ਬਰਨਾਲਾ: ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਹਾਲਾਤ ਵੀ ਕੁੱਝ ਅਜਿਹੇ ਹੀ ਹਨ। ਜ਼ਿਲ੍ਹਾ ਪੱਧਰ ਦੇ ਇੱਕੋ ਇੱਕ ਸਰਕਾਰੀ ਹਸਪਤਾਲ ਵਿੱਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਹਸਪਤਾਲ ਪ੍ਰਬੰਧਕਾਂ ਅਤੇ ਸਰਕਾਰੀ ਖਿਲਾਫ਼ ਮਰੀਜ਼ਾਂ ਨੇ ਰੋਸ ਜ਼ਾਹਰ ਕੀਤਾ ਹੈ। ਸਰਕਾਰੀ ਹਸਪਤਾਲ ਵਿੱਚ ਇੱਕ ਪਰਚੀ ਕਾਊਂਟਰ ਹੋਣ ਕਰਕੇ ਮਰੀਜ਼ਾਂ ਦੀਆਂ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ। ਜਿਸ ਕਰਕੇ ਮਰੀਜ਼ਾਂ ਨੂੰ ਧੁੱਪ ਅਤੇ ਗਰਮੀ ਵਿੱਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਪਰਚੀ ਕਾਊਂਟਰ ਤੋਂ ਇਲਾਵਾ ਦਵਾਈਆਂ ਦੇ ਕਾਊਂਟਰ ਉੱਪਰ ਵੀ ਲੱਗੀ ਵੱਡੀ ਭੀੜ ਲੱਗ ਰਹੀ ਹੈ।
ਮਰੀਜ਼ਾਂ ਨੂੰ ਪਰਚੀ ਕੱਟਵਾਉਣ ਲਈ ਕਈ ਕਈ ਘੰਟੇ ਲਾਈਨਾਂ ਵਿੱਚ ਖੜਨਾ ਪਿਆ: ਇਸ ਮੌਕੇ ਗੱਲਬਾਤ ਕਰਦਿਆਂ ਮਰੀਜ਼ਾਂ ਨੇ ਕਿਹਾ ਕਿ ਬਰਨਾਲਾ ਦਾ ਸਰਕਾਰੀ ਹਸਪਤਾਲ ਇੱਕ ਜ਼ਿਲ੍ਹਾ ਪੱਧਰ ਦਾ ਹਸਪਤਾਲ ਹੈ। ਪਰ ਇਸ ਹਸਪਤਾਲ ਵਿੱਚ ਸਹੂਲਤਾਂ ਨਾ-ਮਾਤਰ ਹਨ। ਜਿਸ ਕਰਕੇ ਮਰੀਜ਼ਾਂ ਨੂੰ ਇੱਥੇ ਖੱਜਲ ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਸਮੁੱਚੇ ਬਰਨਾਲਾ ਸ਼ਹਿਰ ਸਮੇਤ ਜ਼ਿਲ੍ਹੇ ਭਰ ਦੇ ਪਿੰਡਾਂ ਤੋਂ ਲੋਕ ਇਲਾਜ਼ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹਨ। ਇਸ ਹਸਪਤਾਲ ਵਿੱਚ ਮਰੀਜ਼ਾਂ ਦੀ ਪਰਚੀ ਕੱਟਣ ਭਾਵ ਰਜਿਸਟ੍ਰੇਸ਼ਨ ਲਈ ਸਿਰਫ਼ ਇੱਕ ਹੀ ਕਾਊਂਟਰ ਹੈ। ਜਿਸ ਕਰਕੇ ਇੱਥੇ ਪਰਚੀ ਕਾਊਂਟਰ ਉੱਪਰ ਮਰੀਜ਼ਾਂ ਦੀਆਂ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਹਨ। ਮਰੀਜ਼ਾਂ ਨੂੰ ਪਰਚੀ ਕੱਟਵਾਉਣ ਲਈ ਕਈ ਕਈ ਘੰਟੇ ਲਾਈਨਾਂ ਵਿੱਚ ਖੜਨਾ ਪੈਂਦਾ ਹੈ। ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਪਰਚੀ ਕਟਵਾਉਣ ਲਈ ਇਹਨਾਂ ਲਾਈਨਾਂ ਵਿੱਚ ਖੜ੍ਹੇ ਹਨ, ਹਸਪਤਾਲ ਪ੍ਰਸ਼ਾਸ਼ਨ ਵਲੋਂ ਮਰੀਜ਼ਾਂ ਲਈ ਪਾਣੀ ਜਾਂ ਛਾਂ ਤੱਕ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਗਰਭਵਤੀ ਔਰਤਾਂ, ਬਜ਼ੁਰਗ ਅਤੇ ਅੰਗਹੀਣ ਲੋਕਾਂ ਨੂੰ ਲਾਈਨਾਂ ਵਿੱਚ ਲੱਗ ਕੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਦਾ ਸਿਹਤ ਸਿਸਟਮ ਪੂਰੀ ਤਰ੍ਹਾਂ ਵਿਗੜ ਚੁੱਕਿਆ: ਉਨ੍ਹਾਂ ਕਿਹਾ ਕਿ ਅੱਜ ਹਸਪਤਾਲ ਵਿੱਚ ਬਹੁਤ ਜਿਆਦਾ ਭੀੜ ਹੈ, ਪਰ ਹਸਪਤਾਲ ਵਿੱਚ ਕਿਸੇ ਕਿਸਮ ਦਾ ਮਰੀਜ਼ਾਂ ਲਈ ਪ੍ਰਬੰਧ ਨਹੀਂ ਕੀਤਾ ਜਾਂਦਾ। ਪਹਿਲਾਂ ਤੋਂ ਬੀਮਾਰ ਹੋਇਆ ਮਰੀਜ਼ ਹਸਪਤਾਲ ਵਿੱਚ ਇਲਾਜ਼ ਕਰਵਾਉਣ ਥਾਂ ਹੋਰ ਬੀਮਾਰ ਹੋ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਮੁਹੱਲਾ ਕਲੀਨਕ ਬਣਾ ਕੇ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਜ਼ਿਲ੍ਹਾ ਪੱਧਰ ਦੇ ਹਸਪਤਾਲ ਵਿੱਚ ਪਰਚੀ ਕੱਟਣ ਲਈ ਸਹੀ ਸਿਸਟਮ ਨਹੀਂ ਬਣਾ ਸਕੇ। ਆਮ ਆਦਮੀ ਕਲੀਨਕਾਂ ਵਿੱਚ ਵੱਡੇ ਡਾਕਟਰ ਨਹੀਂ ਹਨ, ਜਿਸ ਕਰਕੇ ਹਸਪਤਾਲ ਵਿੱਚ ਆਉਣਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਿਹਤ ਸਿਸਟਮ ਪੂਰੀ ਤਰ੍ਹਾਂ ਵਿਗੜ ਚੁੱਕਿਆ ਹੈ। ਸਰਕਾਰ ਨੂੰ ਇਸ ਗੰਭੀਰ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ।
ਐਸਐਮਓ ਡਾ.ਤਪਿੰਦਰਜੋਤ ਕੌਸ਼ਲ ਦੇ ਬਿਆਨ: ਇਸ ਸਬੰਧੀ ਸਰਕਾਰੀ ਹਸਪਤਾਲ ਦੇ ਐਸਐਮਓ ਡਾ.ਤਪਿੰਦਰਜੋਤ ਕੌਸ਼ਲ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਪ੍ਰਬੰਧਾਂ ਵਿੱਚ ਦਿੱਕਤ ਆਈ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ 1500 ਦੇ ਕਰੀਬ ਰੋਜ਼ਾਨਾ ਹਸਪਤਾਲ ਵਿੱਚ ਇਲਾਜ਼ ਲਈ ਆ ਰਹੇ ਹਨ। ਸਰਕਾਰੀ ਹਸਪਤਾਲ ਅਤੇ ਜੱਚਾ ਬੱਚਾ ਹਸਪਤਾਲ ਵਿੱਚ ਪਰਚੀ ਕਾਊਂਟਰ ਚੱਲ ਰਹੇ ਹਨ। ਮਰੀਜ਼ਾਂ ਦੀ ਵਧੀ ਗਿਣਤੀ ਨੂੰ ਲੈ ਕੇ ਵਧੀਆ ਕੰਪਿਊਟਰ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਦੋਵੇਂ ਸਰਕਾਰੀ ਹਸਪਤਾਲਾਂ ਵਿੱਚ ਦੋ -ਦੋ ਪਰਚੀ ਕਾਊਂਟਰ ਚਲਾ ਸਕੀਏ ਤਾਂ ਕਿ ਹਸਪਤਾਲ ਦਾ ਸਿਸਟਮ ਵਧੀਆ ਢੰਗ ਨਾਲ ਚੱਲ ਸਕੇ ਅਤੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।
- ਪੁਲਿਸ ਨੇ ਚੂੜਾ ਗੈਂਗ ਦੇ ਤਿੰਨ ਮੈਂਬਰ ਕੀਤੇ ਗ੍ਰਿਫ਼ਤਾਰ, ਬਰਾਮਦ ਕੀਤੇ ਹਥਿਆਰ - Mohali Police Arrested Gangsters
- ਪੁੱਤ ਬਣਿਆ ਕਪੁੱਤ, ਜ਼ਮੀਨ ਖ਼ਾਤਰ ਆਪਣੀ ਮਾਂ ਅਤੇ ਭਰਾ ਤੇ ਚਲਾਈਆਂ ਗੋਲੀਆਂ, ਮਾਂ ਦੀ ਹਾਲਤ ਗੰਭੀਰ - The son shot the mother
- ਰਵਨੀਤ ਬਿੱਟੂ ਦੇ ਭਾਜਪਾ 'ਚ ਜਾਣ ਦਾ ਦੁੱਖ, ਪਰ ਮੈਂ ਹਮੇਸ਼ਾ ਕਾਂਗਰਸ ਦਾ ਸਿਪਾਹੀ ਰਹਾਂਗਾ: ਗੁਰਜੀਤ ਔਜਲਾ - Gurjit Aujla Reaction On Bittu