ਬਠਿੰਡਾ: ਕਸਬਾ ਰਾਮਪੁਰਾ ਫੂਲ ਵਿੱਚ ਬੀਕੇਯੂ ਦੀ ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਅਰੰਡੀ ਦੇ ਪਿੰਡ ਰਾਮਪੁਰਾ ਦੇ ਸਰਾਭਾ ਨਗਰ ਵਿੱਚ ਅੱਜ ਸਵੇਰ ਤੋਂ ਹੀ NIA ਦੀ ਛਾਪੇਮਾਰੀ ਜਾਰੀ ਹੈ। ਕਿਸਾਨ ਯੂਨੀਅਨ ਦੇ ਕਿਸਾਨ ਆਗੂ ਨੇ ਇਸ ਦੀ ਜਾਣਕਾਰੀ ਪਿੰਡ ਵਿੱਚ ਅਨਾਉਂਸ ਕਰਦਿਆ ਕਿਹਾ ਕਿ ਜਦੋਂ ਤੱਕ ਛਾਪੇਮਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ ਉਦੋਂ ਤੱਕ ਕਿਸੇ ਨੂੰ ਇੱਥੋ ਜਾਣ ਨਹੀਂ ਦਿੱਤਾ ਜਾਵੇਗਾ। ਕਿਸਾਨ ਯੂਨੀਅਨ ਨੇ ਪੁਲਿਸ ਦੀ ਗੱਡੀ ਅੱਗੇ ਧਰਨਾ ਦਿੱਤਾ।
ਐਨਆਈਏ ਦੀ ਰੇਡ ਖ਼ਤਮ: ਰਾਮਪੁਰ 'ਚ NIA ਦੀ ਛਾਪੇਮਾਰੀ ਖ਼ਤਮ ਹੋ ਗਈ ਹੈ। ਸੁਖਵਿੰਦਰ ਕੌਰ ਦੇ ਪਤੀ ਹਰਪਿੰਦਰ ਸਿੰਘ ਜਲਾਲ ਨੇ ਦੱਸਿਆ ਕਿ ਐਨਆਈਏ ਅਧਿਕਾਰੀ ਉਨ੍ਹਾਂ ਦੇ ਘਰ ਦਾ ਸਰਚ ਵਾਰੰਟ ਲੈ ਕੇ ਲਖਨਊ ਅਦਾਲਤ ਵਿੱਚ ਆਏ ਸਨ। ਲਖਨਊ ਕੋਰਟ ਨੇ 2023 ਦੇ ਮਾਮਲੇ ਵਿੱਚ ਉਸਦੇ ਘਰ ਦੇ ਸਰਚ ਵਾਰੰਟ ਜਾਰੀ ਕੀਤੇ ਸਨ। ਜਾਂਦੇ ਸਮੇਂ ਐਨਆਈਏ ਅਧਿਕਾਰੀ ਉਸ ਦਾ ਮੋਬਾਈਲ ਫੋਨ, ਪੈੱਨ ਡਰਾਈਵ ਅਤੇ ਕੁਝ ਪੈਂਫਲੇਟ ਲੈ ਗਏ ਸਨ।
ਤੜਕਸਾਰ ਸੁਖਵਿੰਦਰ ਕੌਰ ਦੇ ਘਰ ਪਹੁੰਚੀ ਟੀਮ: ਐਨਆਈਏ ਦੀ ਟੀਮ ਸਵੇਰੇ 5 ਵਜੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਦੇ ਘਰ ਪਹੁੰਚੀ। ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਨਾ ਹੀ ਕਿਸੇ ਨੂੰ ਫੋਨ ਕਰਨ ਦੀ ਇਜਾਜ਼ਤ ਸੀ।
ਘਰ ਵਿੱਚ ਇੱਕ 85 ਸਾਲ ਦਾ ਬਜ਼ੁਰਗ ਵੀ ਹੈ। ਇੱਥੋਂ ਤੱਕ ਕਿ ਉਸ ਦੇ ਨੌਕਰ ਨੂੰ ਵੀ ਘਰ ਵਿੱਚ ਵੜਨ ਨਹੀਂ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਮੈਂ ਤੇ ਹੋਰ ਕਿਸਾਨ ਆਗੂ ਇੱਥੇ ਪਹੁੰਚ ਗਏ। ਐਨਆਈਏ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਕੋਈ ਜਾਂਚ ਕਰਨੀ ਹੈ, ਤਾਂ ਉਨ੍ਹਾਂ ਦੇ ਮੈਂਬਰ ਹਾਜ਼ਰ ਹੋਣ। ਇਸ ਲਈ ਅਸੀਂ ਆਪਣੇ ਵਕੀਲ ਸਣੇ ਤਿੰਨ ਲੋਕਾਂ ਨੂੰ ਅੰਦਰ ਭੇਜਿਆ ਹੈ। - ਪੁਰਸ਼ੋਤਮ ਮਹਾਰਾਜ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ
ਕਿਸਾਨਾਂ ਨੇ NIA ਟੀਮ ਖਿਲਾਫ ਲਾਇਆ ਧਰਨਾ: ਕਿਸਾਨ ਆਗੂ ਨੇ ਕਿਹਾ ਕਿ ਅਸੀ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਘਰ ਅੰਦਰ ਬਜ਼ੁਰਗ ਮਹਿਲਾ ਵੀ ਹੈ, ਇਸ ਲਈ ਪੁਲਿਸ ਜਾਂ ਕਿਸਾਨ ਆਗੂਆਂ ਦੀ ਹਾਜ਼ਰੀ ਵਿੱਚ ਐਨਆਈਏ ਟੀਮ ਕਾਰਗੁਜ਼ਾਰੀ ਕਰੇ। ਉਨ੍ਹਾਂ ਕਿਹਾ ਕਿ ਬ੍ਰਿਜ ਭੂਸ਼ਣ ਤੇ ਹੋਰ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ, ਪਰ ਇਨ੍ਹਾਂ ਨੂੰ ਕਿਸਾਨ ਆਗੂ ਜੋ ਆਪਣੇ ਹੱਕਾਂ ਦੀ ਗੱਲ ਕਰਦੇ ਹਨ, ਉਹੀ ਇਨ੍ਹਾਂ ਸਰਕਾਰਾਂ ਨੂੰ ਚੁੱਭ ਰਹੇ ਹਨ। ਉੱਥੇ ਮੌਜੂਦ ਕਿਸਾਨ ਆਗੂਆਂ ਨੇ ਐਨਆਈਏ ਟੀਮ ਦੀਆਂ ਗੱਡੀਆਂ ਅੱਗੇ ਧਰਨਾ ਲਾ ਦਿੱਤਾ ਅਤੇ ਕਿਹਾ ਕਿ ਜਿੰਨੀ ਦੇਰ ਤੱਕ ਰੇਡ ਦਾ ਕਾਰਨ ਨਹੀਂ ਦੱਸਿਆ ਜਾਵੇਗਾ, ਉਨੀ ਦੇਰ ਤੱਕ ਟੀਮ ਦਾ ਜ਼ਬਰਦਸਤ ਵਿਰੋਧ ਹੋਵੇਗਾ।
ਸ਼ੰਭੂ ਸਰਹੱਦ 'ਤੇ ਚੱਲ ਰਹੇ ਧਰਨੇ 'ਚ ਸ਼ਾਮਲ ਹੈ ਇਹ ਯੂਨੀਅਨ: ਬੀਕੇਯੂ ਕ੍ਰਾਂਤੀਕਾਰੀ ਯੂਨੀਅਨ ਵੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਪਿਛਲੇ 6 ਮਹੀਨਿਆਂ ਤੋਂ ਹਰਿਆਣਾ-ਪੰਜਾਬ ਦੇ ਸ਼ੰਭੂ ਸਰਹੱਦ ’ਤੇ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਹੈ।