ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੀਆਂ ਦੋ ਗੱਡੀਆਂ ਨੂੰ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਲਿਆਉਣ ਵਾਲਾ ਭਾਰਤ ਦੇ ਵਿੱਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਾਂਹ ਵਧੂ ਸੋਚ ਦੇ ਸਦਕਾ ਇਹ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਇਹ ਸਭ ਚੀਜ਼ਾਂ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸਨ ਪਰ ਹੁਣ ਪੰਜਾਬ ਦੇ ਵਿੱਚ ਵੀ ਸੜਕ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉੱਥੇ ਹੀ ਵਿਧਾਇਕ ਰਾਏ ਨੇ ਕਿਹਾ ਕਿ ਇਸ ਫੋਰਸ ਦੇ ਨਾਲ ਸੜਕੀ ਆਵਾਜਾਈ ਵੀ ਕੰਟਰੋਲ ਹੋਵੇਗੀ । ਇੱਥੇ ਲੋਕਾਂ ਨੂੰ ਵੀ ਇਸ ਦਾ ਬਹੁਤ ਲਾਭ ਹੋਵੇਗਾ।
ਮੌਤਾਂ ਦਾ ਮੁੱਦਾ : ਇਸ ਮੌਕੇ ਐਸਪੀ ਰਕੇਸ਼ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਹ ਨਵੀਂ ਪਹਿਲ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸੜਕਾਂ 'ਤੇ ਹੋ ਰਹੇ ਹਾਦਸਿਆਂ 'ਤੇ ਵੀ ਕੰਟਰੋਲ ਹੋਵੇਗਾ। ਉਹਨਾਂ ਨੇ ਕਿਹਾ ਕਿ ਸੜਕ ਹਾਦਸਿਆਂ ਦੇ ਵਿੱਚ ਹੋਈਆਂ ਮੌਤਾਂ ਦਾ ਮੁੱਦਾ ਸ਼ੈਸ਼ਨ ਦੇ ਵਿੱਚ ਵੀ ਉਠਾਇਆ ਜਾਂਦਾ ਰਹਿੰਦਾ ਸੀ। ਉਹਨਾਂ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਦੋ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆ ਭੇਜੀਆਂ ਗਈਆਂ ਹਨ। ਜਿਹੜੀਆਂ 24 ਘੰਟੇ ਡਿਊਟੀ 'ਤੇ ਰਹਿਣਗੀਆਂ। ਫਤਿਹਗੜ੍ਹ ਜ਼ਿਲ੍ਹੇ ਨੂੰ ਪੰਜ ਗੱਡੀਆਂ ਮਿਲੀਆਂ ਹਨ ਅਤੇ 70 ਦੇ ਕਰੀਬ ਮੁਲਾਜ਼ਮ ਮਿਲੇ ਹਨ, ਜੋ ਹਰ ਸਮੇਂ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ। ਉਹਨਾਂ ਨੇ ਦੱਸਿਆ ਕਿ ਇਹਨਾਂ ਗੱਡੀਆ ਦਾ ਤਾਲਮੇਲ ਨਾਲ ਲੱਗਦੇ ਥਾਣਿਆਂ ਅਤੇ ਪੁਲਿਸ ਚੌਕੀਆਂ ਦੇ ਨਾਲ ਰਹੇਗਾ। ਉਥੇ ਹੀ ਐਬੂਲੈਸਾਂ ਦੇ ਨਾਲ ਵੀ ਇਹਨਾਂ ਦਾ ਤਾਲਮੇਲ ਕਾਇਮ ਕੀਤਾ ਜਾਵੇਗਾ ਤਾਂ ਜੋ ਸੜਕ ਹਾਦਸਿਆਂ ਵਿੱਚ ਲੋਕਾਂ ਨੂੰ ਮੁਢਲੀ ਸਹਾਇਤਾ ਦੇ ਕੇ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕੇ।