ਸ੍ਰੀ ਮੁਕਤਸਰ ਸਾਹਿਬ: ਮੁਕਤਸਰ-ਬਠਿੰਡਾ ਹਾਈਵੇਅ ’ਤੇ ਅੱਜ ਪਿੰਡ ਦੋਦਾ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਚਚੇਰੀ ਭੈਣ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾ ਦੀ ਪਛਾਣ 47 ਸਾਲਾ ਮਮਤਾ ਰਾਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਮ੍ਰਿਤਕਾ ਕਾਰ ਦੀ ਅਗਲੀ ਸੀਟ ’ਤੇ ਬੈਠੀ ਸੀ।
ਕਦੋਂ ਵਾਪਰਿਆ ਹਾਦਸਾ
ਇਹ ਹਾਦਸਾ ਪਿੰਡ ਦੋਦਾ ਨੇੜੇ ਵਾਪਰਿਆ ਜਦੋਂ ਮਮਤਾ ਰਾਣੀ ਤੇ ਹੋਰ ਲੋਕ ਜਲਾਲਾਬਾਦ ਦੇ ਪਿੰਡ ਮੋਹਲਵੀ ਵਾਲਾ ਤੋਂ ਬਠਿੰਡਾ ਜਾ ਰਹੇ ਸਨ। ਦੋਦਾ ਪਿੰਡ ਨੇੜੇ ਉਸ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿੱਚ ਤਿੰਨ ਜ਼ਖ਼ਮੀਆਂ ਵਿੱਚ ਦੋ ਔਰਤਾਂ ਸ਼ਾਮਲ ਹਨ, ਜੋ ਕਿ ਪਿੰਡ ਮੋਲਵੀ ਵਾਲਾ ਦੇ ਸਰਪੰਚ ਅਮਰੀਕ ਸਿੰਘ ਦੀ ਪਤਨੀ ਸੀ।
ਵਿਧਾਇਕ ਵੱਲੋਂ ਚੋਣ ਪ੍ਰਚਾਰ ਬੰਦ
ਕਾਬਲੇਜ਼ਿਕਰ ਹੈ ਕਿ ਸਾਰੇ ਜ਼ਖਮੀਆਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਮਤਾ ਰਾਣੀ ਆਪਣੇ ਪਿਤਾ ਨੂੰ ਮਿਲਣ ਲਈ ਬਠਿੰਡਾ ਦੇ ਹਸਪਤਾਲ ਜਾ ਰਹੀ ਸੀ, ਜਿੱਥੇ ਉਸ ਦੇ ਪਿਤਾ ਦਾ ਇਲਾਜ ਚੱਲ ਰਿਹਾ ਹੈ। ਮਮਤਾ ਰਾਣੀ ਧਨੀ ਮੋਹਰੀ ਰਾਮ ਦੇ ਸਰਪੰਚ ਸੁਧੀਰ ਕੰਬੋਜ ਦੀ ਭੈਣ ਵੀ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਦਿੱਲੀ 'ਚ ਚੋਣ ਪ੍ਰਚਾਰ ਕਰ ਰਹੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਆਪਣਾ ਪ੍ਰੋਗਰਾਮ ਬੰਦ ਕਰਕੇ ਤੁਰੰਤ ਮੌਕੇ 'ਤੇ ਰਵਾਨਾ ਹੋ ਗਏ । ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।