ਅੰਮ੍ਰਿਤਸਰ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਿਨ ਮੰਗੀ ਮੁਆਫ਼ੀ ਦਾ ਵਿਰੋਧ ਕਰਨ ਕਰਕੇ ਬਰਖਾਸਤ ਪੰਜ ਸਿੰਘਾਂ ਨੇ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ, ਬੇਤੁਕਾ ਅਤੇ ਥੋਥਾ ਦੱਸਦੇ ਹੋਏ ਇਨ੍ਹਾਂ ਦਾ ਖੰਡਨ ਕੀਤਾ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਕਿਹਾ ਆਚਾਰ ਅਤੇ ਪੰਥਕ ਸਦਾਚਾਰ ਤੋਂ ਵਾਂਝੇ ਵਿਰਸਾ ਸਿੰਘ ਵਲਟੋਹਾ ਬੇਲਗਾਮ ਹੋਕੇ ਅਕਾਲੀ ਦਲ ਦਾ ਹੋਰ ਨੁਕਸਾਨ ਕਰਨ ਲਈ ਤੁਲਿਆ ਹੋਇਆ ਹੈ।
ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ: ਉਨ੍ਹਾਂ ਕਿਹਾ ਕਿ 2017 ਦੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਭਾਈ ਮੇਜਰ ਸਿੰਘ ਦੇ ਘਰ ਮਿਲਣ ਆਇਆ ਸੀ 'ਤੇ ਅਸੀ ਉਸਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਲਈ ਕਿਹਾ ਸੀ । ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਕੇਜਰੀਵਾਲ ਦਾ ਕਦੀ ਵੀ ਸਮਰਥਨ ਨਹੀਂ ਕੀਤਾ ਅਤੇ ਨਾਂ ਹੀ ਕਦੀ ਕਰਾਂਗੇ ਕਿਉਂਕਿ ਉਹ ਪੰਥਕ ਹਿੱਤਾਂ ਦੀ ਰਾਖੀ ਨਹੀ ਕਰ ਸਕਦਾ। ਹਾਂ ਅਸੀ ਇਸ ਵਿਚਾਰ ਧਾਰਾ ਦੇ ਹਮੇਸ਼ਾ ਮੁੱਦਈ ਰਹੇ ਹਾਂ ਕਿ ਗੁਰਸਿੱਖਾਂ ਨੂੰ ਜਿਤਾਇਆ ਜਾਵੇ ਤਾਂ ਜੋ ਪੰਜਾਬ ਤੇ ਪੰਥ ਦਾ ਭਲਾ ਹੋ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਵਿਚ ਸਿਆਸੀ ਪੈਰ ਧਰਾਈ ਪਿੱਛੇ ਵਿਰਸਾ ਸਿੰਘ ਦੇ ਆਕਾਵਾਂ ਵੱਲੋਂ ਕੀਤੇ ਪੰਥਕ ਗੁਨਾਹ ਅਤੇ ਆਰ.ਐਸ.ਐਸ ਨਾਲ ਰਲਕੇ ਗੁਰਮਤਿ ਸਿਧਾਂਤਾਂ ਦੀ ਧੱਜੀਆਂ ਉਡਾਉਣਾ ਅਤੇ ਸਿੱਖ ਸੰਸਥਾਵਾਂ ਦਾ ਨਿੱਜੀ ਹਿਤਾਂ ਲਈ ਵਰਤਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਲਈ ਹਰ ਪੰਥਕ ਮੰਚ ਵਿੱਚ ਸ਼ਾਮਲ ਹੋਏ ਹਨ ਚਾਹੇ ਉਹ ਬਰਗਾੜੀ ਮੋਰਚਾ, ਕੌਮੀ ਇਨਸਾਫ਼ ਮੋਰਚਾ, ਧਰਨੇ, ਮਾਰਚ ਜਾਂ ਗਵਾਲੀਅਰ ਵਿੱਖੇ ਬੰਦੀ ਛੋੜ ਦਾਤੇ ਦੇ ਚਰਣਾ ਵਿਚ ਅਰਦਾਸ ਸਮਾਗਮ ਹੋਵੇ ।
ਗੁਰੂ ਦੀ ਗੋਲਕ ਵਿੱਚੋਂ 90 ਲੱਖ ਦਾ ਨਾਜਾਇਜ਼ ਖ਼ਰਚਾ: ਪੰਜਾਂ ਸਿੰਘਾ ਨੇ ਵਿਰਸਾ ਸਿੰਘ ਵਲਟੋਹਾ ਨੂੰ ਸਵਾਲ ਕੀਤਾ ਕਿ ਭਾਈ ਗੁਰਮੁਖ ਸਿੰਘ ਦੇ ਖੁਲਾਸੇ ਤੋਂ ਬਾਅਦ ਕਿ ਬਾਦਲਾਂ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਸਦਕੇ ਰਾਮ ਰਹੀਮ ਨੂੰ ਮੁਆਫ਼ ਕਰਨ ਲਈ ਕਿਹਾ ਸੀ ਉਦੋਂ ਉਹ ਕਿਉਂ ਨਹੀਂ ਬੋਲੇ? ਕੀ ਉਹ ਦੱਸ ਸਕਦੇ ਹਨ ਕਿ ਬਾਦਲਾਂ ਦੇ ਜਥੇਦਾਰਾਂ ਨੇ ਰਾਮ ਰਹੀਮ ਨੂੰ ਮੁਆਫ਼ੀ ਕਿਸ ਬੁਨਿਆਦ ਉੱਤੇ ਦਿੱਤੀ ਸੀ ਅਤੇ ਉਸ ਨੂੰ ਜਾਇਜ਼ ਸਾਬਿਤ ਕਰਨ ਲਈ ਗੁਰੂ ਦੀ ਗੋਲਕ ਵਿੱਚੋਂ 90 ਲੱਖ ਦਾ ਨਾਜਾਇਜ਼ ਖ਼ਰਚਾ ਇਸ਼ਤਿਹਾਰਾਂ 'ਤੇ ਕਿਉ ਖਰਚ ਕੀਤਾ ਸੀ ? ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਪੰਜ ਸਿੰਘਾ ਨੂੰ ਪੰਥਕ ਮਰਿਯਾਦਾ ਦੀ ਪਹਿਰੇਦਾਰੀ ਕਰਦੇ ਹੋਏ ਜਦ ਬਾਦਲ ਪਰਿਵਾਰ ਦੇ ਹੁਕਮ ਨਾਲ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਉਸ ਵੇਲੇ ਵਿਰਸਾ ਸਿੰਘ ਅਕਾਲ ਤਖ਼ਤ ਸਾਹਿਬ ਨਾਲ ਖੜਾ ਸੀ ਜਾਂ ਬਾਦਲਾਂ ਦੇ ਪੈਰਾਂ ਵਿੱਚ ਬੈਠਾ ਸੀ ? ਉਨ੍ਹਾਂ ਇਲਜ਼ਾਮ ਲਗਾਇਆ ਕਿ ਵਿਰਸਾ ਸਿੰਘ ਪੰਥ ਵਿਰੋਧੀਆਂ ਦੇ ਇਸ਼ਾਰੇ ਉੱਤੇ ਧਾਰਮਿਕ ਸਖਸ਼ੀਅਤਾਂ ਦੀ ਕਿਰਦਾਰ ਕੁਸ਼ੀ ਕਰਕੇ ਸਿੱਖ ਭਾਈਚਾਰੇ ਦਾ ਨੁਕਸਾਨ ਕਰਨ ਦਾ ਵੱਡਾ ਗੁਨਾਹ ਕਰ ਰਿਹਾ ਹੈ। ਉਸ ਦਾ ਮੰਤਵ ਹੈ ਉਸਦੇ ਨਜਦੀਕੀ ਰਹੇ ਸਵਰਨ ਸਿੰਘ ਘੋਟਨੇ ਵੱਲੋਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਦੇ ਮਸਲੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ।