ਅੰਮ੍ਰਿਤਸਰ: ਅਜੌਕੇ ਦੌਰ ਦੇ ਵਿੱਚ ਠੱਗਾਂ ਵੱਲੋਂ ਨਿੱਤ ਦਿਨ ਠੱਗੀ ਦਾ ਨਵਾਂ-ਨਵਾਂ ਤਰੀਕਾ ਲੱਭਿਆ ਜਾਂਦਾ ਹੈ ਅਤੇ ਆਪਣੇ ਆਪ ਨੂੰ ਹਾਈਟੈਕ ਕਹਿਣ ਵਾਲੇ ਆਮ ਭੋਲੇ-ਭਾਲੇ ਲੋਕਾਂ ਨੂੰ ਬੜੇ ਹੀ ਸਾਦੇ ਢੰਗ ਨਾਲ ਠੱਗਣ ਤੋਂ ਬਾਅਦ ਅਜਿਹੇ ਠੱਗ ਕਿੱਥੇ ਗਾਇਬ ਹੋ ਜਾਂਦੇ ਹਨ, ਕਿਸੇ ਨੂੰ ਪਤਾ ਨਹੀਂ ਚਲਦਾ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਦੁਕਾਨਦਾਰ ਦੇ ਨਾਲ ਠੱਗੀ ਹੋਈ ਹੈ।
ਐਪ ਰਾਹੀ ਮਾਰੀ ਜਾਂਦੀ ਠੱਗੀ
ਕਾਬਿਲੇਗੌਰ ਹੈ ਕਿ ਅੱਜਕੱਲ੍ਹ ਹਾਈਟੈਕ ਦੁਨੀਆਂ ਦੇ ਵਿੱਚ ਲੋਕ ਪੈਸਿਆਂ ਦੇ ਲੈਣ-ਦੇਣ ਲਈ ਜਿੱਥੇ ਯੂਪੀਆਈ ਅਤੇ ਸਕੈਨ ਪੇਮੈਂਟ ਦਾ ਇਸਤੇਮਾਲ ਜਿਆਦਾਤਰ ਕਰ ਰਹੇ ਹਨ। ਉਥੇ ਹੀ ਕੁਝ ਪ੍ਰਚਲਿਤ ਐਪਾਂ ਰਾਹੀਂ ਪੈਸੇ ਲੈਣ-ਦੇਣ ਕਰਨ ਦੇ ਨਾਮ ਉੱਤੇ ਵੀ ਕੁਝ ਕਥਿਤ ਠੱਗਾਂ ਵੱਲੋਂ ਬੜੇ ਹੀ ਆਰਾਮ ਨਾਲ ਚੀਜ਼ ਲੈਣ ਵੇਲੇ ਪਹਿਲਾਂ ਪੇਮੈਂਟ ਕਰ ਦਿੱਤੀ ਜਾਂਦੀ ਹੈ ਅਤੇ ਬਾਅਦ ਵਿੱਚ ਕਥਿਤ ਤੌਰ 'ਤੇ ਐਪ ਨੂੰ ਕਾਲ ਕਰਕੇ ਉਹ ਪੇਮੈਂਟ ਗਲਤ ਦੱਸਦੇ ਹੋਏ ਵਾਪਸ ਮੰਗਵਾ ਲਈ ਜਾਂਦੀ ਹੈ।
ਜੰਡਿਆਲਾ ਗੁਰੂ ਦੇ ਦੁਕਾਨਦਾਰ ਨੂੰ ਲੱਗਿਆ ਚੂਨਾ
ਅਜਿਹਾ ਹੀ ਕੁਝ ਹੋਇਆ ਹੈ ਜੰਡਿਆਲਾ ਗੁਰੂ ਦੇ ਇੱਕ ਕੱਪੜਾ ਵਪਾਰੀ ਨਾਲ, ਜਿਸ ਵੱਲੋਂ ਉਸ ਦੀ ਦੁਕਾਨ ਉੱਤੇ ਆਏ ਤਿੰਨ ਕਥਿਤ ਠੱਗਾਂ ਕੋਲੋਂ ਇੱਕ ਐਪ ਰਾਹੀਂ ਪੈਸੇ ਲੈਣਾ ਮਹਿੰਗਾ ਪੈ ਗਿਆ ਹੈ ਅਤੇ ਕਈ ਦਿਨ ਬੀਤਣ 'ਤੇ ਵੀ ਪੈਸੇ ਖਾਤੇ ਵਿੱਚ ਨਾ ਆਉਣ 'ਤੇ ਹੁਣ ਠੱਗੀ ਬਾਰੇ ਪਤਾ ਲੱਗ ਗਿਆ ਹੈ। ਉਸ ਦੁਕਾਨਦਾਰ ਵੱਲੋਂ ਇਸ ਸਬੰਧੀ ਅੰਮ੍ਰਿਤਸਰ ਐਸਐਸਪੀ ਦੇ ਦਫਤਰ ਵਿੱਚ ਸ਼ਿਕਾਇਤ ਦੇ ਕੇ ਪੈਸਿਆਂ ਨੂੰ ਵਾਪਸ ਕਰਵਾਉਣ ਅਤੇ ਠੱਗਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਕੱਪੜੇ ਖਰੀਦ ਕੇ ਐਪ ਰਾਹੀ ਕੀਤੀ ਪੇਮੈਂਟ ਕਰਵਾਈ ਰਿਫੰਡ
ਦਰਅਸਲ ਜੰਡਿਆਲਾ ਗੁਰੂ ਦੀ ਰਘੂ ਨਾਥ ਮਾਰਕੀਟ ਵਿਚ ਸਥਿਤ ਰਤਨ ਗਾਰਮੈਂਟਸ ਸ਼ੋ ਰੂਮ ਹੈ। ਜਿਸ ਦੇ ਮਾਲਕ ਰਾਜੀਵ ਕੁਮਾਰ ਨਾਲ ਤਿੰਨ ਕਥਿਤ ਠੱਗਾਂ ਨੇ 22 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਅਤੇ ਉਕਤ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਸ ਮੌਕੇ ਸ਼ੋ ਰੂਮ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਰਾਤ ਸਮੇਂ ਤਿੰਨ ਠੱਗ ਪੈਦਲ ਆਏ ਤੇ ਦੁਕਾਨ ਵਿੱਚੋਂ ਵਧੀਆ ਬ੍ਰਾਂਡ ਦੇ ਕਰੀਬ 24 ਹਜ਼ਾਰ ਰੁਪਏ ਦੇ ਕਪੜੇ ਕਢਵਾ ਲਏ। ਉਨ੍ਹਾਂ ਕਿਹਾ ਕਿ ਅਸੀਂ 22 ਹਜਾਰ ਰੁਪਏ ਹੀ ਦੇਣੇ ਹਨ, ਜਿਨ੍ਹਾਂ ਵਲੋਂ Mobikwik ਐਪ ਰਾਹੀਂ 5500, 7000 ਅਤੇ 9500 ਰੁਪਏ ਦੀਆਂ ਤਿੰਨ ਪੇਮੈਂਟ ਕਿਸੇ ਹੋਰ ਦੋਸਤ ਕੋਲੋਂ ਉਨ੍ਹਾਂ ਨੂੰ ਕਰਵਾਈਆਂ ਅਤੇ ਚਲੇ ਗਏ। ਇਸ ਦੌਰਾਨ ਦੁਕਾਨ 'ਤੇ ਸਕੈਨ ਕੋਡ ਵਿੱਚੋਂ ਬਕਾਇਦਾ ਪੈਸੇ ਮਿਲ ਜਾਣ ਸਬੰਧੀ ਅਨੌਂਸਮੇਂਟ ਕੀਤੇ ਜਾਣ ਦੇ ਬਾਵਜੂਦ ਬੀਤੀ 05 ਨਵੰਬਰ ਤੋਂ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਵਾਪਿਸ ਨਹੀਂ ਆਏ ਹਨ।
ਦੁਕਾਨਦਾਰ ਨੇ ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ
ਉਨ੍ਹਾਂ ਦੱਸਿਆ ਕਿ ਫੋਨ ਵਿਚ ਸਿਰਫ ਪੇਮੈਂਟ ਦੇ ਮੈਸੇਜ ਹੀ ਸ਼ੋਅ ਹੋ ਰਹੇ ਸਨ। ਸਵੇਰੇ ਬੈਂਕ ਤੋਂ ਪਤਾ ਕੀਤਾ ਤਾਂ ਉਨ੍ਹਾਂ ਕਿਹਾ ਤੁਹਾਡੀ ਕੋਈ ਪੇਮੈਂਟ ਨਹੀਂ ਆਈ, ਫਿਰ ਜਦੋਂ ਮੋਬੀਵਿਕ ਕਸਟਮਰ ਕੇਅਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਪੈਸੇ ਪੈਣ ਤੋਂ ਤੁਰੰਤ ਬਾਅਦ ਹੀ ਸਾਰੇ ਪੈਸੇ ਉਨ੍ਹਾਂ ਵਲੋਂ ਰਿਫੰਡ ਹੋ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲਗਾ ਕਿ ਉਨ੍ਹਾਂ ਨਾਲ ਧੋਖਾ ਕਰਕੇ ਠੱਗੀ ਮਾਰੀ ਗਈ ਹੈ। ਰਾਜੀਵ ਕੁਮਾਰ ਨੇ ਇਹਨਾਂ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਤੇ ਪੁਲਿਸ ਨੂੰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਇਕ ਹੋਰ ਸ਼ਹਿਰ ਵਾਸੀ ਨਾਲ 4800 ਰੁਪਏ ਦੀ ਠੱਗੀ ਮਾਰੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਠੱਗਾਂ ਨੂੰ ਫ਼ੜਿਆ ਜਾਵੇ ਤਾਂ ਕਿ ਕੋਈ ਹੋਰ ਇਨ੍ਹਾਂ ਦਾ ਸ਼ਿਕਾਰ ਨਾ ਹੋ ਸਕੇ ਅਤੇ ਹੁਣ ਪੁਲਿਸ ਠੱਗਾਂ ਦੀ ਭਾਲ ਕਰ ਰਹੀ ਹੈ।