ਬਰਨਾਲਾ: 78ਵਾਂ ਆਜ਼ਾਦੀ ਦਿਹਾੜਾ ਬਾਬਾ ਕਾਲਾ ਮਹਿਰ ਬਹੁ ਮੰਤਵੀ ਸਟੇਡੀਅਮ ਬਰਨਾਲਾ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਹੈ। ਜਿਸ ਵਿੱਚ ਡਾ. ਬਲਜੀਤ ਕੌਰ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਅਪਣੀ ਜਿੰਦ ਜਾਨ ਵਾਰ ਕੇ ਇਹ ਆਜ਼ਾਦੀ ਹਾਸਿਲ ਕੀਤੀ: ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਅਪਣੀ ਜਿੰਦ ਜਾਨ ਵਾਰ ਕੇ ਇਹ ਆਜ਼ਾਦੀ ਹਾਸਿਲ ਕੀਤੀ ਹੈ ਅਤੇ ਇਸ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਜੰਗੀ ਵਿਧਵਾਵਾਂ, ਸਾਬਕਾ ਫੌਜੀਆਂ ਅਤੇ ਅਗਨੀਵੀਰਾਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਚੰਗੇ ਪ੍ਰਸ਼ਾਸਨ ਅਤੇ ਚੰਗੀਆਂ ਸੇਵਾਵਾਂ : ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਾਸੀਆਂ ਨੂੰ ਚੰਗੇ ਪ੍ਰਸ਼ਾਸਨ ਅਤੇ ਚੰਗੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਤੀਬਾੜੀ, ਸਿਹਤ, ਖੇਡਾਂ, ਸਿੱਖਿਆ, ਪ੍ਰਸ਼ਾਸਨ, ਸਿੰਜਾਈ ਆਦਿ ਖੇਤਰਾਂ ਵਿਚ ਨਿਰੰਤਰ ਨਵੇਂ ਰਿਕਾਰਡ ਕਾਇਮ ਕਰਕੇ ਲੋਕਾਂ ਨੂੰ ਨਵੇਂ ਅਤੇ ਨਰੋਏ ਪੰਜਾਬ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ। ਡੀ.ਐੱਸ.ਪੀ. ਤਪਾ ਡਾ. ਮਾਨਵਜੀਤ ਜੀਤ ਸਿੰਘ ਅਗਵਾਈ ਹੇਠ ਪੰਜਾਬ ਪੁਲਿਸ ਦੀਆਂ ਟੁਕੜੀਆਂ ਅਤੇ ਐਨ.ਸੀ. ਸੀ. ਦੀਆਂ ਟੁਕਰੀਆਂ ਵੱਲੋਂ ਪਰੇਡ ਪੇਸ਼ ਕੀਤੀ ਗਈ।
ਸੱਭ ਤੋਂ ਵਧੀਆ ਝਾਕੀ ਦਾ ਐਵਾਰਡ: ਸਮਗਾਮ 'ਚ ਜ਼ਿਲ੍ਹਾ ਬਰਨਾਲਾ ਦੇ 12 ਵਿਭਾਗਾਂ ਨੇ ਆਪਣੀ ਪ੍ਰਾਪਤੀਆਂ ਨੂੰ ਦਰਸਾਉਂਦੀ ਝਾਕੀਆਂ ਪੇਸ਼ ਕੀਤੀਆਂ। ਇੱਕ ਨਵੀ ਪਹਿਲ ਕਰਦਿਆਂ ਸਟੈਂਡਰਡ ਕੰਬਾਈਨ ਵੱਲੋਂ ਕੰਬਾਈਨ ਦਾ ਇਸਤੇਮਾਲ ਕਰਦਿਆਂ ਤਿਰੰਗੇ ਝੰਡੇ ਨੂੰ ਫੁੱਲਾਂ ਨਾਲ ਸਲੂਟ ਕੀਤਾ। ਮੁੱਖ ਖੇਤੀਬਾੜੀ ਅਫ਼ਸਰ ਦੇ ਦਫਤਰ ਵੱਲੋਂ ਪੇਸ਼ ਕੀਤੀ ਗਈ ਝਾਕੀ ਨੂੰ ਅੱਜ ਸੱਭ ਤੋਂ ਵਧੀਆ ਝਾਕੀ ਦਾ ਐਵਾਰਡ ਦਿੱਤਾ ਗਿਆ। ਸਕੂਲੀ ਬੱਚਿਆਂ ਵੱਲੋਂ ਪੀ. ਟੀ. ਸ਼ੋਅ ਅਤੇ ਰੰਗਾ ਰੰਗ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ। ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲਿਆ। ਵਿਦਿਆਰਥੀਆਂ ਨੇ ਆਜ਼ਾਦੀ ਦਿਹਾੜੇ ਨਾਲ ਸਬੰਧਿਤ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ।
ਆਪਣੇ-ਆਪਣੇ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਲੋਕਾਂ ਨੂੰ ਕੀਤਾ ਸਨਮਾਨਿਤ: ਇਸ ਮੌਕੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਨੇ ਆਪਣੇ-ਆਪਣੇ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਰੈੱਡ ਕਰਾਸ ਸੁਸਾਇਟੀ ਬਰਨਾਲਾ ਵੱਲੋਂ ਲੋੜਵੰਦਾਂ ਨੂੰ ਦਿੱਤੀ ਜਾਣ ਵਾਲੀਆਂ ਸਿਲਾਈ ਮਸ਼ੀਨਾਂ, ਵ੍ਹੀਲ ਚੇਅਰ ਅਤੇ ਟਰਾਈ ਸਾਈਕਲ ਵੰਡੇ । ਪੰਜਾਬ ਸਰਕਾਰ ਵੱਲੋਂ ਅਨਾਥ ਬੱਚੇ ਅਤੇ ਉਹ ਬੱਚੇ ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ 4000 ਪ੍ਰਤੀ ਬੱਚੇ ਨੂੰ ਮਾਲੀ ਮਦਦ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੇ 62 ਬੱਚਿਆਂ ਨੂੰ ਜ਼ਿਲ੍ਹਾ ਬਰਨਾਲਾ ‘ਚ ਮਦਦ ਦਿੱਤੀ ਜਾ ਰਹੀ ਹੈ। ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇਨ੍ਹਾਂ ਬੱਚਿਆਂ ਨੂੰ ਚੈੱਕ ਤਕਸੀਮ ਕੀਤੇ।
ਸੂਬਾ ਪੱਧਰੀ ਸ਼ਹੀਦ ਭਗਤ ਸਿੰਘ ਵਾਤਾਵਰਨ ਐਵਾਰਡ ਦਿੱਤੇ : ਇਸ ਮੌਕੇ ਨੇਚਰ ਲਵਰਜ਼ ਸੁਸਾਇਟੀ ਬਰਨਾਲਾ ਨੂੰ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸ਼ਹੀਦ ਭਗਤ ਸਿੰਘ ਵਾਤਾਵਰਨ ਐਵਾਰਡ ਦਿੱਤੇ ਗਿਆ। ਇਸ ਐਵਾਰਡ ਤਹਿਤ ਸੁਸਾਇਟੀ ਨੂੰ 1 ਲੱਖ ਰੁਪਏ ਦਾ ਚੈੱਕ, ਸਰਟੀਫਿਕੇਟ ਅਤੇ ਸ਼ੀਲਡ ਦਿੱਤੀ ਗਈ। ਨੇਚਰ ਲਵਰਜ਼ ਸੁਸਾਇਟੀ ਵੱਲੋਂ ਲੱਕੜ ਦੇ ਆਲਣੇ, ਜੰਗਲ ਲਗਾਏ, ਪੌਦੇ ਲਗਾਏ ਅਤੇ ਪਲਾਸਟਿਕ ਦਾ ਕੂੜਾ ਇੱਕਠਾ ਕਰਨ ਦਾ ਕੰਮ ਕੀਤਾ।
ਵਿੱਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ: ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀਬੀਐੱਸ ਤੇਜੀ, ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ, ਡੀਆਈਜੀ ਮਨਦੀਪ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ, ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਲਾਭ ਸਿੰਘ ਉਗੋਕੇ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਗੁਰਦੀਪ ਸਿੰਘ ਬਾਠ, ਚੇਅਰਮੈਨ ਨਗਰ ਸੁਧਾਰ ਟ੍ਰਸਟ ਰਾਮ ਤੀਰਥ ਮੰਨਾ, ਏਅਰ ਫੋਰਸ ਬਰਨਾਲਾ ਤੋਂ ਗਰੁੱਪ ਕੈਪਟਨ ਮਨਦੀਪ ਸਿੰਘ ਅਤੇ ਸਾਰੇ ਵਿਭਾਗਾਂ ਦੇ ਮੁਖੀ, ਕਰਮਚਾਰੀ, ਵਿਦਿਆਰਥੀ ਅਤੇ ਹੋਰ ਲੋਕ ਹਾਜ਼ਰ ਸਨ। ਮੁੱਖ ਮਹਿਮਾਨ ਡਾ. ਬਲਜੀਤ ਕੌਰ ਨੇ 16 ਅਗਸਤ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਬਰਨਾਲਾ ਦੇ ਸਾਰੇ ਵਿੱਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ ਕੀਤਾ ਹੈ। ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।