ਚੰਡੀਗੜ੍ਹ: ਇੱਕ ਪਾਸੇ ਸਰਕਾਰ ਸੂਬੇ ਦਾ ਵਿਕਾਸ ਕਰਨ ਦੇ ਦਾਅਵੇ ਕਰ ਰਹੀ ਹੈ ਤਾਂ ਦੂਜੇ ਪਾਸੇ ਸਿਆਸੀ ਵਿਰੋਧੀ ਸਰਕਾਰ ਖਿਲਾਫ਼ ਕਈ ਇਲਜ਼ਾਮ ਵੀ ਲਗਾ ਰਹੇ ਹਨ। ਇਸ ਦੇ ਚੱਲਦੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਸੀਨੀਅਰ ਕਾਂਗਰਸੀ ਲੀਡਰ ਮਹਿੰਦਰ ਸਿੰਘ ਕੇਪੀ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਨਾਲ ਲੈਕੇ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਮਾਨ ਸਰਾਕਰ 'ਤੇ ਕਈ ਇਲਜ਼ਾਮ ਵੀ ਲਗਾਏ।
ਦੋ ਸਾਲਾਂ 'ਚ ਕਰੋੜਾਂ ਦਾ ਕਰਜ਼ਾ: ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਉਹ ਮਾਨ ਸਰਕਾਰ ਦਾ ਪਰਦਾਫਾਸ਼ ਕਰਨਗੇ, ਜੋ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਸਿੱਧੂ ਨੇ ਕਿਹਾ ਕਿ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ਵਿੱਚ ਪਹਿਲੇ ਸਾਲ 47 ਹਜ਼ਾਰ ਕਰੋੜ ਰੁਪਏ ਅਤੇ ਦੂਜੇ ਸਾਲ 44 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਅੱਜ ਪੰਜਾਬ ਦਿਨ ਪਰ ਦਿਨ ਕਰਜ਼ੇ 'ਚ ਡੁੱਬਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਸੂਬੇ ਦੀ ਕੁੱਲ ਘਰੇਲੂ ਪੈਦਾਵਾਰ ਦੇ 33 ਫੀਸਦੀ ਤੋਂ ਵੱਧ ਕਰਜ਼ਾ ਨਹੀਂ ਲਿਆ ਜਾ ਸਕਦਾ ਪਰ ਅੱਜ ਇਹ ਲੋਕ ਕੁੱਲ ਜੀਡੀਪੀ ਦਾ 52 ਫੀਸਦੀ ਕਰਜ਼ਾ ਲੈ ਚੁੱਕੇ ਹਨ।
ਬਜਟ ਦਾ ਸੁਤੰਤਰ ਆਡਿਟ ਕਰਵਾਉਣ ਦੀ ਮੰਗ: ਨਵਜੋਤ ਸਿੱਧੂ ਨੇ ਕਿਹਾ ਕਿ 25 ਸਾਲਾਂ ਵਿੱਚ ਪੰਜਾਬ ਕੋਲ 2022 ਤੱਕ 2 ਲੱਖ 80 ਹਜ਼ਾਰ ਕਰੋੜ ਰੁਪਏ ਸਨ। ਉਨ੍ਹਾਂ ਕਿਹਾ ਕਿ 2 ਸਾਲਾਂ 'ਚ 91 ਹਜ਼ਾਰ ਕਰੋੜ ਕਰਜ਼ਾ ਇਹ ਸਰਕਾਰ ਲੈ ਚੁੱਕੀ ਹੈ ਅਤੇ ਢਾਈ ਲੱਖ ਕਰੋੜ ਕਰਜ਼ਾ ਇਹ ਪੰਜ ਸਾਲਾਂ 'ਚ ਚੜਾ ਦੇਣਗੇ। ਸਿੱਧੂ ਨੇ ਕਿਹਾ ਕਿ ਅਸੀਂ ਰਾਜਪਾਲ ਨਾਲ ਮੁਲਾਕਾਤ ਕਰਕੇ ਬਜਟ ਦਾ ਸੁਤੰਤਰ ਆਡਿਟ ਬਾਰੇ ਗੱਲ ਕੀਤੀ ਹੈ। ਇਸ ਸਰਕਾਰ ਨੇ ਇੱਕ ਭਰਮ ਬੁਣਿਆ ਸੀ ਅਤੇ ਲੋਕਾਂ ਨੂੰ ਸੁਪਨੇ ਦਿਖਾਏ ਸਨ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਵਲੋਂ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਲਿਆਉਣ ਦੀ ਗੱਲ ਕੀਤੀ ਸੀ। ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਤੁਸੀਂ ਔਰਤਾਂ ਦਾ ਅਪਮਾਨ ਕਰ ਰਹੇ ਹੋ।
ਲੋਕਾਂ ਨੂੰ ਕੀਤੇ ਗਏ ਝੂਠੇ ਵਾਅਦੇ: ਇਸ ਦੇ ਨਾਲ ਹੀ ਤੰਜ਼ ਕੱਸਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਧੋਖੇਬਾਜ਼ ਆਦਮੀ ਕੋਲ ਇੱਕ ਧੇਲਾ ਵੀ ਨਹੀਂ ਹੈ ਤੇ ਇਹ ਸਿਰਫ਼ ਮੇਲਾ-ਮੇਲਾ ਕਰਦੇ ਫਿਰ ਰਹੇ ਹਨ। ਉਨ੍ਹਾਂ ਕਿਹਾ ਕਿ ਇਥੇ ਜਨਮ ਲੈਂਦੇ ਬੱਚੇ ਸਿਰ ਹੀ ਸਵਾ ਲੱਖ ਦਾ ਕਰਜ਼ਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਕਿਸੇ ਸਮੇਂ ਆਰਥਿਕ ਪੱਖੋਂ ਮੋਹਰੀ ਸੂਬਾ ਹੁੰਦਾ ਸੀ ਪਰ ਅੱਜ ਦੇ ਸਮੇਂ ਇਹ ਬਰਬਾਦ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 23 ਫਸਲਾਂ 'ਤੇ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਪਰ ਅੱਜ ਤੱਕ ਉਸ ਮਸਲੇ 'ਤੇ ਵੀ ਕੁਝ ਨਹੀਂ ਹੋਇਆ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ਭੱਜ ਭਗਵੰਤ ਮਾਨ ਭੱਜ, ਸਿੰਘਾਸਨ ਖਾਲੀ ਕਰਦੇ ਜਨਤਾ ਆ ਰਹੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਤੁਸੀਂ ਐਕਸਾਈਜ਼ ਡਿਊਟੀ ਦੀ ਚੋਰੀ ਕਰਦੇ ਹੋ ਅਤੇ ਸ਼ਰਾਬ ਦੀ ਤਸਕਰੀ ਕਰਦੇ ਹੋ।
ਨਹੀਂ ਲੜਾਂਗਾ ਲੋਕ ਸਭਾ ਚੋਣ: ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਜੇਕਰ ਮੈਂ ਲੋਕ ਸਭਾ ਚੋਣ ਲੜਨੀ ਹੁੰਦੀ ਤਾਂ ਕੁਰੂਕਸ਼ੇਤਰ ਤੋਂ ਚੋਣ ਲੜ ਕੇ ਅੱਜ ਤੀਜੀ ਵਾਰ ਮੰਤਰੀ ਬਣਿਆ ਹੁੰਦਾ। ਮੈਂ ਉਸ ਸਮੇਂ ਪਾਰਟੀ ਛੱਡੀ ਜਦੋਂ 2014 ਵਿੱਚ ਮੋਦੀ ਲਹਿਰ ਵਿੱਚ ਗਧੇ ਵੀ ਜਿੱਤ ਗਏ ਸਨ। ਪੰਜਾਬ ਦੇ ਲਈ 6 ਸਾਲ ਦੀ ਰਾਜ ਸਭਾ ਦੀ ਮੈਂਬਰੀ ਛੱਡ ਦਿੱਤੀ ਸੀ। ਇਸ ਦੇ ਨਾਲ ਹੀ ਰਾਜ ਕੁਮਾਰ ਚੱਬੇਵਾਲ 'ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਵੀ ਕੋਈ ਮਜਬੂਰੀਆਂ ਰਹੀਆਂ ਹੋਣਗੀਆਂ, ਨਹੀਂ ਤਾਂ ਇਸ ਤਰ੍ਹਾਂ ਕੋਈ ਵੀ ਬੇਵਫ਼ਾ ਨਹੀਂ ਹੁੰਦਾ ਪਰ ਅਸਲ ਲੀਡਰ ਦੀ ਪਛਾਣ ਉਦੋਂ ਹੀ ਹੁੰਦੀ ਹੈ, ਜਦੋਂ ਉਹ ਬੁਰੇ ਸਮੇਂ 'ਚ ਵੀ ਪਾਰਟੀ ਦੇ ਨਾਲ ਖੜਿਆ ਰਹੇ।
- ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਪ ਵਿੱਚ ਸ਼ਾਮਲ: ਮੁੱਖ ਮੰਤਰੀ ਮਾਨ ਨੇ ਕੀਤਾ ਸਵਾਗਤ, ਕਿਹਾ- ਸਰਕਾਰ ਦੇ ਕੰਮਾਂ ਤੋਂ ਹੋਇਆ ਪ੍ਰਭਾਵਿਤ
- ਕਿਸਾਨ ਅੱਜ ਸ਼ੁਭਕਰਨ ਦੀਆਂ ਅਸਥੀਆਂ ਲੈਕੇ ਹਰਿਆਣਾ-ਪੰਜਾਬ ਸਮੇਤ ਕਈ ਸੂਬਿਆਂ 'ਚ ਕੱਢਣਗੇ ਯਾਤਰਾ, ਅੰਬਾਲਾ-ਹਿਸਾਰ 'ਚ ਹੋਵੇਗਾ ਸ਼ਹੀਦੀ ਸਮਾਗਮ
- ਥਾਣਾ ਗੇਟ ਹਕੀਮਾਂ ਦੇ ਗੇਟ ਅੱਗੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ