ਮਾਨਸਾ: ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮਾਨਸਾ ਵਾਸੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਤੋਂ ਬਾਅਦ ਵਿਧਾਇਕ ਨੇ ਸੀਵਰੇਜ ਦੇ ਹੱਲ ਲਈ 40.71 ਕਰੋੜ ਜਾਰੀ ਹੋਣ ਦਾ ਦਾਅਵਾ ਕੀਤਾ ਹੈ। ਜਿਸ ਦਾ 15 ਫਰਵਰੀ ਤੱਕ ਟੈਂਡਰ ਲੱਗਣ ਦਾ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਹੈ। ਉਧਰ ਸੀਵਰੇਜ ਦੇ ਹੱਲ ਲਈ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਵੱਲੋਂ ਬਹੁਤ ਵਾਰ ਭਰੋਸਾ ਦਿੱਤਾ ਗਿਆ ਹੈ ਪਰ ਜਦੋਂ ਕੰਮ ਚੱਲੇਗਾ ਉਦੋਂ ਹੀ ਯਕੀਨ ਆਵੇਗਾ।
ਸੀਵਰੇਜ ਦੇ ਹੱਲ ਲਈ 40.71 ਕਰੋੜ ਰੁਪਏ ਜਾਰੀ ਕਰਨ ਦਾ ਦਾਅਵਾ
ਮਾਨਸਾ ਸ਼ਹਿਰ ਵਾਸੀਆਂ ਦੇ ਲਈ ਵੱਡੀ ਸੀਵਰੇਜ ਦੀ ਸਮੱਸਿਆ ਸਮੱਸਿਆ ਲੰਬੇ ਸਮੇਂ ਤੋਂ ਬਣੀ ਹੋਈ ਹੈ ਅਤੇ ਇਸ ਨੂੰ ਲੈ ਕੇ ਵੀ ਸ਼ਹਿਰ ਵਾਸੀਆਂ ਦਾ ਮਾਨਸਾ ਦੇ ਬੱਸ ਸਟੈਂਡ ਚੌਂਕ ਵਿੱਚ ਧਰਨਾ ਪ੍ਰਦਰਸ਼ਨ ਵੀ ਲਾਗਾਤਾਰ ਜਾਰੀ ਹੈ ਅਤੇ 26 ਜਨਵਰੀ ਗਣਤੰਤਰ ਦਿਵਸ ਤੇ ਵੀ ਸ਼ਹਿਰ ਵਾਸੀਆਂ ਵੱਲੋਂ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਾਨਸਾ ਦੀ ਵਿਧਾਇਕ ਡਾਕਟਰ ਵਿਜੈ ਸਿੰਗਲਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਵੱਲੋਂ ਸੀਵਰੇਜ ਦੇ ਹੱਲ ਲਈ 40.71 ਕਰੋੜ ਰੁਪਏ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ।
'ਸੀਵਰੇਜ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਪੋਜਲ ਤਿਆਰ'
ਉਹਨਾਂ ਕਿਹਾ ਕਿ ਮਾਨਸਾ ਦੀ ਸੀਵਰੇਜ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਪੋਜਲ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਥਰਮਲ ਦੇ ਵਿੱਚ ਸੀਵਰੇਜ ਦਾ ਪਾਣੀ ਲੈ ਕੇ ਜਾਣ ਦੀ ਗੱਲ ਚੱਲ ਰਹੀ ਸੀ ਪਰ ਥਰਮਲ ਵੱਲੋਂ 65 ਕਰੋੜ ਰੁਪਏ ਦਾ ਪ੍ਰੋਜੈਕਟ ਲਗਾਉਣ ਅਤੇ ਹਰ ਸਾਲ 20 ਕਰੋੜ ਰੁਪਏ ਥਰਮਲ ਨੂੰ ਦੇਣ ਦੇ ਲਈ ਡਿਮਾਂਡ ਰੱਖੀ ਗਈ ਸੀ। ਉਹਨਾਂ ਕਿਹਾ ਕਿ ਜਿੰਨਾ ਪਾਣੀ ਥਰਮਲ ਨੂੰ ਚਾਹੀਦਾ ਸੀ ਉਹਨਾਂ ਪਾਣੀ ਮਾਨਸਾ ਦੇ ਵਿੱਚੋਂ ਨਹੀਂ ਜਾਂਦਾ, ਜਿਸ ਕਾਰਨ ਇਹ ਪ੍ਰਪੋਜਲ ਨਹੀਂ ਬਣ ਸਕੀ ਪਰ ਸਰਕਾਰ ਨੇ ਹੁਣ ਸੀਵਰ ਪਾਣੀ ਨੂੰ ਚੋਆ ਵਿੱਚ ਲੈ ਕੇ ਜਾਣ ਦੇ ਲਈ 40.71ਕਰੋੜ ਜਾਰੀ ਕੀਤੇ ਹਨ ਅਤੇ 15 ਫਰਵਰੀ ਤੋਂ ਪਹਿਲਾਂ ਇਸਦੇ ਟੈਂਡਰ ਲੱਗ ਜਾਣਗੇ ਤੇ ਮਾਰਚ ਦੇ ਪਹਿਲੇ ਹਫਤੇ ਹੀ ਕੰਮ ਸ਼ੁਰ ਕਰਨ ਦਾ ਭਰੋਸਾ ਦਿੱਤਾ ਹੈ।
'ਜਦੋਂ ਇਹ ਕੰਮ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਹੀ ਵਿਧਾਇਕ ਦੀਆਂ ਗੱਲਾਂ ਤੇ ਯਕੀਨ ਹੋਵੇਗਾ'
ਉਧਰ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਵੱਲੋਂ ਬਹੁਤ ਵਾਰ ਭਰੋਸਾ ਦਿੱਤਾ ਗਿਆ ਹੈ। ਜੇਕਰ ਸਰਕਾਰ ਵੱਲੋਂ ਪੈਸਾ ਜਾਰੀ ਕਰ ਦਿੱਤਾ ਹੈ ਤਾਂ ਉਸ ਦਾ ਧੰਨਵਾਦ ਕਰਦੇ ਹਾਂ ਪਰ ਜਦੋਂ ਇਹ ਕੰਮ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਹੀ ਵਿਧਾਇਕ ਦੀਆਂ ਗੱਲਾਂ ਤੇ ਯਕੀਨ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਸ਼ਹਿਰ ਵਾਸੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ।