ਸੰਗਰੂਰ: ਦੇਸ਼ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਸੁਰੱਖਿਆ ਸਬੰਧੀ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਜਿਸ ਤਹਿਤ ਇੱਕ ਤੈਅ ਉਮਰ ਦੀ ਸੀਮਾ ਤੋਂ ਘੱਟ ਬੱਚੇ ਨੂੰ ਕੋਈ ਵੀ ਵਹੀਕਲ ਚਲਾਉਣ ਦੀ ਆਗਿਆ ਨਹੀਂ ਹੋਵੇਗੀ। ਜੇਕਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਦੇ ਨਾਲ-ਨਾਲ ਮਾਪਿਉਂ ਉੱਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ।
ਜਾਗਰੂਕਤਾ ਲਈ 20 ਦਿਨ ਹੋਰ ਵਧਾਏ: ਤੁਹਾਨੂੰ ਦੱਸਣਾ ਚਾਹਾਂਗੇ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ 20 ਹੋਰ ਅੱਗੇ ਵਧਾ ਦਿੱਤੇ ਗਏ ਹਨ, ਤਾਂ ਕਿ ਰਹਿੰਦੇ ਹੋਰ ਸਕੂਲਾਂ ਵਿੱਚ ਤੇ ਹੋਰ ਥਾਂਵਾਂ ਉੱਤੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ। ਫਿਰ ਚਾਹੇ ਇਹ ਅਨਾਉਂਸ ਕਰਕੇ ਕੀਤਾ ਜਾਵੇ ਜਾਂ ਟਰੈਫਿਕ ਪੁਲਿਸ ਵਲੋਂ ਖੁਦ ਸਕੂਲਾਂ ਦਾ ਦੌਰਾ ਕਰਕੇ ਸਮਝਾਇਆ ਜਾਵੇ। ਇਸ ਸੰਬੰਧ ਦੇ ਵਿੱਚ ਜ਼ਿਲ੍ਹਾ ਸੰਗਰੂਰ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਸੈਮੀਨਾਰ ਲਗਾਏ ਜਾ ਰਹੇ ਹਨ।
ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ: ਪੰਜਾਬ ਪੁਲਿਸ ਟਰੈਫਿਕ ਦੇ ਡੀਜੀਪੀ ਵੱਲੋਂ ਜੋ 18 ਸਾਲ ਤੋ ਛੋਟੀ ਉਮਰ ਦੇ ਬੱਚੇ ਹਨ, ਉਨ੍ਹਾਂ ਨੂੰ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਲਾਉਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜੋ ਕਿ ਇੱਕ ਅਗਸਤ ਤੋਂ ਕਾਨੂੰਨ ਲਾਗੂ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਵਲੋਂ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜੋ ਬੱਚੇ ਸਕੂਟਰ-ਮੋਟਰਸਾਈਕਲ ਚਲਾਉਂਦੇ ਹਨ, ਉਹ ਉਨ੍ਹਾਂ ਲਈ ਕਿੰਨਾ ਖ਼ਤਰਨਾਕ ਹੈ, ਕਿਉਂਕਿ ਇਸ ਐਕਸੀਡੈਂਟ ਵਿੱਚ ਜਦੋਂ ਕਿਸੇ ਦੀ ਜਾਨ ਚਲੀ ਜਾਂਦੀ ਹੈ, ਤਾਂ ਪਰਿਵਾਰ ਉੱਜੜ ਜਾਂਦਾ ਹੈ। ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਅਸੀਂ ਅੱਜ ਆਪਣੇ ਦੋਸਤਾਂ ਕੋਲ ਬੈਠ ਕੇ ਉਨ੍ਹਾਂ ਨੂੰ ਵੀ ਇਹ ਸਲਾਹ ਦੇਣੀ ਹੈ ਕਿ ਅੱਜ ਤੋਂ ਬਾਅਦ ਆਪਾਂ ਨੇ ਸਕੂਟਰ ਮੋਟਰਸਾਈਕਲ 18 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਨਹੀਂ ਚਲਾਉਣਾ ਹੈ।
ਉਲੰਘਣਾ ਕਰਨ 'ਤੇ ਮਾਂਪਿਉ ਉੱਤੇ ਹੋਵੇਗੀ ਕਾਰਵਾਈ, ਸਿਫਾਰਿਸ਼ ਕੋਈ ਨਹੀਂ ਚੱਲੇਗੀ: ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਇਸ ਕਾਨੂੰਨ ਦੀ ਉਲੰਘਣਾ ਕਰੇਗਾ ਉਨਾਂ ਦੇ ਮਾਂ ਪਿਓ ਨੂੰ 25 ਹਜ਼ਾਰ ਰੁਪਏ ਜੁਰਮਾਨਾ ਅਤੇ ਤਿੰਨ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਈਟੀਵੀ ਭਾਰਤ ਦੇ ਪੱਤਰਕਾਰ ਨਾਲ ਗੱਲ ਕਰਦੇ ਹੋਏ ਸਕੂਲ ਦੇ ਬੱਚਿਆਂ ਨੇ ਕਿਹਾ ਕਿ ਸਾਨੂੰ ਟਰੈਫਿਕ ਇੰਚਾਰਜ ਪਵਨ ਸ਼ਰਮਾ ਜੀ ਨੇ ਬਹੁਤ ਹੀ ਚੰਗੀ ਤਰ੍ਹਾਂ ਸਮਝਾਇਆ ਹੈ ਅਤੇ ਸਾਨੂੰ ਸਮਝ ਵੀ ਆ ਗਈ ਹੈ ਕਿ ਅੱਜ ਤੋਂ ਬਾਅਦ ਅਸੀਂ ਮੋਟਰਸਾਈਕਲ ਜਾਂ ਐਕਟੀਵਾ-ਸਕੂਟਰੀ ਨਹੀਂ ਚਲਾਵਾਂਗੇ। ਦੂਜੇ ਪਾਸੇ, ਟਰੈਫਿਕ ਇੰਚਾਰਜ ਪਵਨ ਸ਼ਰਮਾ ਨੇ ਕਿਹਾ ਕਿ ਸਾਡਾ ਮੰਤਵ ਜਿਹੜਾ ਬੱਚਿਆਂ ਨੂੰ ਸਮਝਾਉਣਾ ਹੈ ਨਾ ਕਿ ਅਸੀਂ ਕੋਈ ਚਲਾਨ ਹੀ ਕੱਟਣੇ ਹਨ। ਹਾਂ, ਪਰ ਜੇ ਸਾਡੇ ਕੋਈ ਹੁਕਮਾਂ ਦੀ ਉਲੰਘਣਾ ਕਰੇਗਾ, ਤਾਂ ਉਸ ਨੂੰ ਬਖਸ਼ਿਆ ਵੀ ਨਹੀਂ ਜਾਵੇਗਾ, ਭਾਵੇਂ ਉਹ ਜਿੰਨੀ ਮਰਜ਼ੀ ਵੱਡੀ ਸਿਫਾਰਿਸ਼ ਲੈ ਕੇ ਆਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।