ਮੋਗਾ : ਪੰਜਾਬ ਪੁਲਿਸ ਉੱਤੇ ਇੱਕ ਵਾਰ ਫਿਰ ਤੋਂ ਰਿਸ਼ਵਤਖ਼ੋਰੀ ਦਾ ਦਾਗ ਲੱਗ ਗਿਆ ਹੈ। ਦਰਅਸਲ ਮੋਗਾ ਦੀ ਮਹਿਲਾ ਐੱਸਐੱਚਓ ਅਰਸ਼ਪ੍ਰੀਤ ਕੌਰ ਗਰੇਵਾਲ ਉੱਤੇ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਕੇ ਰਿਹਾ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ, ਥਾਣਾ ਕੋਟ ਇਸੇ ਖਾਂ ਦੀ ਐੱਸਐੱਚਓ ਸਮੇਤ ਪੰਜ ਵਿਅਕਤੀਆਂ ਦੇ ਉੱਪਰ ਨਸ਼ਾ ਤਸਕਰਾਂ ਦੀ ਮਦਦ ਕਰਨ ਅਤੇ ਰਿਸ਼ਵਤ ਲੈਣ ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਨਸ਼ਾ ਤਸਕਰ ਦੀ ਸ਼ਿਕਾਇਤ 'ਤੇ ਹੋਇਆ ਮਾਮਲਾ ਦਰਜ
ਮਿਲੀ ਜਾਣਕਾਰੀ ਮੁਤਾਬਿਕ ਥਾਣਾ ਕੋਟ ਇਸੇ ਖਾਂ ਵਿਖੇ ਤਾਇਨਾਤ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ 1 ਅਕਤੂਬਰ ਨੂੰ ਕੋਟ ਈਸੇ ਖਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਉਸ ਦੌਰਾਨ ਪਿੰਡ ਦਾਤੇ ਵਾਲਾ ਦੇ ਰਹਿਣ ਵਾਲੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਵਿੱਚ ਅਮਰਜੀਤ ਸਿੰਘ ਦੇ ਉੱਪਰ ਦੋ ਕਿੱਲੋ ਅਫੀਮ ਦਾ ਮਾਮਲਾ ਦਰਜ ਕੀਤਾ ਗਿਆ ਸੀ, ਮੁਲਜ਼ਮ ਅਮਰਜੀਤ ਦੇ ਦੱਸਣ ਦੇ ਮੁਤਾਬਿਕ ਉਸ ਦੇ ਨਾਲ ਉਸ ਦਾ ਭਰਾ ਹਰਭਜਨ ਸਿੰਘ ਅਤੇ ਉਸਦਾ ਭਤੀਜਾ ਗੁਰਪ੍ਰੀਤ ਸਿੰਘ ਵੀ ਸਨ, ਜਿਨਾਂ ਕੋਲ ਤਿੰਨ ਕਿੱਲੋ ਅਫੀਮ ਸੀ।
ਰਿਸ਼ਵਤ ਲੈਕੇ ਮਾਮਲੇ ਚੋਂ ਕੱਢਿਆ ਨਾਮ
ਉਸ ਨੇ ਦੱਸਿਆ ਕਿ ਥਾਣਾ ਮੁਖੀ ਕੋਟ ਇਸੇ ਖਾਂ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਮੁੱਖ ਮੁਨਸ਼ੀ ਕੋਟ ਇਸੇ ਖਾਂ ਗੁਰਪ੍ਰੀਤ ਸਿੰਘ ਅਤੇ ਮੁੱਖ ਮੁਨਸ਼ੀ ਚੌਂਕੀ ਬਲਖੰਡੀ ਰਾਜਪਾਲ ਨੇ ਮਿਲ ਕੇ ਕਿਸੇ ਪ੍ਰਾਈਵੇਟ ਵਿਅਕਤੀ ਦੇ ਨਾਲ 8 ਲੱਖ ਰੁਪਏ ਦਾ ਸੌਦਾ ਕੀਤਾ। ਜਿਸ ਵਿੱਚੋਂ ਪੰਜ ਲੱਖ ਰੁਪਏ ਇਨ੍ਹਾਂ ਵੱਲੋਂ ਲੈ ਲਏ ਗਏ ਅਤੇ ਮੇਰੇ ਇੱਕਲੇ ਉੱਤੇ ਮਾਮਲਾ ਦਰਜ ਕਰ ਦਿੱਤਾ। ਡੀਐਸਪੀ ਰਮਨਦੀਪ ਸਿੰਘ ਵੱਲੋਂ ਤਫਤੀਸ਼ ਤੋਂ ਬਾਅਦ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁਨਸ਼ੀ ਗੁਰਪ੍ਰੀਤ ਸਿੰਘ, ਚੌਕੀ ਇੰਚਾਰਜ ਬਲਖੰਡੀ, ਅਫੀਮ ਤਸਕਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮੁੱਖ ਮੰਤਰੀ ਨਾਲ ਵੀਡੀਓ ਕਾਲ ਕਰਨ 'ਤੇ ਹੋਈ ਸੀ ਚਰਚਾ
ਜ਼ਿਕਰਯੋਗ ਹੈ ਕਿ ਐਸਐਚਓ ਅਰਸ਼ਪ੍ਰੀਤ ਨੇ ਜ਼ਿਆਦਾਤਰ ਸਮਾਂ ਲੁਧਿਆਣਾ ਵਿੱਚ ਹੀ ਡਿਊਟੀ ਕੀਤੀ ਹੈ। ਥਾਣਾ ਬਸਤੀ ਜੋਧੇਵਾਲ ਅਤੇ ਡਵੀਜ਼ਨ ਨੰਬਰ 2 ਵਿੱਚ ਐਸਐਚਓ ਵਜੋਂ ਕੰਮ ਕੀਤਾ। ਦੱਸਿਆ ਜਾਂਦਾ ਹੈ ਕਿ ਅਰਸ਼ਪ੍ਰੀਤ ਲੁਧਿਆਣਾ ਦੀ ਪਹਿਲੀ ਕੋਰੋਨਾ ਵਾਰੀਅਰ ਸੀ। ਅਰਸ਼ਪ੍ਰੀਤ ਪਹਿਲਾ ਐਸਐਚਓ ਹੈ ਜਿਸ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਕੋਵਿਡ ਨਾਲ ਲੜਨ ਲਈ ਸ਼ਲਾਘਾ ਕੀਤੀ।