉ ਕੱਟ ਹੋ ਰਹੀ ਹੈ ਬਿਜਲੀ?: ਗਰਮੀ ਕਾਰਨ ਇਸ ਸਾਲ ਵੱਡੀ ਗਿਣਤੀ ਵਿੱਚ ਏਅਰ ਕੰਡੀਸ਼ਨਰਾਂ ਦੀ ਵਿਕਰੀ ਹੋਈ ਹੈ। ਦੱਸ ਦਈਏ ਕਿ ਪੁਰਾਣੀਆਂ ਤਾਰਾਂ ਅਤੇ ਟ੍ਰਾਂਸਫਾਰਮਾਂ 'ਤੇ ਲੋਡ ਜਿਆਦਾ ਪੈਣ ਕਰਕੇ ਇਨ੍ਹਾਂ 'ਚ ਲਗਾਤਾਰ ਖਰਾਬੀ ਹੋ ਰਹੀ ਹੈ, ਜਿਸਦੇ ਨਤੀਜੇ ਵਜੋਂ ਬਿਜਲੀ ਜਾ ਰਹੀ ਹੈ। ਕਈ ਇਲਾਕਿਆਂ ਵਿੱਚ 18-18 ਘੰਟੇ ਬਿਜਲੀ ਨਹੀਂ ਆ ਰਹੀ ਹੈ। ਹੁਣ ਲੁਧਿਆਣਾ ਵਿੱਚ ਵੀ ਅਜਿਹਾ ਹੀ ਹਾਲ ਹੈ। ਲੁਧਿਆਣਾ ਦੇ ਦੁਗਰੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ 18 ਘੰਟੇ ਉਨ੍ਹਾਂ ਦੇ ਘਰ ਲਾਈਟ ਨਹੀਂ ਆ ਰਹੀ ਹੈ, ਜਿਸ ਕਰਕੇ ਕੰਮਾਂ ਕਾਰਾਂ 'ਤੇ ਜਾਣਾ ਵੀ ਮੁਸ਼ਕਿਲ ਹੋ ਗਿਆ ਹੈ।
ਬਿਜਲੀ ਦੀ ਵਧੀ ਮੰਗ: ਦੱਸ ਦਈਏ ਕਿ ਜੂਨ ਮਹੀਨੇ ਦੌਰਾਨ ਸੂਬੇ ਵਿੱਚ ਔਸਤ ਰੋਜ਼ਾਨਾ ਬਿਜਲੀ ਦੀ ਸਪਲਾਈ 3,351 ਲੱਖ ਯੂਨਿਟ ਸੀ। ਤੇਜ਼ ਗਰਮੀ ਅਤੇ ਜੂਨ ਵਿੱਚ ਮੀਂਹ ਨਾ ਪੈਣ ਕਾਰਨ PSPCL ਦੁਆਰਾ ਪੂਰੀ ਕੀਤੀ ਗਈ ਔਸਤ ਰੋਜ਼ਾਨਾ ਮੰਗ ਪਿਛਲੇ ਸਾਲ 2,352 LU ਪ੍ਰਤੀ ਦਿਨ ਦੀ ਸਪਲਾਈ ਦੇ ਮੁਕਾਬਲੇ 24 ਫੀਸਦੀ ਵੱਧ ਕੇ 2,918 LU ਪ੍ਰਤੀ ਦਿਨ ਹੋਈ ਸੀ। ਇਸ ਸਾਲ ਜੂਨ 'ਚ 8,772 ਮਿਲੀਅਨ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਗਈ ਜਦਕਿ ਪਿਛਲੇ ਸਾਲ ਜੂਨ 'ਚ ਇਹ 7,055 ਮਿਲੀਅਨ ਯੂਨਿਟ ਸੀ। ਹਾਲਾਂਕਿ, ਪੰਜਾਬ ਦੀ ਸਰਕਾਰ ਲਗਾਤਾਰ ਇਹ ਦਾਅਵੇ ਕਰਦੀ ਰਹੀ ਹੈ ਕਿ ਬਿਜਲੀ ਦੀ ਪੂਰਤੀ ਲਈ ਪੰਜਾਬ ਵਿੱਚ ਲਗਾਤਾਰ ਪਲਾਂਟ ਲਗਾਏ ਜਾ ਰਹੇ ਹਨ ਪਰ ਬਿਜਲੀ ਦੀ ਮੰਗ ਅਨੁਸਾਰ, ਪੁਰਾਣੇ ਟ੍ਰਾਂਸਫਾਰਮਰ, ਪੁਰਾਣੀਆਂ ਤਾਰਾਂ, ਪੁਰਾਣਾ ਇੰਫਰਾਸਟਰਕਚਰ ਹੋਣ ਕਰਕੇ ਲੋਡ ਵੱਧ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ।
ਲੋਕਾਂ ਨੇ ਸਰਕਾਰ ਖਿਲਾਫ਼ ਕੱਢੀ ਭੜਾਸ: ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ 18 ਘੰਟੇ ਬਿਜਲੀ ਨਾ ਆਉਣ ਕਰਕੇ ਲੋਕਾਂ ਨੇ ਸੜਕਾਂ 'ਤੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ ਆਪਣੀ ਭੜਾਸ ਵੀ ਕੱਢੀ ਹੈ। ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੇ ਕਿਹਾ ਕਿ ਬਿਜਲੀ ਦੀ ਵੱਡੀ ਕਿੱਲਤ ਹੈ। ਸ਼ਿਕਾਇਤ ਕਰਨ ਦੇ ਬਾਵਜੂਦ ਇਸ ਦਾ ਕੋਈ ਹੱਲ ਨਹੀਂ ਹੋ ਰਿਹਾ ਹੈ। ਲੋਕਾਂ ਨੇ ਅੱਗੇ ਕਿਹਾ ਕਿ ਜਦੋਂ ਵੀ ਬਿਜਲੀ ਦਫਤਰ ਜਾਂਦੇ ਹਾਂ, ਤਾਂ ਅਧਿਕਾਰੀ ਕਹਿ ਦਿੰਦੇ ਹਨ ਕਿ ਸਾਡੇ ਕੋਲ੍ਹ ਸਟਾਫ ਦੀ ਕਮੀ ਹੈ ਅਤੇ ਟਰਾਂਸਫਾਰਮਰ ਪੁਰਾਣੇ ਹੋਣ ਕਰਕੇ ਲੋਡ ਨਹੀਂ ਚੁੱਕ ਰਹੇ ਹਨ। ਲੋਡ ਜਿਵੇਂ ਹੀ ਵੱਧਦਾ ਹੈ, ਟਰਾਂਸਫਾਰਮਰ ਸੜ ਜਾਂਦੇ ਹਨ।
ਲੋਕਾਂ ਨੇ ਕੀਤੀ ਅਪੀਲ: ਸਥਾਨਕ ਲੋਕਾਂ ਨੇ ਦੱਸਿਆ ਕਿ ਬਿਜਲੀ ਦੀ ਸਮੱਸਿਆ ਹੋਣ ਕਰਕੇ ਉਹ ਕੰਮਾਂ ਕਾਰਾਂ 'ਤੇ ਵੀ ਸਮੇਂ ਸਿਰ ਨਹੀਂ ਜਾ ਪਾ ਰਹੇ ਹਨ। ਇਥੋਂ ਤੱਕ ਕਿ ਬਿਜਲੀ ਨਾ ਆਉਣ ਕਰਕੇ ਪਾਣੀ ਦੀ ਵੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਦਾ ਜਲਦ ਹੀ ਹੱਲ ਕੀਤਾ ਜਾਵੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇੰਡਸਟਰੀ ਵੱਲੋਂ ਪੀਐਸਪੀਸੀਐਲ ਦੇ ਚੀਫ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਸੀ।
- ਦਿਨ ਦਿਹਾੜੇ ਘਰ 'ਚ ਦਾਖਿਲ ਹੋਏ ਦੋ ਲੁਟੇਰੇ, ਗੰਨ ਪੁਆਇੰਟ 'ਤੇ ਸੋਨਾ ਲੈ ਹੋਏ ਫਰਾਰ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ - Ludhiana robbery case
- ਵੇਰਕਾ ਦੀ ਮੈਨੇਜਮੈਂਟ ਦੀਆਂ ਮਨਮਾਨੀਆਂ ਤੋਂ ਅੱਕੇ ਦੁੱਧ ਉਦਪਾਦਕਾਂ ਨੇ ਘੇਰਿਆ ਲੁਧਿਆਣਾ ਦਾ ਵੇਰਕਾ ਮਿਲਕ ਪਲਾਂਟ - arbitrariness of Verkas management
- ਐਸਜੀਪੀਸੀ ਦੇ ਮੌਜੂਦਾ ਮੈਂਬਰਾਂ ਨੇ ਸੁਖਬੀਰ ਬਾਦਲ ਖਿਲਾਫ ਕਾਰਵਾਈ ਦੀ ਕੀਤੀ ਮੰਗ, ਡੇਰਾ ਸਰਸਾ ਮੁਖੀ ਨਾਲ ਸਾਂਝ ਦਾ ਦਿੱਤਾ ਹਵਾਲਾ - action against Sukhbir Badal
ਇਸ ਸਬੰਧੀ ਜਦੋਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਆਤਮ ਨਗਰ ਤੋਂ ਐਮਐਲਏ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਬੀਤੇ ਦਿਨ ਬਿਜਲੀ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਪੁਰਾਣਾ ਇਨਫਰਾਸਟਰਕਚਰ, ਪੁਰਾਣੀਆਂ ਤਾਰਾਂ, ਪੁਰਾਣੇ ਟ੍ਰਾਂਸਫਾਰਮਰਾਂ ਨੂੰ ਬਦਲਿਆ ਜਾਵੇ। ਐਮਐਲਏ ਕੁਲਵੰਤ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਕਮੀ ਨਹੀਂ ਹੈ, ਸਗੋਂ ਓਵਰਲੋਡਿੰਗ ਹੋਣ ਕਰਕੇ ਬਿਜਲੀ ਖਰਾਬ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਕੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਾਂਗੇ।