ਅੰਮ੍ਰਿਤਸਰ: ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅੱਜ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਪਹੁੰਚੇ ਤੇ ਮੱਥਾ ਟੇਕਦੇ ਹੋਏ ਗੁਰੂ ਨੂੰ ਸ਼ੁਕਰਾਨਾ ਕੀਤਾ। ਇਸ ਮੌਕੇ ਵਿਨੇਸ਼ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਤੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਵਿਨੇਸ਼ ਫੋਗਾਟ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਰਹੇ।
ਇੱਥੇ ਆਉਣਾ ਮੇਰਾ ਸੁਪਨਾ ...: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਨੇਸ਼ ਫੋਗਾਟ ਨੇ ਕਿਹਾ ਕਿ ਉਨ੍ਹਾਂ ਦੇ ਮਨ ਦਾ ਸੁਪਨਾ ਸੀ ਕਿ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਜਾ ਕੇ ਮੱਥਾ ਟੇਕਣ ਤੇ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇੱਥੇ ਆ ਕੇ ਚੰਗਾ ਲੱਗਾ ਹੈ, ਅਜਿਹਾ ਚਾਹੁੰਦੀ ਸੀ ਕਿ ਕਦੋ ਵਾਹਿਗੁਰੂ ਮੈਨੂੰ ਇੱਤੇ ਬੁਲਾਵੇ। ਵਿਨੇਸ਼ ਨੇ ਕਿਹਾ ਕਿ ਉਨ੍ਹਾਂ ਦੀ ਇਹੀ ਅਰਦਾਸ ਇਹ ਕਿ ਦੇਸ਼ ਤਰੱਕੀ ਦੇ ਰਾਹ ਵੱਲ ਵਧੇ। ਵਾਹਿਗੁਰੂ ਉਸ ਨੂੰ ਵੀ ਸ਼ਕਤੀ ਦੇਣ ਤਾਂ ਜੋ ਉਹ ਮਜਬੂਤ ਹੋ ਕੇ ਰਹਿ ਸਕੇ।
ਵਿਨੇਸ਼ ਹਰ ਸਨਮਾਨ ਦੀ ਹੱਕਦਾਰ : ਦੂਜੇ ਪਾਸੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਨੇਸ਼ ਫੋਗਾਟ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ, ਇਸ ਲਈ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਇਸ ਵਾਰ ਵੀ ਓਲੰਪਿਕ ਚੋਂ ਹਾਰ ਕੇ ਨਹੀਂ, ਬਲਕਿ ਜਿੱਤ ਕੇ ਆਈ ਹੈ। ਇਸ ਕਰਕੇ ਉਹ ਹਰ ਸਨਮਾਨ ਦੀ ਹੱਕਦਾਰ ਹੈ।