ਬਠਿੰਡਾ: ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਆਪਣੀਆਂ ਅਹਿਮ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਮਸਲੇ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਪਰ ਕੇਂਦਰ ਸਰਕਾਰ ਅਤੇ ਹਰਿਆਣਾ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਰਡਰਾਂ ਉੱਤੇ ਰੋਕਣ ਲਈ ਜਬਰਦਸਤ ਰੋਕਾਂ ਲਾਈਆਂ ਗਈਆਂ। ਵਿਰੋਧ ਕਰਨ ਵਾਲੇ ਕਿਸਾਨਾਂ ਉੱਤੇ ਤਸ਼ੱਦਦ ਕੀਤਾ ਗਿਆ, ਜਿਸ ਕਰਕੇ ਇੱਕ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਸੈਂਕੜੇ ਕਿਸਾਨ ਜ਼ਖ਼ਮੀ ਵੀ ਹੋ ਗਏ ਹਨ।
ਹੱਕ ਮੰਗਦੇ ਕਿਸਾਨਾਂ ਉੱਤੇ ਕੀਤੇ ਜਾ ਰਹੇ ਤਸ਼ੱਦਦ ਵਿਰੁੱਧ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਬਠਿੰਡਾ ਵਿੱਚ ਰਲਿਆ-ਮਿਲਿਆ ਅਸਰ ਵਿਖਾਈ ਦਿੱਤਾ। ਬਠਿੰਡਾ ਵਿੱਚ ਬਜ਼ਾਰ ਆਮ ਦੀ ਤਰ੍ਹਾਂ ਖੁੱਲੇ ਰਹੇ ਮੰਡੀਆਂ ਵਿੱਚ ਬਜ਼ਾਰ ਬੰਦ ਰਹੇ ਪਰ ਪ੍ਰਾਈਵੇਟ ਟਰਾਂਸਪੋਰਟਰਾਂ ਅਤੇ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਅਤੇ ਵਿਰੋਧ ਵਿੱਚ ਹੜਤਾਲ ਕੀਤੀ ਗਈ।
ਕਿਸਾਨਾਂ ਦੇ ਸੰਘਰਸ਼ ਵਿੱਚ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਡੱਟ ਕੇ ਸਹਿਯੋਗ ਦਿੱਤਾ ਗਿਆ। ਬਠਿੰਡਾ ਦੇ ਘਨੱਈਆ ਚੌਂਕ ਵਿੱਚ ਭਰਾਤਰੀ ਜਥੇਬੰਦੀਆਂ ਵੱਲੋਂ ਸਾਰੀਆਂ ਨੈਸ਼ਨਲ ਹਾਈਵੇ ਸੜਕਾਂ ਉੱਤੇ ਜਾਮ ਲਾ ਕੇ ਪ੍ਰਦਰਸ਼ਨ ਕੀਤੇ ਗਏ। ਬਠਿੰਡਾ ਦੇ ਬੱਲੂਆਣਾ ਜੀਤਾ ਭੁੱਚੋ ਟੋਲ ਪਲਾਜਿਆਂ ਉੱਤੇ ਕਿਸਾਨ ਜਥੇਬੰਦੀਆਂ ਖਾਸ ਕਰਕੇ ਉਗਰਾਹਾਂ ਗਰੁੱਪ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਅਤੇ ਟੋਲ ਪਲਾਜੇ ਵੀ ਮੁਫਤ ਕਰਵਾਏ ਗਏ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰਦੇ ਹੋਏ ਕਿਸਾਨਾਂ ਉੱਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਵੀ ਮੰਗੀ ਕੀਤੀ ਗਈ।
ਘਨੱਈਆ ਚੌਂਕ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਬੇਰੁਜ਼ਗਾਰ ਜਥੇਬੰਦੀਆਂ ਵੱਲੋਂ ਵੀ ਪ੍ਰਦਰਸ਼ਨ ਕੀਤੇ ਗਏ। ਕਿਸਾਨਾਂ ਮੁਤਾਬਿਕ ਉਨ੍ਹਾਂ ਨਾਲ ਦੋਗਲੇ ਵਿਹਾਰ ਤਹਿਤ ਤਸ਼ੱਦਦ ਕੀਤਾ ਜਾ ਰਿਹਾ ਹੈ, ਜਦੋਂ ਕਿ ਸੰਵਿਧਾਨ ਮੁਤਾਬਕ ਹੱਕ ਮੰਗਣੇ ਹਰ ਜਥੇਬੰਦੀ ਦਾ ਹੱਕ ਹੈ ਪਰ ਦਿੱਲੀ ਕੂਚ ਕਰਦੇ ਕਿਸਾਨਾਂ ਉੱਤੇ ਜਿਸ ਤਰੀਕੇ ਨਾਲ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਤਸ਼ੱਦਦ ਕੀਤਾ ਗਿਆ ਹੈ ਇਹ ਇੱਕ ਘਨਾਉਣਾ ਅਪਰਾਧ ਹੈ, ਜਿਸ ਨੂੰ ਪੰਜਾਬ ਵਾਸੀ ਬਰਦਾਸ਼ਤ ਨਹੀਂ ਕਰਨਗੇ।