ਅੰਮ੍ਰਿਤਸਰ: ਸਾਲ ਦੇ 365 ਦਿਨ ਹੁੰਦੇ ਹਨ ਜਿਨਾਂ ਵਿੱਚੋਂ ਸਰਕਾਰੀ ਛੁੱਟੀ ਐਤਵਾਰ ਦੀ ਛੁੱਟੀ ਹੋਣ ਕਾਰਨ ਪੰਜਾਬ ਦੇ ਸਕੂਲ ਮਹਿਜ਼ 180 ਦਿਨ ਹੀ ਲੱਗਦੇ ਹਨ। ਜਿਸ ਨੂੰ ਲੈ ਕੇ ਹੁਣ ਪ੍ਰਾਈਵੇਟ ਸਕੂਲ ਮਾਲਕਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਪ੍ਰਾਈਵੇਟ ਸਕੂਲ ਦੇ ਮਾਲਕਾਂ ਨੇ ਕਿਹਾ ਕਿ ਜਿਆਦਾਤਰ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦੀ ਪੜ੍ਹਾਈ 'ਤੇ ਇਸ ਦਾ ਅਸਰ ਪੈ ਰਿਹਾ ਹੈ ਇਸ ਲਈ ਮਾਪੇ ਵੀ ਪਰੇਸ਼ਾਨ ਹਨ। ਇਸ ਦੌਰਾਨ ਉਹਨਾਂ ਗੱਲਬਾਤ ਕਰਦਿਆਂ ਪ੍ਰਾਈਵੇਟ ਸਕੂਲ ਪ੍ਰਿੰਸੀਪਲ ਸੰਸਥਾ ਦੇ ਚੈਅਰਮੈਨ ਹਰਪਾਲ ਸਿੰਘ ਯੂਕੇ ਨੇ ਕਿਹਾ ਕਿ ਅਹਿਮ ਦਿਨਾਂ ਤੇ ਤਿਓਹਾਰਾਂ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਸਰਕਾਰੀ ਛੁੱਟੀਆਂ ਦੀ ਬਜਾਏ ਸਕੂਲਾਂ ਵਿੱਚ ਉਹਨਾਂ ਤਿਉਹਾਰਾਂ ਦੀ ਮਹੱਤਤਾ ਦੇ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਦੇ ਲਈ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਸਕੂਲੀ ਵਿਦਿਆਰਥੀ ਉਸ ਖਾਸ ਦਿਨ ਦੇ ਉੱਤੇ ਛੁੱਟੀ ਦੇ ਚਲਦਿਆਂ ਘਰ ਵਿੱਚ ਰਹਿਣ ਦੀ ਬਜਾਏ ਸਕੂਲ ਵਿੱਚ ਜਾ ਕੇ ਉਸ ਦਿਨ ਵੀ ਖਾਸ ਮਹੱਤਤਾ ਤੋਂ ਜਾਣੂ ਹੋ ਸਕਣ।
180 ਦਿਨ ਹੀ ਲੱਗਦੇ ਹਨ ਸਕੂਲ: ਪ੍ਰਾਈਵੇਟ ਸਕੂਲਾਂ ਵੱਲੋਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਸਾਲ ਦੇ 365 ਦਿਨਾਂ ਦੇ ਵਿੱਚ ਮੁਸ਼ਕਿਲ ਦੇ ਨਾਲ 180 ਦਿਨ ਦੇ ਕਰੀਬ ਹੀ ਸਕੂਲ ਲੱਗਦੇ ਹਨ ਅਤੇ ਬਾਕੀ ਦਿਨ ਛੁੱਟੀਆਂ ਰਹਿੰਦੀਆਂ ਹਨ। ਜਿਸ ਕਰਕੇ ਬੱਚਿਆਂ ਦੇ ਮਾਤਾ ਪਿਤਾ ਵੀ ਇਹ ਕਹਿੰਦੇ ਹਨ ਕਿ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਅਤੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲਾਂ ਦਾ ਵੀ ਕਹਿਣਾ ਹੈ ਕਿ ਸਕੂਲ 'ਚ ਸਿਰਫ ਐਤਵਾਰ ਦੇ ਦਿਨ ਹੀ ਛੁੱਟੀ ਹੋਣੀ ਚਾਹੀਦੀ ਹੈ। ਅਗਰ ਕਿਸੇ ਤਿਉਹਾਰ 'ਤੇ ਸਰਕਾਰੀ ਛੁੱਟੀ ਹੁੰਦੀ ਹੈ ਤਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਉਸ ਤਿਉਹਾਰ ਦਾ ਇਤਿਹਾਸ ਪੜਾਉਣਾ ਚਾਹੀਦਾ ਹੈ ਅਤੇ ਹੋਰ ਐਕਟੀਵਿਟੀਜ਼ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਇਸ ਬਾਰੇ ਸਮਝ ਆ ਸਕੇ।
ਛੁੱਟੀ ਦੀ ਬਜਾਏ ਗਿਆਨ ਚ ਕੀਤਾ ਜਾਵੇ ਵਾਧਾ: ਉਨਾਂ ਦਾ ਕਹਿਣਾ ਹੈ ਕਿ ਸਰਕਾਰੀ ਛੁੱਟੀ ਹੋਣ ਦੇ ਨਾਲ ਜਦੋਂ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਛੁੱਟੀ ਕੀਤੀ ਜਾਂਦੀ ਹੈ ਤਾਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀ ਸੰਤ ਨਾਭਾ ਦਾਸ ਜੀ ਦੇ ਜਨਮ ਦਿਹਾੜੇ 'ਤੇ ਸਰਕਾਰੀ ਛੁੱਟੀ ਕਰ ਦਿੱਤੀ ਗਈ ਅਤੇ ਸੰਤ ਨਾਭਾ ਦਾਸ ਜੀ ਬਾਰੇ ਅੱਜ ਤੱਕ ਕਿਸੇ ਨੂੰ ਜਿਆਦਾ ਜਾਣਕਾਰੀ ਵੀ ਨਹੀਂ ਸੀ। ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕਿਹਾ ਕਿ ਉਨਾਂ ਨੂੰ ਵੀ ਸੰਤ ਨਾਭਾ ਦਾਸ ਜੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਲੇਕਿਨ ਫਿਰ ਵੀ ਪੰਜਾਬ ਸਰਕਾਰ ਵੱਲੋਂ ਉਸ ਦਿਨ ਨੂੰ ਛੁੱਟੀ ਐਲਾਨ ਦਿੱਤੀ ਅਤੇ ਲਗਾਤਾਰ ਹੀ ਈਦ, ਵਿਸਾਖੀ, ਨਰਾਤੇ ਤੇ ਹੋਰ ਕਈ ਤਿਉਹਾਰਾਂ ਦੀਆਂ ਛੁੱਟੀਆਂ ਲਗਾਤਾਰ ਆ ਰਹੀਆਂ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਛੁਟੀਆਂ ਦਾ ਅਲਾਨ ਛੱਡ ਕੇ ਗਿਆਨ 'ਚ ਵਾਧਾ ਕੀਤਾ ਜਾਵੇ ਤਾਂ ਜੋ ਬੱਚਿਆਂ ਦਾ ਭਵਿੱਖ ਸਵਾਰਿਆ ਜਾ ਸਕੇ।