ਲੁਧਿਆਣਾ: ਪੂਰੇ ਵਿਸ਼ਵ ਭਰ ਦੇ ਵਿੱਚ ਅੱਜ ਮਹਾਂਸ਼ਿਵਰਾਤਰੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਪੁਰਬ ਮੌਕੇ ਲੁਧਿਆਣਾ ਦੇ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਿਰ ਦੇ ਵਿੱਚ ਵਧੀ ਗਿਣਤੀ ਵਿੱਚ ਲੋਕ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਿਰ ਲੁਧਿਆਣਾ ਦੇ ਸਭ ਤੋਂ ਪੁਰਾਣੇ ਮੰਦਿਰਾਂ ਵਿੱਚੋਂ ਇੱਕ ਹੈ, ਇਸ ਦਾ ਇਤਿਹਾਸ 500 ਸਾਲ ਤੋਂ ਵੀ ਜਿਆਦਾ ਹੈ। ਅੱਜ ਸਵੇਰ ਤੋਂ ਹੀ ਲੋਕ ਕਤਾਰਾਂ ਦੇ ਵਿੱਚ ਲੱਗ ਕੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ ਅਤੇ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ ਜਾ ਰਿਹਾ ਹੈ। ਅੱਜ ਦੇ ਦਿਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਨਤਮਸਤਕ ਹੋਣ ਲਈ ਦੂਰੋਂ ਦੂਰੋਂ ਆਉਂਦੇ ਹਨ।
ਮੰਦਿਰ ਦੇ ਬਾਹਰ ਲੱਗੀਆਂ ਕਤਾਰਾਂ: ਇਸ ਮੰਦਿਰ ਨੂੰ ਸੰਗਲਾ ਸ਼ਿਵਾਲਾ ਮੰਦਿਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਮੰਦਿਰ ਦੇ ਪੁਰਾਣੇ ਮਹੰਤ ਸੰਗਲਾਂ ਧਾਰਨ ਕਰਦੇ ਹੁੰਦੇ ਸਨ ਅਤੇ ਇਸ ਮੰਦਿਰ ਦੀ ਰੱਖਿਆ ਲਈ ਵੀ ਸੰਗਲਾਂ ਦੇ ਨਾਲ ਬੈਰੀਕੇਟਿੰਗ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਇਹ ਸੰਗਲਾ ਸ਼ਿਵਾਲਾ ਨਾਂ ਦੇ ਨਾਲ ਮਸ਼ਹੂਰ ਹੋ ਗਿਆ ਅਤੇ ਮੰਨਿਆ ਜਾਂਦਾ ਹੈ ਕਿ ਇੱਥੇ ਸੰਗਲ ਖੜਕਾ ਕੇ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਇਸ ਸੰਗਲਾ ਸ਼ਿਵਾਲਾ ਮੰਦਿਰ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਮੰਦਿਰ ਦੇ ਵਿੱਚ ਸ਼ਿਵਲਿੰਗ ਆਪਣੇ ਆਪ ਹੀ ਪ੍ਰਗਟ ਹਨ। ਉਹਨਾਂ ਨੂੰ ਲਿਆ ਕੇ ਸਥਾਪਿਤ ਨਹੀਂ ਕੀਤਾ ਗਿਆ ਹੈ, ਇਸ ਕਰਕੇ ਇਸ ਮੰਦਿਰ ਦੀ ਵਿਸ਼ੇਸ਼ ਮਹੱਤਤਾ ਹੈ। ਅੱਜ ਦੇ ਦਿਨ ਲਈ ਲੋਕ ਆਪਣੀ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹਨ। ਉੱਥੇ ਹੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ, ਲੋਕ ਕਤਾਰਾਂ ਦੇ ਵਿੱਚ ਲੱਗ ਕੇ ਦਰਸ਼ਨ ਕਰ ਰਹੇ ਹਨ।
ਸੁਰੱਖਿਆ ਨੂੰ ਲੈਕੇ ਵੀ ਪੁਖਤਾ ਪ੍ਰਬੰਧ: ਸੁਰੱਖਿਆ ਨੂੰ ਲੈ ਕੇ ਵੀ ਇਸ ਮੰਦਿਰ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੁਲਿਸ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਅਤੇ ਇਸ ਮੰਦਿਰ ਦੇ ਵਿੱਚ ਨਾ ਸਿਰਫ ਲੁਧਿਆਣਾ ਤੋਂ ਸਗੋਂ ਪੂਰੇ ਪੰਜਾਬ ਭਰ ਤੋਂ ਲੋਕ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ 'ਤੇ ਸ਼ਿਵਰਾਤਰੀ ਵਾਲੇ ਦਿਨ ਆਉਂਦੇ ਹਨ। ਉੱਥੇ ਹੀ ਭੰਡਾਰੇ ਵੀ ਵੱਡੀ ਗਿਣਤੀ ਦੇ ਵਿੱਚ ਮੰਦਿਰ ਦੇ ਬਾਹਰ ਲੱਗੇ ਹੋਏ ਹਨ। ਸ਼ਰਧਾਲੂਆਂ ਨੇ ਦੱਸਿਆ ਕਿ ਇਸ ਮੰਦਿਰ ਦੀ ਵਿਸ਼ੇਸ਼ ਮਹੱਤਤਾ ਹੈ, ਇਸ ਕਰਕੇ ਉਹ ਹਰ ਸਾਲ ਇੱਥੇ ਦਰਸ਼ਨ ਕਰਨ ਲਈ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਮਾਤਾ ਪਾਰਵਤੀ ਅਤੇ ਸ਼ਿਵ ਜੀ ਦੇ ਵਿਆਹ ਦੇ ਪਰਬ ਵਜੋਂ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਦੁੱਧ ਦੇ ਨਾਲ ਅਤੇ ਹੋਰ ਅਵਸਥਾ ਦੇ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ ਜਾਂਦਾ ਹੈ।