ਫ਼ਰੀਦਕੋਟ: ਗੁਰਪ੍ਰੀਤ ਦੇ ਕਤਲ ਮਾਮਲੇ 'ਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਨੇ,,ਹੁਣ ਮ੍ਰਿਤਕ ਦੇ ਪਰਿਵਾਰ ਵੱਲੋਂ ਅੰਮ੍ਰਿਤਪਾਲ ਅਤੇ ੳੇੁਸ ਦੇ ਸਮੱਰਥਕਾਂ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੁਲਿਸ ਜਾਂਚ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸ਼ਾਮਿਲ ਕਰਨ ਦੀ ਮੰਗ ਰੱਖੀ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਕਿਹਾ ਕਿ "ਵਾਰਿਸ ਪੰਜਾਬ ਦੀ ਸੰਸਥਾ ਦੇ ਮੁਖੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਅੰਮ੍ਰਿਤਪਾਲ ਸਿੰਘ ਨਾਲ ਵਿਚਾਰਕ ਮਤਭੇਦ ਹੋ ਗਏ ਸਨ, ਜਿਸ ਕਾਰਨ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਉਸ ਨੂੰ ਧਮਕੀਆਂ ਦੇ ਰਹੇ ਸਨ। ਗੁਰਪ੍ਰੀਤ ਸਿੰਘ ਦੇ ਕਤਲ ਹੋਣ ਤੋਂ ਬਾਅਦ ਜੋ ਹਾਲਾਤ ਸਾਹਮਣੇ ਆਏ ਉਸ ਤੋਂ ਲੱਗ ਰਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਹੱਥ ਹੋ ਸਕਦਾ ਹੈ"।
ਅੰਮ੍ਰਿਤਪਾਲ ਖਿਲਾਫ਼ ਕਾਰਵਾਈ ਦੀ ਮੰਗ
ਕਾਬਲੇਜ਼ਿਕਰ ਹੈ ਕਿ ਪਰਿਵਾਰ ਨੇ ਪੁਲਿਸ ਕੋਲੇ ਵੀ ਸ਼ੱਕ ਜਤਾਇਆ ਸੀ ਅਤੇ ਹੁਣ ਪੁਲਿਸ ਨੇ ਆਪਣੀ ਪੜਤਾਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਦਿੱਤੇ ਬਿਆਨ ਤੇ ਪ੍ਰਤੀਕਿਿਰਆ ਦਿੰਦੇ ਹੋਏ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਕਿ ਜੇਲ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਨੇ ਕਿਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਵਾਇਆ। ਉਨ੍ਹਾਂ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਜੇਲਾਂ ਵਿੱਚ ਬੰਦ ਅਪਰਾਧੀਆਂ ਵੱਲੋਂ ਸ਼ਰੇਆਮ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਗੈਂਗਸਟਰਾਂ ਨੇ ਕਤਲ ਦੀ ਲਈ ਜ਼ਿੰਮੇਵਾਰੀ
ਉਧਰ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।ੳੇਸ ਨੇ ਆਖਿਆ ਕਿ "ਉਸਦਾ ਕਤਲ ਅਸੀਂ ਕੀਤਾ ਕਿਉਂਕਿ ਜਦੋਂ ਅਸੀਂ 6 ਮਹੀਨੇ ਪਹਿਲਾਂ ਫੋਨ ਕੀਤਾ ਸੀ ਤਾਂ ਮੇਰੇ ਨਾਲ ਬਦਸਲੂਕੀ ਕੀਤੀ ਗਈ ਸੀ। ਗੁਰਪ੍ਰੀਤ ਨੇ ਔਰਤਾਂ ਦੀਆਂ ਗਲਤ ਫੋਟੋਆਂ ਐਡਿਟ ਕੀਤੀਆਂ ਸਨ। ਇਸੇ ਲਈ ਬੁਲਾਇਆ ਗਿਆ। ਮੈਨੂੰ ਇਸ ਬਾਰੇ ਸ਼ਿਕਾਇਤ ਮਿਲੀ ਸੀ। ਜਿਸ ਕਾਰਨ ਅਸੀਂ ਕੰਮ ਕਰਵਾ ਲਿਆ। ਡੱਲਾ ਨੇ ਕਿਹਾ ਕਿ ਗੁਰਪ੍ਰੀਤ ਕੋਈ ਫਿਰਕੂ ਵਿਅਕਤੀ ਨਹੀਂ ਸੀ, ਜੇਕਰ ਅਜਿਹਾ ਹੁੰਦਾ ਤਾਂ ਬੇਅਦਬੀ ਕਰਨ ਵਾਲਿਆਂ ਨੂੰ ਜਾ ਕੇ ਮਾਰ ਦਿੰਦਾ। ਗੈਂਗਸਟਰ ਨੇ ਆਖਿਆ ਸਾਨੂੰ ਕਿਸੇ ਦੇ ਮੈਡਲ ਦੀ ਲੋੜ ਨਹੀਂ, ਅਸੀਂ ਬੁਰੇ ਹਾਂ ਅਤੇ ਮਾੜੇ ਹੀ ਰਹਾਂਗੇ। ਅਸੀਂ ਆਪਣੇ ਭਾਈਚਾਰੇ ਲਈ ਜੋ ਵੀ ਕਰ ਸਕਦੇ ਹਾਂ, ਕਰਾਂਗੇ। ਦੀਪ ਸਿੱਧੂ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਦਾ ਸੀ ਅਤੇ ਗੁਰਪ੍ਰੀਤ ਉਨ੍ਹਾਂ ਲੋਕਾਂ ਨੂੰ ਗਲਤ ਕਹਿੰਦਾ ਸੀ ਜੋ ਸਮਾਜ ਲਈ ਕੰਮ ਕਰ ਰਹੇ ਹਨ।" ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਮਾਮਲੇ 'ਚ ਅੱਗੇ ਕੀ ਨਵਾਂ ਮੋੜ ਆਵੇਗਾ।