ਬਠਿੰਡਾ: ਅਕਸਰ ਤੁਸੀਂ ਪੈਟਰੋਲ ਪੰਪ ਮਾਲਕਾਂ ਨੂੰ ਤੇਲ ਵਿੱਚ ਹੇਰਾਫੇਰੀ ਕਰਨ ਦੀਆਂ ਖਬਰਾਂ ਸੁਣੀਆਂ ਹੋਣਗੀਆਂ, ਪਰ ਹੁਣ ਪੈਟਰੋਲ ਪੰਪ 'ਤੇ ਤੇਲ ਸਪਲਾਈ ਕਰਨ ਵਾਲੇ ਟਰਾਂਸਪੋਰਟਰਾਂ ਵੱਲੋਂ ਵੀ ਵੱਡੀ ਪੱਧਰ 'ਤੇ ਪੈਟਰੋਲ ਪੰਪ ਮਾਲਕਾਂ ਨੂੰ ਚੂਨਾ ਲਾਇਆ ਜਾ ਰਿਹਾ ਹੈ। ਇਹ ਤਾਜ਼ੀ ਘਟਨਾ ਬਠਿੰਡਾ ਦੇ ਕਸਬਾ ਨਹੀਆਂ ਵਾਲਾ ਦੀ ਹੈ, ਜਿੱਥੇ ਹਰਮਨ ਫਿਊਲ ਪੈਟਰੋਲ ਪੰਪ ਮਾਲਕ ਭੁਪਿੰਦਰ ਸਿੰਘ ਵੱਲੋਂ ਡੀਪੂ ਤੋਂ ਤੇਲ ਲੈ ਕੇ ਆਈ ਗੱਡੀ ਦੀ ਜਦੋਂ ਜਾਂਚ ਕੀਤੀ, ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਤੇਲ ਟੈਂਕਰ ਵਿੱਚ ਨੈਣੋ ਤੇਲ ਟੈਂਕੀਆਂ ਬਣੀਆਂ ਹੋਈਆਂ ਸਨ। ਜਿਨਾਂ ਰਾਹੀ ਟਰਾਂਸਪੋਰਟਾਂ ਵੱਲੋਂ ਤੇਲ ਪੰਪ ਮਾਲਕਾਂ ਤੋਂ ਚੋਰੀ ਛੁੱਪੇ ਤੇਲ ਚੋਰੀ ਕੀਤਾ ਜਾਂਦਾ ਸੀ।
ਤੇਲ ਸਪਲਾਈ ਕਰਨ ਵਾਲੇ ਟੈਂਕਰਾਂ ਦੀ ਜਾਂਚ
ਪੈਟਰੋਲ ਪੰਪ ਮਾਲਕਾਂ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਤੇਲ ਸਪਲਾਈ ਕਰਨ ਵਾਲੇ ਟਰਾਂਸਪੋਰਟ ਦੇ ਮਾਲਕ ਅਤੇ ਟੈਂਕਰ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ, ਪਰ ਕਿਤੇ ਨਾ ਕਿਤੇ ਇਹ ਸਵਾਲ ਖੜੇ ਹੁੰਦੇ ਹੈ ਕਿ ਆਖਰ ਕਿਵੇਂ ਕੋਈ ਤੇਲ ਟੈਂਕਰ ਤੇਲ ਚਾਲਕ ਜਾਂ ਟਰਾਂਸਪੋਰਟਰ ਤੇਲ ਡੀਪੂ ਦੀ ਮਿਲੀ ਭੁਗਤ ਤੋਂ ਬਿਨਾਂ ਇਸ ਤਰ੍ਹਾਂ ਦੀ ਹੇਰਾ ਫੇਰੀ ਕਰ ਸਕਦਾ, ਕਿਉਂਕਿ ਪੈਟਰੋਲ ਪੰਪ ਨੂੰ ਤੇਲ ਸਪਲਾਈ ਕਰਨ ਵਾਲੇ ਟੈਂਕਰਾਂ ਦੀ ਜਾਂਚ ਪਹਿਲਾਂ ਤੇਲ ਡਿਪੂ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ ਅਤੇ ਉਸ ਦੀ ਨਾਪ ਤੋਲ ਲਈ ਵੀ ਵਿਭਾਗ ਤੋਂ ਵੀ ਮਨਜ਼ੂਰੀ ਲਈ ਜਾਂਦੀ ਹੈ।
ਮੋਟੀ ਹੇਰਾਫੇਰੀ
ਉੱਥੇ ਹੀ ਦੂਸਰੇ ਪਾਸੇ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਡੁੰਘਾਈ ਨਾਲ ਹੋਣੀ ਚਾਹੀਦੀ, ਕਿਉਂਕਿ ਫੜੀ ਗਈ ਗੱਡੀ ਵੱਲੋਂ ਵੱਡੀ ਗਿਣਤੀ ਵਿੱਚ ਪੈਟਰੋਲ ਪੰਪਾਂ 'ਤੇ ਤੇਲ ਸਪਲਾਈ ਕੀਤਾ ਜਾਂਦਾ ਸੀ ਅਤੇ ਇਸ ਗੱਡੀ ਦੇ ਚਾਲਕ ਜਾਂ ਟ੍ਰਾਂਸਪੋਰਟਰ ਵੱਲੋਂ ਮੋਟੀ ਹੇਰਾਫੇਰੀ ਕੀਤੀ ਗਈ ਹੈ। ਨਾਲ ਹੀ ਤੇਲ ਡੀਪੂ ਦੇ ਅਧਿਕਾਰੀਆਂ ਤੋਂ ਵੀ ਪੁੱਛਕਿੱਛ ਹੋਣੀ ਚਾਹੀਦੀ ਹੈ ਕਿ ਆਖਰ ਇਸ ਗੱਡੀ ਦੀ ਜਾਂਚ ਕਿਉਂ ਨਹੀਂ ਕੀਤੀ ਗਈ।
ਡਰਾਈਵਰ ਅਤੇ ਮਾਲਕ ਦੀ ਗ੍ਰਿਫਤਾਰੀ
ਥਾਣਾ ਨੇਹੀਆ ਵਾਲਾ ਤੇ ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਮਾਲਕਾਂ ਦੀ ਸ਼ਿਕਾਇਤ ਤੇ ਉਨ੍ਹਾਂ ਵੱਲੋਂ ਗੱਡੀ ਦੇ ਡਰਾਈਵਰ ਅਤੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੰਪਨੀ ਵਾਲੇ ਗੱਡੀ ਦੀ ਜਾਂਚ ਲਈ ਪਹੁੰਚੇ ਹਨ। ਜਿਸ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਅਤੇ ਇਹ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਡਰਾਈਵਰ ਅਤੇ ਮਾਲਕ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾਣਗੇ।