ਬਠਿੰਡਾ: ਜ਼ਿਲ੍ਹੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ, ਉੱਥੇ ਹੀ ਲੋਕਾਂ ਨਾਲ ਮਿਲਣ ਤੋਂ ਬਾਅਦ ਆਪ ਸਰਕਾਰ ਸਣੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਉਨ੍ਹਾਂ ਨੇ ਕਿਹਾ ਕਿ, "ਪੰਜਾਬ ਦੇ ਮੁੱਖ ਮੰਤਰੀ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ, ਜੋ ਨਸ਼ੇ ਦੇ ਖਿਲਾਫ ਗੱਲਾਂ ਕਰਦਾ ਸੀ, ਉਹ ਹੁਣ ਦਿੱਲੀ ਜਾ ਕੇ ਸ਼ਰਾਬ ਘੁਟਾਲਾ ਕਰਨ ਵਾਲੇ ਦੇ ਹੱਕ ਵਿੱਚ ਧਰਨੇ ਲਗਾ ਰਿਹਾ ਹੈ।"
ਆਪਣੇ ਆਕਾ ਨੂੰ ਖੁਸ਼ ਕਰਨ 'ਚ ਲੱਗਿਆ ਮਾਨ : ਸ਼ਰਾਬ ਨਾਲ 20 ਲੋਕਾਂ ਦੀ ਹੋਈ ਮੌਤ ਉੱਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਵੱਡੇ ਵੱਡੇ ਬਿਆਨ ਅਤੇ ਦਾਅਵੇ ਕਰਦਾ ਸੀ, ਪਰ ਚੋਣਾਂ ਤੋਂ ਬਾਅਦ ਇਨ੍ਹਾਂ ਦਾ ਦੋਗਲਾ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਕਹਿੰਦਾ ਸੀ ਕਿ 302 ਦਾ ਮਾਮਲਾ ਦਰਜ ਹੋਵੇ, ਮ੍ਰਿਤਕ ਪਰਿਵਾਰਾਂ ਨੂੰ ਇੱਕ ਕਰੋੜ ਇੱਕ ਕਰੋੜ ਦਾ ਮੁਆਵਜਾ ਮਿਲੇ, ਨੌਕਰੀ ਮਿਲੇ ਪਰ ਜਦੋਂ ਅੱਜ ਉਸ ਦੇ ਹਲਕੇ ਵਿੱਚ 20 ਲੋਕਾਂ ਤੋਂ ਵੱਧ ਦੀ ਮੌਤਾਂ ਹੋ ਗਈਆਂ, ਤਾਂ ਉਨ੍ਹਾਂ ਦਾ ਦਰਦ ਜਾਣਨ ਲਈ ਉਸ ਕੋਲ ਸਮਾਂ ਨਹੀਂ ਹੈ ਅਤੇ ਆਪਣੇ ਆਕਾ ਨੂੰ ਬਚਾਉਣ ਲਈ ਦਿੱਲੀ ਧਰਨੇ ਲਗਾ ਰਿਹਾ ਹੈ।
ਅਮਨ ਅਰੋੜਾ ਨੂੰ ਵੀ ਕੀਤੇ ਸਵਾਲ : ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਦਾ ਮੰਤਰੀ ਕਹਿ ਰਿਹਾ ਹੈ ਕਿ ਤੁਸੀਂ ਠੇਕਿਆਂ ਤੋਂ ਸ਼ਰਾਬ ਕਿਉਂ ਨਹੀਂ ਲੈਂਦੇ। ਉਨ੍ਹਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਵਾਲ ਕਰਦੇ ਕਿਹਾ ਕਿ ਜੋ ਕੰਪਨੀਆਂ ਨਜਾਇਜ਼ ਸ਼ਰਾਬ ਬਣਾ ਰਹੀਆਂ ਹਨ, ਉਨ੍ਹਾਂ ਨੂੰ ਫੜਨਾ ਸਰਕਾਰ ਦਾ ਕੰਮ ਹੈ ਜਾਂ ਇਨ੍ਹਾਂ ਗਰੀਬ ਲੋਕਾਂ ਦਾ? ਉਨ੍ਹਾਂ ਕਿਹਾ ਕਿ ਕੀ ਪੁਲਿਸ ਦੀਆਂ ਅੱਖਾਂ ਉੱਤੇ ਪੱਟੀ ਬੰਨੀ ਹੋਈ ਸੀ, ਜੋ ਸ਼ਰਾਬ ਪੰਜਾਬ ਦੀ ਹੱਦ ਅੰਦਰ ਆਈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਹਰਪਾਲ ਚੀਮਾ ਤੱਕ ਵੀ ਪੀੜਤ ਪਰਿਵਾਰਾਂ ਦਾ ਹਾਲ ਲੈਣ ਨਹੀਂ ਪਹੁੰਚੇ। ਉਨ੍ਹਾਂ ਕਿਹਾ ਇਹ ਸਾਰੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਇਹ ਸਾਰੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੇ ਹਨ। ਕੁਰਸੀਆਂ ਲਈ ਸੀਐਮ ਮਾਨ ਨੇ ਝੂਠੇ ਵਾਅਦੇ ਅਤੇ ਝੂਠੀਆਂ ਸੌਂਹਾਂ ਖਾਧੀਆਂ। ਸੰਗਰੂਰ ਪੀੜਤਾਂ ਦਾ ਹਾਲ ਪੁੱਛਣ ਦਾ ਸਮਾਂ ਮੁੱਖ ਮੰਤਰੀ ਨੂੰ 5 ਦਿਨਾਂ ਬਾਅਦ ਲੱਗਾ ਹੈ।