ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਸਮਾਪਤ ਹੋ ਗਈ। ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਆਮ ਆਦਮੀ ਪਾਰਟੀ ਨੇ ਮੇਅਰ ਉਮੀਦਵਾਰ ਵਜੋਂ ਪ੍ਰੇਮਲਤਾ ਦਾ ਨਾਂ ਚੁਣਿਆ ਹੈ। ਅੱਜ ਬਾਅਦ ਦੁਪਹਿਰ ਸਾਰੇ ਕੌਂਸਲਰਾਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ।
ਭਾਜਪਾ, ਕਾਂਗਰਸ ਤੇ ਆਪ ਦੇ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਭਾਜਪਾ ਵੱਲੋਂ ਕੌਂਸਲਰ ਹਰਪ੍ਰੀਤ ਕੌਰ ਨੇ ਮੇਅਰ ਦੇ ਅਹੁਦੇ ਲਈ, ਲਖਵੀਰ ਸਿੰਘ ਨੇ ਡਿਪਟੀ ਮੇਅਰ ਲਈ ਅਤੇ ਵਿਮਲਾ ਦੂਬੇ ਨੇ ਸੀਨੀਅਰ ਡਿਪਟੀ ਮੇਅਰ ਲਈ ਨਾਮਜ਼ਦਗੀ ਦਾਖ਼ਲ ਕੀਤੀ। ਜਦੋਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਹੈ। ਆਮ ਆਦਮੀ ਪਾਰਟੀ ਨੇ ਪ੍ਰੇਮਲਤਾ ਨੂੰ ਮੇਅਰ ਲਈ ਆਪਣਾ ਉਮੀਦਵਾਰ ਬਣਾਇਆ ਹੈ। ਜਦਕਿ ਕਾਂਗਰਸ ਤੋਂ ਤਰੁਣਾ ਮਹਿਤਾ ਨੇ ਡਿਪਟੀ ਮੇਅਰ ਅਤੇ ਜਸਬੀਰ ਸਿੰਘ ਬੰਟੀ ਨੇ ਸੀਨੀਅਰ ਡਿਪਟੀ ਮੇਅਰ ਲਈ ਨਾਮਜ਼ਦਗੀ ਦਾਖਲ ਕੀਤੀ ਹੈ।
ਮੇਅਰ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਪ੍ਰੇਮਲਤਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਹਾਈ ਕਮਾਂਡ ਨੇ ਮੈਨੂੰ ਮੇਅਰ ਚੁਣਿਆ ਹੈ। ਜੇਕਰ ਪਾਰਟੀ ਵੱਲੋਂ ਕਿਸੇ ਹੋਰ ਨੂੰ ਚੁਣਿਆ ਜਾਂਦਾ ਤਾਂ ਵੀ ਮੈਨੂੰ ਉਨ੍ਹੀ ਹੀ ਖੁਸ਼ੀ ਹੋਣੀ ਸੀ ਜਿੰਨ੍ਹੀ ਅੱਜ ਹੋ ਰਹੀ ਹੈ। ਅੱਜ ਨਾਮਜ਼ਦਗੀ ਦੌਰਾਨ ਸਾਰੀਆਂ ਨੇ ਗਠਜੋੜ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜਿੱਤ ਸਾਡੀ ਹੀ ਹੋਵੇਗੀ। ਜਿੱਥੇ ਪਹਿਲਾ ਸਾਡੀਆਂ 21 ਵੋਟਾਂ ਸਨ, ਇਸ ਵਾਰ ਸਾਨੂੰ 24 ਵੋਟਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਕੌਂਸਲਰ ਮਿਲ ਕੇ ਚੋਣ ਲੜਨਗੇ।
30 ਜਨਵਰੀ ਨੂੰ ਹੋਵੇਗੀ ਮੇਅਰ ਦੀ ਚੋਣ
ਮੇਅਰ ਦੀਆਂ ਚੋਣਾਂ 30 ਜਨਵਰੀ ਨੂੰ ਹੋਣੀਆਂ ਹਨ। ਪਹਿਲਾਂ ਇਹ ਚੋਣ 24 ਜਨਵਰੀ ਨੂੰ ਹੋਣੀ ਸੀ, ਜਿਸ ਲਈ ਨਾਮਜ਼ਦਗੀਆਂ 20 ਜਨਵਰੀ ਤੱਕ ਭਰੀਆਂ ਜਾਣੀਆਂ ਸਨ। ਭਾਜਪਾ ਅਤੇ ਕਾਂਗਰਸ ਨੇ ਵੀ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ ਪਰ ਇਸ ਦੌਰਾਨ ਹਾਈ ਕੋਰਟ ਨੇ ਚੋਣਾਂ ਦੀ ਤਰੀਕ ਮੁਲਤਵੀ ਕਰ ਦਿੱਤੀ ਸੀ। ਇਸ ਕਾਰਨ ਹੁਣ ਸ਼ਨਿਚਰਵਾਰ ਨੂੰ ਮੁੜ ਨਾਮਜ਼ਦਗੀਆਂ ਦਾਖਲ ਹੋਈਆਂ ਹਨ।
ਹਾਈਕੋਰਟ ਨੇ ਦਿੱਤੇ ਹਨ ਹੁਕਮ
ਚੰਡੀਗੜ੍ਹ ਦੇ ਕੌਂਸਲਰ ਕੁਲਦੀਪ ਕੁਮਾਰ ਨੇ ਮੇਅਰ ਚੋਣਾਂ ਸਬੰਧੀ ਕੁਝ ਮੁੱਦਿਆਂ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਦੇ ਕਾਰਜਕਾਲ ਨੂੰ ਲੈ ਕੇ ਇੱਕ ਮੁੱਦਾ ਉਠਾਇਆ ਸੀ। ਜਿਸ 'ਤੇ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਮੇਅਰ ਦਾ ਕਾਰਜਕਾਲ 29 ਜਨਵਰੀ ਤੱਕ ਵਧਾ ਦਿੱਤਾ ਸੀ। ਇਸ ਫੈਸਲੇ ਤਹਿਤ 24 ਜਨਵਰੀ ਨੂੰ ਹੋਣ ਵਾਲੀ ਮੇਅਰ ਦੀ ਚੋਣ ਵੀ ਰੱਦ ਕਰ ਦਿੱਤੀ ਗਈ ਸੀ। ਹਾਈ ਕੋਰਟ ਨੇ ਡਿਪਟੀ ਕਮਿਸ਼ਨਰ ਨੂੰ ਮੇਅਰ ਚੋਣਾਂ ਸਬੰਧੀ ਮੁੜ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਸਨ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਵੱਲੋਂ 22 ਜਨਵਰੀ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਤਹਿਤ 25 ਜਨਵਰੀ ਨੂੰ ਮੇਅਰ ਉਮੀਦਵਾਰ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਰੱਖੀ ਗਈ ਸੀ।