ਲੁਧਿਆਣਾ: ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵੱਲੋਂ ਅੱਜ ਪੁਲਿਸ ਵੱਲੋਂ ਉਹਨਾਂ 'ਤੇ ਨਗਰ ਨਿਗਮ ਦਫਤਰ ਦੇ ਦਰਵਾਜ਼ੇ 'ਤੇ ਤਾਲਾ ਲਾਉਣ ਤੋਂ ਬਾਅਦ ਕੀਤੀ ਐੱਫਆਈਆਰ ਉਪਰੰਤ ਪ੍ਰੈਸ ਕਾਨਫਰਸ ਕੀਤੀ ਗਈ। ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਐੱਫਆਈਆਰ ਤੋਂ ਡਰਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਸਾਡੇ ਲਈ ਇਹ ਤਗਮੇ ਹਨ, ਇਸ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਪਹਿਲਾ ਕਦੇ ਨਹੀਂ ਹੋਈ ਸੀ, ਜਿੰਨੀ ਹੁਣ ਹੋ ਰਹੀ ਹੈ।
ਸਰਕਾਰ ਦੇ ਦਫ਼ਤਰਾਂ 'ਚ ਹੋ ਰਹੀਆਂ ਧਾਂਦਲੀਆਂ: ਸਾਂਸਦ ਬਿੱਟੂ ਨੇ ਕਿਹਾ ਕਿ ਮੀਡੀਆ 'ਤੇ ਵੀ ਸਰਕਾਰ ਦਬਾਅ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਐੱਫਆਈਆਰ ਤੋਂ ਨਹੀਂ ਡਰਦੇ ਤੇ ਉਹ ਸਾਰੇ ਹੀ ਗ੍ਰਿਫਤਾਰੀ ਦੇਣ ਲਈ ਤਿਆਰ ਬਰ ਤਿਆਰ ਹਨ। ਐਮਪੀ ਬਿੱਟੂ ਨੇ ਕਿਹਾ ਕਿ ਜੋ ਧਾਂਦਲੀਆਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਹੋ ਰਹੀਆਂ ਹਨ, ਉਹਨਾਂ ਦੇ ਖਿਲਾਫ ਉਹ ਆਵਾਜ਼ ਚੁੱਕਦੇ ਰਹਿਣਗੇ ਅਤੇ ਲੋੜ ਪੈਣ 'ਤੇ ਉਹਨਾਂ ਦਫਤਰਾਂ ਦੇ ਬਾਹਰ ਵੀ ਤਾਲੇ ਲਾਉਣਗੇ। ਇਸ ਦੌਰਾਨ ਸੰਜੇ ਤਲਵਾਰ ਨੇ ਕਿਹਾ ਕਿ ਉਹ ਆਪ ਸਰਕਾਰ ਵੱਲੋਂ ਕੀਤੇ ਗਏ ਕੰਮ ਅਤੇ ਸਾਡੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਸਬੰਧੀ ਕਿਤੇ ਵੀ ਮੁੱਦਿਆਂ 'ਤੇ ਬਹਿਸ ਕਰਨ ਲਈ ਤਿਆਰ ਹਨ।
'ਭਗੌੜਿਆਂ ਦੀ ਆਮ ਆਦਮੀ ਪਾਰਟੀ': ਇਸ ਮੌਕੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗੌੜੇ ਦੀਆਂ ਸਰਕਾਰ ਕਿਹਾ ਤੇ ਨਾਲ ਹੀ ਕਿਹਾ ਕਿ ਇਹਨਾਂ ਦਾ ਅਰਵਿੰਦ ਕੇਜਰੀਵਾਲ ਭਗੌੜਾ ਹੈ। ਅੱਠਵੀਂ ਵਾਰ ਉਸ ਨੂੰ ਸੰਮਨ ਕੀਤਾ ਜਾ ਚੁੱਕਾ ਹੈ, ਉੱਥੇ ਹੀ ਉਹਨਾਂ ਕਿਹਾ ਕਿ ਇਹ ਹੁਣ ਖੁਦ ਈਡੀ ਤੋਂ ਡਰਦੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਸਰਕਾਰ ਕਿਸੇ ਨੂੰ ਕੰਮ ਨਹੀਂ ਕਰਨ ਦੇ ਰਹੀ ਅਤੇ ਨਾ ਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀ ਨਗਰ ਨਿਗਮਾਂ ਦੇ ਵਿੱਚ ਕੰਮ ਨਹੀਂ ਹੋ ਰਹੇ ਅਤੇ ਲੋਕ ਖੱਜਲ ਖੁਆਰ ਹੋ ਰਹੇ ਹਨ।
ਕੰਮ 'ਚ ਰੁਕਾਵਣ ਪਾਉਣ ਵਾਲੇ 'ਤੇ ਕਾਰਵਾਈ ਯਕੀਨੀ: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਜਿੱਥੇ ਪ੍ਰੈੱਸ ਕਾਨਫਰੰਸ ਕਰਕੇ ਅੱਜ ਆਮ ਆਦਮੀ ਪਾਰਟੀ 'ਤੇ ਸਵਾਲ ਖੜੇ ਕੀਤੇ ਗਏ ਤੇ ਆਮ ਆਦਮੀ ਪਾਰਟੀ ਨੂੰ ਭਗੌੜਾ ਕਿਹਾ ਗਿਆ, ਉੱਥੇ ਹੀ ਉਸ ਦਾ ਠੋਕਵਾਂ ਜਵਾਬ ਦਿੰਦੇ ਹੋਏ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਕੰਮਾਂ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰੀ ਕੰਮਾਂ ਦੇ ਵਿੱਚ ਕੋਈ ਵਿਘਨ ਪਵੇਗਾ ਤਾਂ ਕਾਰਵਾਈ ਹੋਵੇਗੀ। ਉੱਥੇ ਹੀ ਦੁਕਾਨਾਂ ਸੀਲ ਕਰਨ ਦੇ ਮਾਮਲੇ 'ਤੇ ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਇਹ ਗਲਤ ਕੰਮ ਹੋਏ ਸਨ। ਜਦੋਂ ਕਿ ਅਸੀਂ ਉਹਨਾਂ ਕੰਮਾਂ ਨੂੰ ਸੁਧਾਰ ਰਹੇ ਹਾਂ।
ਇੱਕ ਸੀਟ 'ਤੇ ਚਾਰ ਤੋਂ ਪੰਜ ਉਮੀਦਵਾਰ: ਉੱਥੇ ਹੀ ਵਿਧਾਇਕ ਗੋਗੀ ਨੇ ਬੱਸਾਂ ਨੂੰ ਲੈ ਕੇ ਵੀ ਕਿਹਾ ਕਿ ਅਸੀਂ ਬੱਸਾਂ ਲੋਕਾਂ ਦੀ ਸੇਵਾ ਲਈ ਲਗਾਈਆਂ ਹਨ, ਉਹਨਾਂ 'ਤੇ ਕਲੀਨਿਕ ਓਨ ਵੀਲ ਚਲਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਅਸੀਂ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਉੱਥੇ ਹੀ ਉਮੀਦਵਾਰ ਨਾ ਮਿਲਣ ਸਬੰਧੀ ਬਿੱਟੂ ਦੇ ਦਿੱਤੇ ਬਿਆਨ 'ਤੇ ਉਹਨਾਂ ਕਿਹਾ ਕਿ ਸਾਡੇ ਕੋਲ ਇੱਕ ਲੋਕ ਸਭਾ ਸੀਟ 'ਤੇ ਚਾਰ-ਚਾਰ, ਪੰਜ-ਪੰਜ ਉਮੀਦਵਾਰ ਹਨ।